ਸਾਰੇ ਮਿਲ ਕੇ ਹੰਭਲਾ ਮਾਰੀਏ ਤਾਂ ਨਸ਼ੇ ਰੂਪੀ ਦੈਂਤ ਨੂੰ ਖਤਮ ਕੀਤੇ ਜਾ ਸਕਦੈ : ਪੂਜਨੀਕ ਗੁਰੂ ਜੀ
ਬਲਾਕ ਸੈਦੇਕੇ ਮੋਹਣ ਦੇ ਨਾਮਚਰਚਾ ਘਰ ’ਚ ਆਇਆ ਸਾਧ-ਸੰਗਤ ਦਾ ਹੜ੍
ਸਾਰੇ ਮਿਲ ਕੇ ਹੰਭਲਾ ਮਾਰੀਏ ਤਾਂ ਨਸ਼ੇ ਰੂਪੀ ਦੈਂਤ ਨੂੰ ਖਤਮ ਕੀਤੇ ਜਾ ਸਕਦੈ : ਪੂਜਨੀਕ ਗੁਰੂ ਜੀ
– ਬਲਾਕ ਸੈਦੇਕੇ ਮੋਹਣ ਦੇ ਨਾਮਚਰਚਾ ਘਰ ’ਚ ਆਇਆ ਸਾਧ-ਸੰਗਤ ਦਾ ਹੜ੍ਹ
– ਸਾਧ-ਸੰਗਤ ਲਈ ਕੀਤੇ ਪ੍ਰਬੰਧ ਪਏ ਛੋਟੇ
ਫਿਰੋਜ਼ਪੁਰ/ਸੈਦੇ ਕੇ ਮੋਹਣ, 1 ਨਵੰਬਰ। ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਸੈਦੇਕੇ ਮੋਹਣ ਦੇ ਨਾਮਚਰਚਾ ਘਰ ਵਿੱਚ ਅੱਜ ਜਿਵੇਂ ਸਾਧ-ਸੰਗਤ ਦਾ ਹੜ੍ਹ ਹੀ ਆ ਗਿਆ। ਚਾਰੇ ਪਾਸੇ ਸੰਗਤ ਹੀ ਸੰਗਤ ਨਜ਼ਰ ਆ ਰਹੀ ਸੀ। ਮੌਕਾ ਸੀ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਸ਼ੁਰੂਆਤ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਆਨਲਾਈਨ ਗੁਰੂਕਲ ਰਾਹੀਂ ਰੂਬਰੂ ਹੋਣ ਦਾ। ਇਸ ਮੌਕੇ ਸਤਿਸੰਗ ਲਈ ਵੱਡੀ ਗਿਣਤੀ ’ਚ ਪੁੱਜੀ ਸਾਧ-ਸੰਗਤ ਲਈ ਜਿੰਮੇਵਾਰਾਂ ਵੱਲੋਂ ਕੀਤੇ ਪ੍ਰਬੰਧ ਛੋਟੇ ਪੈ ਗਏ ਤੇ ਮੌਕੇ ’ਤੇ ਹੀ ਨਾਮਚਰਚਾ ਘਰ ਦੇ ਨਾਲ ਲਗਦੇ ਖੇਤਾਂ ’ਚ ਸੰਗਤ ਦੇ ਬੈਠਣ ਲਈ ਹੋਰ ਪ੍ਰਬੰਧ ਕਰਨੇ ਪਏ। ਲਗਭਗ 8 ਏਕੜ ’ਚ ਪੰਡਾਲ ਬਣਾ ਕੇ ਸਾਧ-ਸੰਗਤ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਸੀ।
ਇਸ ਦੇ ਨਾਲ ਸੜਕਾਂ ’ਤੇ ਵੀ ਸਾਧ-ਸੰਗਤ ਦੇ ਹੀ ਵਾਹਨ ਨਜ਼ਰ ਆ ਰਹੇ ਸਨ ਤੇ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਇਸ ਦੌਰਾਨ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਜ਼ਿਲ੍ਹਾ ਬਾਗਪਤ (ਯੂਪੀ) ਤੋਂ ਆਨਲਾਈਨ ਗੁਰੂਕੁਲ ਰਾਹੀਂ ਪੂਜਨੀਕ ਗੁਰੂ ਜੀ ਨੇ ਵੱਡੀ ਗਿਣਤੀ ’ਚ ਨਸ਼ਾ ਤੇ ਹੋਰ ਬੁਰਾਈਆਂ ਛੱਡਣ ਆਏ ਲੋਕਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਦੀ ਬਖਸ਼ਿਸ਼ ਕੀਤੀ।
ਇਸ ਮੌਕੇ ਪੂਜਨੀਕ ਗੁਰੂ ਜੀ ਨੇ ਵੱਖ-ਵੱਖ ਪਿੰਡਾਂ ’ਚੋਂ ਪਹੰੁਚੇ ਪੰਚਾਂ ਸਰਪੰਚਾਂ, ਅਫਸਰਾਂ ਤੇ ਵੱਡੀ ਗਿਣਤੀ ’ਚ ਜੁੜੀ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਫਰਮਾਇਆ ਕਿ ਅਸੀਂ ਸਾਰੇ ਇਕੋ ਹੀ ਕਟੁੰਬ ਹਾਂ, ਇੱਕ ਹੀ ਪਰਮ ਪਿਤਾ ਪਰਮਾਤਮਾ ਦੀ ਔਲਾਦ ਹਾਂ, ਸਾਰਿਆਂ ’ਚ ਇੱਕੋ ਜਿਹਾ ਖੂਨ ਹੈ , ਹਰ ਕਿਸੇ ਦਾ ਖੂਨ ਇੱਕ ਦੂਜੇ ਨੂੰ ਲੱਗ ਜਾਂਦੈ, ਚਾਹੇ ਉਹ ਕਿਸੇ ਵੀ ਜਾਤ ਦਾ ਹੋਵੇ, ਜਿੱਥੋਂ ਪਤਾ ਲੱਗਦੈ ਕਿ ਅਸੀਂ ਸਾਰੇ ਇੱਕ ਹਾਂ, ਮਨੁੱਖ ਹਾਂ। ਸੋ ਜੇ ਕਿਸੇ ਦਾ ਬੱਚਾ ਬਰਬਾਦ ਹੋ ਰਿਹੈ ਤਾਂ ਉਹ ਕੋਈ ਪਰਾਇਆ ਨਹੀਂ ਸਗੋਂ ਆਪਣਾ ਹੀ ਹੈ, ਜੇਕਰ ਉਥੇ ਅੱਗ ਲੱਗੀ ਹੈ ਤਾਂ ਸੇਕ ਤੁਹਾਡੇ ਘਰ ਤੱਕ ਵੀ ਆ ਜਾਣੈ, ਸੋ ਸਾਰੇ ਮਿਲ ਕੇ ਹੰਭਲਾ ਮਾਰੀਏ ਤੇ ਨਸ਼ੇ ਰੂਪੀ ਦੈਂਤ ਤੇ ਰਾਖਸ਼ਿਸ਼ ਨੂੰ ਭਜਾਈਏ ਤੇ ਇਸ ਦੈਂਤ ਦੇ ਚੁੰਗਲ ਵਿੱਚ ਫਸੇ ਮਾਲਕ ਦੇ ਬੱਚਿਆਂ ਦਾ ਨਸ਼ਾ ਛੁਡਾਈਏ। ਜੇਕਰ ਪਿੰਡਾਂ ਦੇ ਪਤਵੰਤੇ ਤੇ ਪੰਚ ਸਰਪੰਚ ਮਿਲ ਕੇ ਇਸ ਨਸ਼ੇ ਰੂਪੀ ਦੈਂਤ ਨੂੰ ਰੋਕਣਗੇ ਤਾਂ ਜ਼ਰੂਰ ਇੱਕ ਦਿਨ ਇਹ ਖ਼ਤਮ ਹੋ ਜਾਵੇਗਾ।
ਇਸ ਮੌਕੇ ਪੂਜਨੀਕ ਗੁਰੂ ਜੀ ਨੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੰਦਿਆਂ ਫਰਮਾਇਆ ਕਿ ਪਰਮ ਪਿਤਾ ਪਰਮਾਤਮਾ ਦਇਆ ਦਾ ਸਾਗਰ ਹੈ ਤੇ ਉਸ ਮਾਲਕ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਾਰੀ ਸਾਧ-ਸੰਗਤ ’ਤੇ ਮਿਹਰ ਭਰਿਆ ਹੱਥ ਰੱਖੇ ਤੇ ਸਾਰਿਆਂ ਦੀ ਝੋਲੀ ਖੁਸ਼ੀਆਂ ਪਾਵੇ।
ਇਸ ਮੌਕੇ ਜਿੱਥੇ ਪੰਡਾਲ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਹੋਇਆ ਸੀ ਉਥੇ ਸਤਿਸੰਗ ’ਚ ਸਾਧ-ਸੰਗਤ ਵੀ ਪੂਰੀ ਸਜ-ਧਜ ਪਹੰੁਚੀ ਹੋਈ ਸੀ। ਨੌਜਵਾਨਾਂ ਨੇ ਸਿਰਾਂ ’ਤੇ ਪੱਗਾਂ ਬੰਨ ਟੌਰੇ ਛੱਡੇ ਹੋਏ ਸਨ ਤੇ ਭੰਗੜੇ ਪਾ ਰਹੇ ਸਨ, ਦੂਜੇ ਪਾਸੇ ਮਾਤਾ ਭੈਣਾਂ ਨੇ ਵੀ ਰੰਗ-ਬਰੰਗੇ ਕੱਪੜੇ ਪਾਏ ਹੋਏ ਸਨ। ਕਿਤੇ ਕੋਈ ਮੁਟਿਆਰ ਚਰਖਾ ਕੱਤ ਰਹੀ ਸੀ, ਕਿਤੇ ਸਿਰ ’ਤੇ ਗਾਗਰਾਂ ਰੱਖੀਆਂ ਹੋਈਆਂ ਸਨ ਤੇ ਕਿਤੇ ਪੱਖੀਆਂ ਝੱਲਦੀਆਂ ਮੁਟਿਆਰਾਂ ਪੰਜਾਬ ਦੇ ਅਮੀਰ ਪੁਰਾਤਨ ਸੱਭਿਆਚਾਰ ਦੀ ਝਲਕ ਪੇਸ਼ ਕਰ ਰਹੀਆਂ ਸਨ। ਪੂਜਨੀਕ ਗੁਰੂ ਜੀ ਨੇ ਵੀ ਨੌਜਵਾਨਾਂ ਵੱਲੋਂ ਪੰਜਾਬੀ ਸੱਭਿਆਚਾਰ ਦੀ ਪੇਸ਼ ਕੀਤੀ ਝਲਕ ਦੀ ਸਲਾਹੁਤਾ ਕੀਤੀ।