Ferozepur News
ਸਪੀਕਰ ਤੇ ਵਿਧਾਇਕਾਂ ਦੀ ਹਾਜ਼ਰੀ ਵਿੱਚ ਬਲਰਾਜ ਸਿੰਘ ਕਟੋਰਾ ਨੇ ਚੇਅਰਮੈਨ ਦਾ ਅਹੁਦਾ ਸੰਭਾਲਿਆ
ਕਿਸਾਨੀ ਦੇ ਖੁਸ਼ਹਾਲ ਹੋਣ ਨਾਲ ਪੰਜਾਬ ਦੀ ਆਰਥਿਕਤਾ ਮਜ਼ਬੂਤ ਹੋਵੇਗੀ - ਸੰਧਵਾਂ

ਕਿਸਾਨੀ ਦੇ ਖੁਸ਼ਹਾਲ ਹੋਣ ਨਾਲ ਪੰਜਾਬ ਦੀ ਆਰਥਿਕਤਾ ਮਜ਼ਬੂਤ ਹੋਵੇਗੀ – ਸੰਧਵਾਂ
– ਸਪੀਕਰ ਤੇ ਵਿਧਾਇਕਾਂ ਦੀ ਹਾਜ਼ਰੀ ਵਿੱਚ ਬਲਰਾਜ ਸਿੰਘ ਕਟੋਰਾ ਨੇ ਚੇਅਰਮੈਨ ਦਾ ਅਹੁਦਾ ਸੰਭਾਲਿਆ
– ਆਮ ਆਦਮੀ ਪਾਰਟੀ ਵਿੱਚ ਵਰਕਰਾਂ ਨੂੰ ਦਿੱਤਾ ਜਾਂਦਾ ਹੈ ਪੂਰਾ ਮਾਣ ਸਨਮਾਨ
– ਸਮਾਗਮ ਵਿੱਚ ਵਿਧਾਇਕ ਰਣਬੀਰ ਸਿੰਘ ਭੁੱਲਰ, ਰਜਨੀਸ਼ ਦਹੀਯਾ, ਫੌਜਾ ਸਿੰਘ ਸਰਾਰੀ, ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਤੇ ਹੋਰ ਆਗੂਆਂ ਨੇ ਵੱਡੀ ਗਿਣਤੀ ਵਿੱਚ ਕੀਤੀ ਸ਼ਿਰਕਤ
ਫ਼ਿਰੋਜ਼ਪੁਰ, 29 ਸਤੰਬਰ 2023:
ਅੱਜ ਮਾਰਕਿਟ ਕਮੇਟੀ ਫ਼ਿਰੋਜ਼ਪੁਰ ਸ਼ਹਿਰ ਦੇ ਨਵ-ਨਿਯੁਕਤ ਚੇਅਰਮੈਨ ਸ੍ਰੀ ਬਲਰਾਜ ਸਿੰਘ ਕਟੋਰਾ ਵੱਲੋਂ ਆਪਣੇ ਦਫ਼ਤਰ ਵਿਖੇ ਅਹੁਦਾ ਸੰਭਾਲਿਆ ਗਿਆ। ਇਸ ਅਵਸਰ ‘ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਯਾ, ਵਿਧਾਇਕ ਗੁਰੂਹਰਸਹਾਏ ਸ. ਫੌਜਾ ਸਿੰਘ ਸਰਾਰੀ, ਪੰਜਾਬ ਐਗਰੋ ਦੇ ਚੇਅਰਮੈਨ ਸ੍ਰੀ ਸਮਿੰਦਰ ਸਿੰਘ ਖਿੰਡਾ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਸ. ਚੰਦ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਆਗੂਆਂ/ਵਰਕਰਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪਾਰਟੀ ਵਿੱਚ ਮਿਹਨਤੀ ਅਤੇ ਯੋਗ ਵਰਕਰਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਂਦਾ ਹੈ। ਜਿਸ ਦੀ ਮਿਸਾਲ ਬਲਰਾਜ ਸਿੰਘ ਕਟੋਰਾ ਹਨ ਜਿਨ੍ਹਾਂ ਨੇ ਪਾਰਟੀ ਵਿੱਚ ਕਰੜੀ ਮਿਹਨਤ ਕਰਦਿਆਂ ਅੱਜ ਮਾਰਕਿਟ ਕਮੇਟੀ ਫ਼ਿਰੋਜ਼ਪੁਰ ਸ਼ਹਿਰ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਹੈ। ਸ. ਸੰਧਵਾਂ ਨੇ ਵਿਧਾਇਕਾਂ ਦੀ ਹਾਜ਼ਰੀ ਵਿੱਚ ਸ. ਬਲਰਾਜ ਸਿੰਘ ਕਟੋਰਾ ਨੂੰ ਚੇਅਰਮੈਨ ਦੀ ਕੁਰਸੀ ਤੇ ਬਿਠਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਅਤੇ ਲੋਕਾਂ ਦੇ ਵਿਕਾਸ ਤੇ ਖੁਸ਼ਹਾਲੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਰਾਜ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪਾਰਟੀ ਆਪਣੇ ਵਰਕਰਾਂ ਨੂੰ ਇਸੇ ਤਰ੍ਹਾਂ ਅਹੁਦੇ ਦੇ ਕੇ ਸਨਮਾਨਿਤ ਕਰੇਗੀ। ਉਨ੍ਹਾਂ ਕਿਹਾ ਰਾਜ ਦੀ ਕਿਸਾਨੀ ਦੇ ਖੁਸ਼ਹਾਲ ਹੋਣ ਨਾਲ ਪੰਜਾਬ ਦੀ ਆਰਥਿਕਤਾ ਮਜ਼ਬੂਤ ਹੋਵੇਗੀ ਅਤੇ ਦੇਸ਼ ਦੇ ਵਿਕਾਸ ਦਾ ਰਸਤਾ ਕਿਸਾਨੀ ਵਿਚੋਂ ਹੋ ਕੇ ਹੀ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਰਾਜ ਸਰਕਾਰ ਹਮੇਸ਼ਾ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਸਮੇਤ ਹਰ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਨੌਜਵਾਨੀ ਨੂੰ ਨਸ਼ੇ ਦੀ ਅਲਾਮਤ ਤੋਂ ਦੂਰ ਰੱਖਣ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ‘ਖੇਡਾਂ ਵਤਨ ਪੰਜਾਬ ਦੀਆਂ‘ ਮੁਹਿੰਮ ਚਲਾ ਕੇ ਖੇਡ ਸੱਭਿਆਚਾਰ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ।
ਇਸ ਅਵਸਰ ਤੇ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਆ, ਵਿਧਾਇਕ ਗੁਰੂਹਰਸਹਾਏ ਫੌਜਾ ਸਿੰਘ ਸਰਾਰੀ, ਚੇਅਰਮੈਨ ਪੰਜਾਬ ਐਗਰੋ ਸ. ਸ਼ਮਿੰਦਰ ਸਿੰਘ ਖਿੰਡਾ, ਨਿਰਵੈਰ ਸਿੰਘ ਸਿੰਧੀ, ਹਰਜਿੰਦਰ ਸਿੰਘ ਘਾਂਗਾ ਸਮੇਤ ਵੱਡੀ ਗਿਣਤੀ ਵਿੱਚ ਆਪ ਆਗੂਆਂ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਸ. ਬਲਰਾਜ ਸਿੰਘ ਕਟੋਰਾ ਨੂੰ ਵਧਾਈ ਦਿੱਤੀ।
ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦਾ ਫ਼ਿਰੋਜ਼ਪੁਰ ਵਿਖੇ ਪਹੁੰਚਣ ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਆਪ ਪਾਰਟੀ ਪ੍ਰਤੀ ਬਹੁਤ ਅਹਿਮ ਯੋਗਦਾਨ ਅਤੇ ਲੰਮੀਆਂ ਸੇਵਾਵਾਂ ਕਾਰਨ ਸ. ਬਲਰਾਜ ਸਿੰਘ ਕਟੋਰਾ ਨੂੰ ਇਹ ਮਾਣ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਲਰਾਜ ਸਿੰਘ ਕਟੋਰਾ ਨੂੰ ਚੇਅਰਮੈਨ ਨਿਯੁਕਤ ਕਰਕੇ ਆਪ ਪਾਰਟੀ ਨੇ ਇਕ ਸਾਫ਼-ਸੁੱਥਰੀ ਰਾਜਨੀਤੀ ਦੀ ਮਿਸਾਲ ਕਾਇਮ ਕੀਤੀ ਹੈ ਕਿਉਂਕਿ ਉਹ ਬਹੁਤ ਹੀ ਇਮਾਨਦਾਰ ਤੇ ਸਾਫ਼-ਸੁਥਰੀ ਸ਼ਖ਼ਸੀਅਤ ਦੇ ਧਾਰਨੀ ਹਨ।
ਸ. ਬਲਰਾਜ ਸਿੰਘ ਕਟੋਰਾ ਨੇ ਚੇਅਰਮੈਨ ਦਾ ਅਹੁਦਾ ਸੰਭਾਲਣ ਉਪੰਰਤ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ, ਸਮੁੱਚੀ ਆਪ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਉਨ੍ਹਾਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਐਸ.ਡੀ.ਐਮ. ਸ. ਗੁਰਮੰਦਰ ਸਿੰਘ, ਸਪੀਕਰ ਜੀ ਦੇ ਪੀ.ਆਰ.ਓ. ਸ੍ਰੀ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਐਸ.ਪੀ. ਐਚ ਸ੍ਰੀ ਸੋਹਨ ਲਾਲ ਸੋਨੀ, ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਤਿਲਕ ਰਾਜ, ਸ. ਇਕਬਾਲ ਸਿੰਘ, ਚੇਅਰਮੈਨ ਦੇ ਪਿਤਾ ਸ. ਦਰਸ਼ਨ ਸਿੰਘ ਧਾਲੀਵਾਲ, ਸ੍ਰੀ ਰਾਜ ਬਹਾਦਰ ਸਿੰਘ, ਸ੍ਰੀ ਨੇਕ ਪ੍ਰਤਾਪ ਸਿੰਘ, ਸ੍ਰੀ ਰੌਬੀ ਸੰਧੂ, ਸ੍ਰੀ ਹਿਮਾਂਸ਼ੂ ਠੱਕਰ, ਸ੍ਰੀ ਗੁਰਭੇਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।