ਸ਼ਾਇਰੀ ਦਾ ਸਿਖਰ ਹੋ ਨਿਬੜਿਆ ਭਾਸ਼ਾ ਵਿਭਾਗ ਫ਼ਿਰੋਜ਼ਪੁਰ ਦਾ ਕਵੀ ਦਰਬਾਰ
ਸ਼ਾਇਰੀ ਦਾ ਸਿਖਰ ਹੋ ਨਿਬੜਿਆ ਭਾਸ਼ਾ ਵਿਭਾਗ ਫ਼ਿਰੋਜ਼ਪੁਰ ਦਾ ਕਵੀ ਦਰਬਾਰ
ਫਿਰੋਜ਼ਪੁਰ 7 ਅਕਤੂਬਰ, 2023: ਪੰਜਾਬ ਸਰਕਾਰ ਦੀਆਂ ਹਦਾਇਤਾਂ, ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਵੱਲੋਂ ਸਰਕਾਰੀ ਕਾਲਜ ਜੀਰਾ ਦੇ ਸਹਿਯੋਗ ਨਾਲ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਗੁਰਬਾਣੀ ਦੇ ਸ਼ਬਦ ‘ਧਨੁ ਲੇਖਾਰੀ ਨਾਨਕਾ’ ਦੇ ਵਾਦਨ ਨਾਲ ਬਹੁਤ ਹੀ ਰਮਣੀਕ ਵਾਤਾਵਰਨ ਵਿੱਚ ਹੋਈ। ਸਭ ਤੋੰ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਕਮਲ ਕਿਸ਼ੋਰ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਇਹੋ ਜਿਹੇ ਮਾਣਮੱਤੇ ਸ਼ਾਇਰਾਂ ਨੂੰ ਸੁਨਣ ਦਾ ਸਾਨੂੰ ਅਤੇ ਸਾਡੇ ਵਿਦਿਆਰਥੀਆਂ ਨੂੰ ਮੌਕਾ ਮਿਲ ਰਿਹਾ ਹੈ।
ਇਸ ਤੋੰ ਬਾਅਦ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਆਏ ਹੋਏ ਸ਼ਾਇਰਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਹਰੇਕ ਦੀ ਜਾਣ-ਪਛਾਣ ਉਹਨਾਂ ਦੀ ਆਪਣੀ ਵਿਸ਼ੇਸ਼ਤਾ ਦੱਸਦਿਆਂ ਹੋਈ ਵਿਸਥਾਰ ਸਹਿਤ ਕਰਵਾਈ। ਆਪਣੀ ਗੱਲ ਜਾਰੀ ਰੱਖਦਿਆਂ ਉਹਨਾਂ ਕਿਹਾ ਕਿ ਇਸ ਕਾਲਜ ਵਿੱਚ ਇਹ ਸਮਾਗਮ ਕਰਵਾਉਣ ਦਾ ਮੂਲ ਮਨੋਰਥ ਇਹ ਹੈ ਕਿ ਵਿਦਿਆਰਥੀਆਂ ਵਿੱਚ ਸਾਹਿਤ ਅਤੇ ਕਲਾ ਦੀਆਂ ਰੁਚੀਆਂ ਵਿਕਸਤ ਹੋ ਸਕਣ ਅਤੇ ਇਸ ਦੂਰ-ਦੁਰਾਡੇ ਕਾਲਜ ਦੇ ਵਿਦਿਆਰਥੀ ਵੀ ਪੰਜਾਬੀ ਕਾਵਿ-ਜਗਤ ਦੇ ਚਰਚਿਤ ਸ਼ਾਇਰਾਂ ਨੂੰ ਸੁਣ ਕੇ ਅਗਵਾਈ ਲੈ ਸਕਣ ਅਤੇ ਚੰਗੇਰੀਆਂ ਸਾਹਿਤਕ ਕਦਰਾਂ-ਕੀਮਤਾਂ ਨਾਲ ਜੁੜ ਸਕਣ। ਇਸ ਤੋੰ ਬਾਅਦ ਉੱਘੇ ਸ਼ਾਇਰ ਹਰਮਿੰਦਰ ਸਿੰਘ ਕੋਹਾਰਵਾਲਾ ਦੇ ਨਵ -ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘ਮੈਲ਼ੇ ਮੰਜ਼ਰ’ ਨੂੰ ਮਹਿਮਾਨਾਂ ਅਤੇ ਸ਼ਾਇਰਾਂ ਵੱਲੋਂ ਲੋਕ ਅਰਪਿਤ ਕੀਤਾ ਗਿਆ।
ਇਸ ਗ਼ਜ਼ਲ ਸੰਗ੍ਰਹਿ ‘ਤੇ ਉੱਘੇ ਆਲੋਚਕ ਸੁਖਜਿੰਦਰ ਨੇ ਖੋਜ ਪੱਤਰ ਪੜ੍ਹਦਿਆਂ ਕਿਹਾ ਕਿ ਕੋਹਾਰਵਾਲਾ ਦੀ ਸਮੁੱਚੀ ਸ਼ਾਇਰੀ ਸੰਘਰਸ਼ ਅਤੇ ਲਹਿਰਾਂ ਵਿੱਚੋਂ ਪੈਦਾ ਹੁੰਦੀ ਹੈ ਜਿਸ ਵਿੱਚ ਸਮਾਜਿਕ ਅਤੇ ਰਾਜਨੀਤਕ ਵਿਅੰਗ ਦਾ ਤਿਖੇਰਾਪਨ ਹੈ। ਇਸ ਮੌਕੇ ਹਰਮਿੰਦਰ ਕੋਹਾਰਵਾਲਾ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਆਪਣੇ ਚੋਣਵੇੰ ਦੋਹੇ ਵੀ ਸੁਣਾਏ। ਸਮਾਗਮ ਦੇ ਅਗਲੇ ਪੜ੍ਹਾਅ ਵਿੱਚ ਪੰਜਾਬ ਦੇ ਨਾਮਵਰ ਸ਼ਾਇਰਾਂ ਹਰਮੀਤ ਵਿਦਿਆਰਥੀ, ਤ੍ਰੈਲੋਚਨ ਲੋਚੀ, ਮੁਕੇਸ਼ ਆਲਮ, ਗੁਰਸੇਵਕ ਲੰਬੀ, ਰਣਜੀਤ ਸਰਾਂਵਾਲੀ, ਮੀਨਾ ਮਹਿਰੋਕ, ਸਤੀਸ਼ ਠੁਕਰਾਲ ਸੋਨੀ, ਰਵੀ ਰਵਿੰਦਰ ਅਤੇ ਜੋਗਿੰਦਰ ਨੂਰਮੀਤ ਨੇ ਆਪਣੀ ਸ਼ਾਇਰੀ ਨਾਲ ਐਸਾ ਰੰਗ ਬੰਨ੍ਹਿਆ ਕਿ ਸਰੋਤੇ ਝੂਮਣ ਲੱਗੇ ਅਤੇ ਲਗਾਤਾਰ ਸਾਢੇ ਤਿੰਨ ਘੰਟੇ ਚੱਲੇ ਇਸ ਸਮਾਗਮ ਵਿੱਚ ਵਿਦਿਆਰਥੀ ਇੱਕ ਪਲ ਲਈ ਵੀ ਆਪਣੀ ਕੁਰਸੀ ਤੋੰ ਨਾ ਉੱਠੇ। ਵਿਦਿਆਰਥੀਆਂ ਦਾ ਲਗਾਤਾਰ ਸਮਾਗਮ ਨਾਲ ਜੁੜੇ ਰਹਿਣਾ ਅਤੇ ਸ਼ੇਅਰਾਂ ਦੀ ਪ੍ਰਸੰਸਾ ਕਰਨਾ ਜਿੱਥੇ ਸਮਾਗਮ ਦੀ ਸਫ਼ਲਤਾ ਦਾ ਗਵਾਹ ਹੈ ਉੱਥੇ ਵਿਦਿਆਰਥੀਆਂ ਦੇ ਵਿਕਸਤ ਹੋ ਚੁੱਕੇ ਕਲਾਤਮਿਕ ਬੌਧਿਕ ਪੱਧਰ ਨੂੰ ਵੀ ਰੂਪਮਾਨ ਕਰਦਾ ਹੈ। ਚੰਗੇ ਅਧਿਆਪਕਾਂ ਦੀ ਸੰਗਤ ਵਿੱਚ ਹੀ ਅਜਿਹੇ ਵਿਦਿਆਰਥੀ ਪੈਦਾ ਹੁੰਦੇ ਹਨ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਉੱਘੇ ਫਿਲਮ ਨਿਰਮਾਤਾ,ਅਦਾਕਾਰ ਅਤੇ ਚੇਅਰਮੈਨ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਡਾ. ਸੁਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਜੀਰੇ ਵਿੱਚ ਅਜਿਹਾ ਉੱਚ ਕੋਟੀ ਦਾ ਸਮਾਗਮ ਹੋਣਾ ਵੱਡੀ ਪ੍ਰਾਪਤੀ ਅਤੇ ਇਸ ਤੋੰ ਵੀ ਖੂਬਸੂਰਤ ਗੱਲ ਇਹ ਹੈ ਕਿ ਸੱਦਾ ਪੱਤਰ ਵਿੱਚ ਸ਼ਾਮਲ ਸਾਰੇ ਹੀ ਮਹਿਮਾਨ ਅਤੇ ਸ਼ਾਇਰ ਇਸ ਸਮਾਗਮ ਦਾ ਹਿੱਸਾ ਬਣ ਕੇ ਮਾਣ ਅਤੇ ਖੁਸ਼ੀ ਮਹਿਸੂਸ ਕਰ ਰਹੇ ਹਨ। ਉੱਭਰ ਰਹੇ ਨੌਜਵਾਨ ਕਲਾਕਾਰ ਅਨਹਦ ਗੋਪੀ ਅਤੇ ਲਵਦੀਪ ਸਿੰਘ ਦੇ ਸਾਹਿਤਕ ਗੀਤਾਂ ਦੀ ਛਹਿਬਰ ਸਮਾਗਮ ਨੂੰ ਇੱਕ ਸਿਖਰ ‘ਤੇ ਲੈ ਗਈ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਉੱਘੇ ਸ਼ਾਇਰ ਅਤੇ ਕੇੰਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਕਲਾ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਜੋ ਮਨੁੱਖ ਨੂੰ ਇੱਕ ਸਦੀਵੀ ਪਛਾਣ ਦਿਵਾਉੰਦੀ ਹੈ।
ਉਹਨਾਂ ਕਿਹਾ ਕਿ ਤੁਸੀਂ ਇਸ ਸਮਾਗਮ ਵਿੱਚ ਸ਼ਾਮਲ ਸ਼ਾਇਰਾਂ ਦੇ ਕਿੱਤੇ ਬਾਰੇ ਜਾਂ ਨਿੱਜੀ ਜ਼ਿੰਦਗੀ ਬਾਰੇ ਕੁਝ ਨਹੀਂ ਜਾਣਦੇ ਸਗੋੰ ਇਹਨਾਂ ਦੀ ਸ਼ਾਇਰੀ ਸਦਕਾ ਇਹਨਾਂ ਨੂੰ ਜਾਣਦੇ ਹੋ। ਇਕ ਸ਼ਾਇਰ ਜਾਂ ਕਲਾਕਾਰ ਲਈ ਇਹ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੁੰਦੀ ਹੈ ਅਤੇ ਚੰਗਾ ਲਿਖਣ ਵਾਲੇ ਦੀ ਹਮੇਸ਼ਾ ਕਦਰ ਪੈੰਦੀ ਹੈ ਉਸਦੀ ਪਛਾਣ ਸਮਾਜ ਵਿੱਚ ਬੜੇ ਹੀ ਸਤਿਕਾਰ ਵਜੋੰ ਸਥਾਪਿਤ ਹੁੰਦੀ ਹੈ। ਸਮਾਗਮ ਦੇ ਸ਼ਾਨਦਾਰ ਪ੍ਰਬੰਧਨ ਲਈ ਉਹਨਾਂ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਅਤੇ ਸਰਕਾਰੀ ਕਾਲਜ ਜੀਰਾ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਮੰਚ ਸੰਚਾਲਨ ਪ੍ਰੋ. ਪਵਿੱਤਰ ਸਿੰਘ ਅਤੇ ਸੁਖਜਿੰਦਰ ਨੇ ਬਹੁਤ ਹੀ ਸੂਖਮ ਅਤੇ ਕਲਾਤਮਿਕ ਅੰਦਾਜ਼ ਵਿੱਚ ਸਾਂਝੇ ਰੂਪ ਵਿੱਚ ਕੀਤਾ। ਇਸ ਮੌਕੇ ‘ਤੇ ਖੋਜ ਅਫ਼ਸਰ ਦਲਜੀਤ ਸਿੰਘ, ਸੀਨੀਅਰ ਸਹਾਇਕ ਰਮਨ ਕੁਮਾਰ ਤੋੰ ਇਲਾਵਾ ਸਾਹਿਤ ਅਤੇ ਕਲਾ ਜਗਤ ਨਾਲ ਜੁੜੀਆਂ ਸਖ਼ਸ਼ੀਅਤਾਂ ਪ੍ਰੋ. ਕੁਲਦੀਪ ਸਿੰਘ,ਰੰਗਕਰਮੀ ਰੰਗ ਹਰਜਿੰਦਰ ਅਤੇ ਅਮਰਜੀਤ ਮੋਹੀ, ਰਾਜੀਵ ਖਿਆਲ ਤੋੰ ਇਲਾਵਾ ਕਾਲਜ ਦੇ ਸਮੂਹ ਵਿਦਿਆਰਥੀ ਅਤੇ ਸਟਾਫ਼ ਹਾਜ਼ਰ ਸੀ।