Ferozepur News
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦਾ ਦੂਜਾ ਸਥਾਪਨਾ ਦਿਵਸ ਮਨਾਇਆ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦਾ ਦੂਜਾ ਸਥਾਪਨਾ ਦਿਵਸ ਮਨਾਇਆ
ਫਿਰੋਜ਼ਪੁਰ, 27.2.2023: ਅੱਜ ਏਥੇ ਸਥਾਨਿਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਕੈਂਪਸ ਵਿੱਚ ਯੂਨੀਵਰਸਿਟੀ ਦਾ ਦੂਜਾ ਸਥਾਪਨਾ ਦਿਵਸ ਬਹੁਤ ਹੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਜਿਸ ਵਿੱਚ ਇਲਾਕੇ ਦੀਆਂ ਸੰਗਤਾਂ, ਫੈਕਲਟੀ, ਸਟਾਫ, ਤੇ ਵਿਦਿਆਰਥੀਆਂ ਨੇ ਭਾਰੀ ਗਿਣਤੀ ਵਿੱਚ ਸਮੂਲੀਅਤ ਕੀਤੀ। ਵਰਣਨਯੋਗ ਹੈ ਕਿ ਇਹ ਸੰਸਥਾ 1995 ਚ ਸ਼ਹੀਦ ਭਗਤ ਸਿੰਘ ਕਾਲਜ ਆਫ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਦੇ ਨਾਮ ਨਾਲ ਸਥਾਪਿਤ ਕੀਤੀ ਗਈ ਸੀ, ਬਾਅਦ ਵਿੱਚ ਇਸਨੂੰ ਅਪਗਰੇਡ ਕਰਕੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਬਣਾਇਆ ਗਿਆ ਤੇ 26 ਮਾਰਚ 2021 ਨੂੰ ਇਸਨੂੰ ਫੇਰ ਅਪਗ੍ਰੇਡ ਕਰਕੇ ਸਟੇਟ ਯੂਨੀਵਰਸਿਟੀ ਦਾ ਦਰਜ਼ਾ ਦੇ ਦਿੱਤਾ ਗਿਆ। ਇਸ ਯੂਨੀਵਰਸਿਟੀ ਵਿੱਚ ਹੁਣ ਇੰਜ: ਕੋਰਸਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਕੋਰਸ ਸੁਰੂ ਹੋ ਚੁੱਕੇ ਹਨ ਜੋ ਸਫ਼ਲਤਾਪੂਰਵਕ ਚਲ ਰਹੇ ਹਨ। ਇਸ ਅਵਸਰ ਤੇ ਯੂਨੀਵਰਸਿਟੀ ਸਟਾਫ ਤੇ ਵਿਦਿਆਰਥੀਆਂ ਵਲੋਂ ਕੈਂਪਸ ਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦੇ ਅਖੰਡ ਪਾਠ ਕਰਵਾਏ ਗਏ। ਉਪਰੰਤ ਭਾਈ ਬਲਵਿੰਦਰ ਸਿੰਘ ਕਥਾ ਵਾਚਕ ਗ: ਸ਼੍ਰੀ ਜਾਮਨੀ ਸਾਹਿਬ ਫਿਰੋਜਪੁਰ ਵਲੋਂ ਕਥਾ ਵਿਚਾਰਾਂ ਕੀਤੀਆਂ ਗਈਆਂ। ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਭਾਈ ਗੁਰਦੇਵ ਸਿੰਘ ਖ਼ਾਲਸਾ ਤੇ ਉਹਨਾ ਦੇ ਜੱਥੇ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਅਖੀਰ ਚ ਅਖੰਡ ਕੀਰਤਨੀ ਜਥੇ (ਦਿਆਲਪੁਰ) ਵਲੋਂ ਕੀਰਤਨ ਰਾਹੀਂ ਗੁਰੂਬਾਣੀ ਦੀ ਮਹਿਮਾਂ ਨਾਲ ਜੋੜਦਿਆਂ ਯੂਨੀਵਰਸਿਟੀ, ਸਟਾਫ ਤੇ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।
ਯੂਨੀਵਰਸਿਟੀ ਦੇ ਮਾਣਯੋਗ ਉੱਪ ਕੁਲਪਤੀ ਪ੍ਰੋ ਡਾ ਬੂਟਾ ਸਿੰਘ ਸਿੱਧੂ ਨੇ ਆਪਣੇ ਸੰਦੇਸ਼ ਰਾਹੀਂ ਯੂਨੀਵਰਸਿਟੀ ਦੇ ਦੂਜੇ ਸਥਾਪਣਾ ਦਿਵਸ ਸੰਬੰਧੀ ਸਾਰੇ ਫੈਕਲਟੀ, ਸਟਾਫ਼ ਤੇ ਵਿਦਿਆਰਥੀਆਂ ਨੂੰ ਮੁਬਾਰਕਵਾਦ ਭੇਜੀ।
ਰਜਿਸਟਰਾਰ ਪ੍ਰੋ ਡਾ ਗਜ਼ਲਪ੍ਰੀਤ ਸਿੰਘ ਅਰਨੇਜਾ ਨੇ ਜਿੱਥੇ ਇਸ ਸਮਾਗਮ ਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਓਥੇ ਫੈਕਲਟੀ, ਸਟਾਫ ਤੇ ਵਿਦਿਆਰਥੀਆਂ ਨੂੰ ਇਸ ਦੂਸਰੇ ਸਥਾਪਨਾ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਯੂਨੀਵਰਸਿਟੀ ਦੀ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਲਈ ਆਸ ਪ੍ਰਗਟਾਈ। ਸਮਾਗਮ ਚ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।