Ferozepur News

ਸਕੂਲ ਬੰਦ ਨਹੀਂ ਹੋਣਗੇ ਸਿਰਫ਼ ਲੋੜੀਂਦੇ ਸਕੂਲਾਂ ਦੇ ਰਲੇਵੇ ਹੋਣਗੇ: ਸਕੱਤਰ ਕ੍ਰਿਸ਼ਨ ਕੁਮਾਰ

ਫਾਜਿਲਕਾ  21 ਅਕਤੁਬਰ ( ਵਿਨੀਤ ਕੁਮਾਰ ): ਪਿਛਲੇ ਕਈ ਵਰ੍ਹਿਆਂ ਤੋਂ ਪੰਜਾਬ ਦੇ ਵੱਖ ਵੱਖ ਪਿੰਡਾ ਅਤੇ ਸ਼ਹਿਰਾਂ ਵਿੱਚ ਚੱਲ ਰਹੇ ਲਗਭਗ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਸਬੰਧੀ ਜਾਰੀ ਤੁਗਲਕੀ  ਫਰਮਾਨ ਨੂੰ ਲੈਕੇ ਪੰਜਾਬ ਦੇ ਅਧਿਆਪਕ ਵਰਗ ਵਿਚ ਵੱਡਾ ਰੋਸ਼ ਪਾਇਆ ਜਾ ਰਿਹਾ ਹੈ ਅਤੇ ਇਸ ਸੰਬੰਧੀ ਪੰਜਾਬ ਦੀਆਂ ਵੱਖ ਵੱਖ ਅਧਿਆਪਕ ਜੱਥੇਬੰਦੀਆਂ ਵੱਲੋ ਕਈ ਥਾਵਾਂ ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਕਈ ਥਾਵਾਂ ਤੇ ਧਰਨੇ ਪ੍ਰਦਰਸ਼ਨ ਸ਼ੁਰੂ ਕਰਨ ਦੀ ਗੱਲ ਕਹੀ ਜਾ ਰਹੀ ਹੈ। ਅਧਿਆਪਕ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੇ ਇਸ ਤਾਨਾਸ਼ਾਹੀ ਫੈਸਲੇ ਦਾ ਡੱਟਕੇ ਵਿਰੋਧ ਕਰਨਗੇ।
ਪਰ ਇਸ ਸਬੰਧੀ ਜਦੋਂ ਸਾਡੇ ਪੱਤਰਕਾਰ ਵਿਨੀਤ ਕੁਮਾਰ ਅਰੋੜਾ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਗੱਲ ਨੂੰ ਕੋਰੀ ਅਫ਼ਵਾਹ ਦੱਸਦੇ ਹੋਏ ਕਿਹਾ ਕਿ ਪੰਜਾਬ ਵਿਚ 800 ਸਕੂਲਾਂ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਬਲਕਿ 22 ਜ਼ਿਲ੍ਹਿਆਂ 'ਚ ਸਿਰਫ਼ 65 ਅਜਿਹੇ ਸਕੂਲ ਹਨ ਜਿਨ੍ਹਾਂ ਵਿਚ ਅਧਿਆਪਕ ਅਤੇ ਬੱਚਿਆਂ ਦੇ ਰੇਸ਼ੋ ਦਾ ਅਨੁਪਾਤ ਬਹੁਤ  ਹੀ ਘੱਟ ਹੈ। ਜਿਸ ਕਰਕੇ ਜਿਹੇ ਸਕੂਲਾਂ ਨੂੰ ਨੇੜਲੇ ਇਂੱਕ ਕਿਲੋਮੀਟਰ ਦੇ ਅੰਦਰ ਆਉਂਦੇ ਦੂਸਰੇ ਸਕੂਲਾਂ ਵਿਚ ਮਰਜ਼ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਵਿਚ ਸਿਰਫ਼ 163 ਅਜਿਹੇ ਸਕੂਲਾਂ ਨੂੰ ਬੰਦ ਕੀਤਾ ਜਾਵੇਗਾ ਜਿਨ੍ਹਾਂ ਵਿਚ ਇਸ ਰਲੇਵੇ ਤੋਂ ਬਾਅਦ ਵੀ ਬੱਚਿਆਂ ਦੀ ਗਿਣਤੀ 20 ਤੋਂ ਵੀ ਘੱਟ ਹੈ।  ਉਨ੍ਹਾਂ ਉਦਾਹਰਣ ਦਿੰਦਿਆਂ ਦੱਸਿਆ ਕਿ ਰੋਪੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੁਲਗਰਾ ਵਿਚ ਬੱਚਾ ਇੱਕ ਹੈ ਅਤੇ ਪੜ੍ਹਾਉਣ ਵਾਲੇ ਅਧਿਆਪਕ ਦੋ ਹਨ ਅਤੇ ਮੁਹਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਰੁੜਕੀ ਵਿਚ ਇੱਕ ਵੀ ਬੱਚਾ ਨਹੀਂ, ਪਰ ਉੱਥੇ ਇੱਕ ਅਧਿਆਪਕ ਕੰਮ ਕਰ ਰਿਹਾ ਹੈ। ਸ਼੍ਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਅਧਿਆਪਕ ਵਰਗ ਦੇ ਹਮਾਇਤੀ ਹਨ ਅਤੇ ਹਰ ਪੱਖੋਂ ਉਨ੍ਹਾਂ ਦੇ ਹੱਕਾਂ ਦੇ ਨਾਲ ਖੜ੍ਹੇ ਹਨ।  ਸ਼੍ਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਆਰ.ਟੀ.ਈ. ਐਕਟ ਦੇ ਮੁਤਾਬਕ ਇੱਕ ਕਿਲੋਮੀਟਰ ਦਾਇਰੇ ਦੇ ਅੰਦਰ ਦੇ ਉਨ੍ਹਾਂ ਸਕੂਲਾਂ ਨੂੰ ਆਪਸ ਵਿਚ ਮਰਜ਼ ਕੀਤਾ ਗਿਆ ਹੈ ਜਿਨ੍ਹਾਂ ਵਿਚ ਬੱਚਿਆਂ ਦੀ ਗਿਣਤੀ 20 ਤੋਂ ਘੱਟ ਹੈ ਅਤੇ ਉਨ੍ਹਾਂ ਕਿਹਾ ਕਿ ਜੋ ਸਕੂਲ ਮਰਜ਼ ਕੀੇਤੇ ਜਾ ਰਹੇ ਹਨ ਉਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਉਨ੍ਹਾਂ ਦੇ ਪਸੰਦ ਦੇ ਸਟੇਸ਼ਨਾਂ ਤੇ ਹੀ ਤੈਨਾਤ ਕੀਤਾ ਜਾ ਰਿਹਾ ਹੈ। ਸਿੱਖਿਆ ਸਕੱਤਰ ਨੇ ਕਿਹਾ ਕਿ ਪਾਰਦਰਸ਼ੀ ਨੀਤੀ ਤਹਿਤ ਬਿਨਾਂ ਕਿਸੇ ਅਸੁਵਿਧਾ ਦੇ ਇਨ੍ਹਾਂ ਸਕੂਲਾਂ ਦਾ ਰਲੇਵਾ ਕੀਤਾ ਜਾ ਰਿਹਾ ਹੈ, ਪਰ ਜੇਕਰ ਭਵਿੱਖ ਵਿਚ ਇਨ੍ਹਾਂ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਹੈ ਤਾਂ ਇਨ੍ਹਾਂ ਸਕੂਲਾਂ ਨੂੰ ਮੁੜ ਤੋਂ ਖੋਲਿਆ ਜਾ ਸਕਦਾ ਹੈ। ਜਿਹੜੇ 20 ਤੋਂ ਘੱਟ ਗਿਣਤੀ ਵਾਲੇ ਬੱਚਿਆਂ ਲਈ ਲੋੜੀਂਦੇ ਇੱਕ ਕਿਲੋਮੀਟਰ ਦੇ ਘੇਰੇ ਵਿਚ ਸਕੂਲ ਨਹੀਂ ਹਨ ਉਨ੍ਹਾਂ ਸਕੂਲਾਂ ਨੂੰ ਇਸ ਨੀਤੀ ਤੋਂ ਬਾਹਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਤਰਕ ਸੰਗਤ ਢੰਗ ਦੇ ਨਾਲ ਸਿੱਖਿਆ ਸੁਧਾਰ ਦੇ ਘੇਰੇ ਵਿਚ ਆਉਂਦੇ ਤਰੀਕਿਆਂ ਮੁਤਾਬਕ ਇਹ ਰਲੇਵੇ ਕੀਤੇ ਜਾਣਗੇ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਤੇ ਕੋਈ ਮਾੜਾ ਅਸਰ ਨਾ ਪਵੇ। ਇਨ੍ਹਾਂ ਰਲੇਵਿਆਂ ਦਾ ਮੰਤਵ ਬੱਚਿਆਂ ਦੀ ਚੰਗੀ ਪੜ੍ਹਾਈ, ਸਮਾਂ ਅਤੇ ਵਿਤੀ ਬਚਤ ਕਰਨਾ ਹੈ ਨਾਕਿ ਕਿਸੇ ਅਧਿਆਪਕ ਨੂੰ ਖਜ਼ਲ ਖੁਆਰ ਕਰਨਾ। ਉਨ੍ਹਾਂ ਕਿਹਾ ਕਿ ਕਿਸੇ ਵੀ ਬੱਚੇ ਨੂੰ ਇੱਕ ਕਿਲੋਮੀਟਰ ਤੋਂ ਜਿਆਦਾ ਦਾ ਸਫ਼ਰ ਤੈਅ ਨਹੀਂ ਕਰਨਾ ਪਵੇਗਾ।
 

Related Articles

Back to top button