ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਬਣਾਇਆ ਜਾਵੇਗਾ ਅੰਤਰਰਾਸ਼ਟਰੀ ਪੱਧਰ ਦਾ ਬੈਡਮਿੰਟਨ ਹਾਲ, ਅਗਲੇ ਮਹੀਨੇ ਹੋਵੇਗਾ ਉਦਘਾਟਨ
• ਪੁਰਾਣੇ ਬੈਡਮਿੰਟਨ ਹਾਲ ਦਾ ਨਵੀਨੀਕਰਨ ਕਰਕੇ ਜਲਦੀ ਹੀ ਖਿਡਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ ਨਵਾਂ ਹਾਲ, ਹਰ ਤਰਾਂ ਦੀ ਸਹੂਲਤ ਮਿਲੇਗੀ:- ਪਿੰਕੀ
ਫਿਰੋਜ਼ਪੁਰ, 20 ਅਗਸਤ
ਬੈਡਮਿੰਟਨ ਖਿਡਾਰੀਆਂ ਨੂੰ ਜਲਦੀ ਹੀ ਫਿਰੋਜ਼ਪੁਰ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਬੈਡਮਿੰਟਨ ਹਾਲ ਅਤੇ ਹੋਰ ਖੇਡ ਸਹੂਲਤਾਂ ਉਪਲਬਧ ਹੋਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕੀਤਾ। ਉਨ੍ਹਾਂ ਕਿਹਾ ਕਿ ਸਤੰਬਰ ਦੇ ਪਹਿਲੇ ਹਫ਼ਤੇ ਨਵਾਂ ਬੈਡਮਿੰਟਨ ਹਾਲ ਖਿਡਾਰੀਆਂ ਨੂੰ ਸੌਂਪਿਆ ਜਾਵੇਗਾ ਅਤੇ ਉਨ੍ਹਾਂ ਨੂੰ ਵੱਡੇ ਸ਼ਹਿਰਾਂ ਦੀ ਤਰਜ਼ ‘ਤੇ ਹਰ ਤਰਾਂ ਦੀਆਂ ਸਹੂਲਤਾਂ ਮਿਲਣਗੀਆਂ।
ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਸਥਿਤ ਬੈਡਮਿੰਟਨ ਹਾਲ ਦਾ ਪੁਨਰ ਕਾਰਗੁਜ਼ਾਰੀ ਪ੍ਰਾਜੈਕਟ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਨਵਾਂ ਪ੍ਰੋਫੈਸ਼ਨਲ ਸਿੰਥੈਟਿਕ ਮੈਟ ਲਗਾਇਆ ਜਾ ਰਿਹਾ ਹੈ, ਜੋ ਅੰਤਰਰਾਸ਼ਟਰੀ ਪੱਧਰ ਦੇ ਬੈਡਮਿੰਟਨ ਹਾਲ ਵਿੱਚ ਲਗਾਇਆ ਜਾਦਾ ਹੈ। ਇਸ ਤੋਂ ਇਲਾਵਾ ਨਵੀਆਂ ਲਾਈਟਾਂ ਲਗਾਈਆਂ ਜਾ ਰਹੀਆਂ ਹਨ। ਵਿਧਾਇਕ ਨੇ ਦੱਸਿਆ ਕਿ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਸਾਇਨਾ ਨੇਹਵਾਲ ਅਤੇ ਪੀਵੀ ਸਿੰਧੂ ਦੀਆਂ 20-20 ਫੁੱਟ ਪੇਂਟਿੰਗਾਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਸਾਡੇ ਨੌਜਵਾਨ ਖਿਡਾਰੀ ਵੀ ਇਨ੍ਹਾਂ ਖਿਡਾਰੀਆਂ ਤੋਂ ਪ੍ਰੇਰਨਾ ਲੈ ਕੇ ਅੱਗੇ ਵੱਧ ਸਕਣ।
ਵਿਧਾਇਕ ਨੇ ਕਿਹਾ ਕਿ ਇਹ ਸਾਰਾ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਜਲਦੀ ਹੀ ਬੱਚਿਆਂ ਨੂੰ ਨਵਾਂ ਬੈਡਮਿੰਟਨ ਹਾਲ ਮਿਲ ਜਾਵੇਗਾ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜ਼ਿਲ੍ਹੇ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਕਈ ਵੱਡੇ ਪ੍ਰੋਜੈਕਟ ਲਿਆਂਦੇ ਗਏ ਹਨ। ਇਸ ਕੜੀ ਦੇ ਤਹਿਤ ਸ਼ਹਿਰ ਵਿਚ ਜਿੰਮ ਗਾਰਡਨ ਲਗਾਏ ਗਏ, ਨਾਲ ਹੀ ਹੋਰ ਕਈ ਤਰ੍ਹਾਂ ਦੇ ਕੰਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਟੇਡੀਅਮ ਦਾ ਕੰਮ ਵੀ ਜਲਦੀ ਪੂਰਾ ਕਰ ਲਿਆ ਜਾਵੇਗਾ, ਜਿਸ ਨਾਲ ਬੈਡਮਿੰਟਨ ਖਿਡਾਰੀਆਂ ਨੂੰ ਵੀ ਵੱਡੇ ਸ਼ਹਿਰਾਂ ਵਰਗੀਆਂ ਸਹੂਲਤਾਂ ਉਪਲਬਧ ਹੋਣਗੀਆਂ।