ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ
ਫ਼ਿਰੋਜ਼ਪੁਰ, 28 ਸਤੰਬਰ- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ 110ਵਾਂ ਜਨਮ ਦਿਹਾੜਾ ਹਿੰਦ-ਪਾਕਿ ਕੌਮੀ ਸਰਹੱਦ ਹੁਸੈਨੀਵਾਲਾ ਵਿਖੇ ਸਥਿਤ ਸ਼ਹੀਦੀ ਸਮਾਰਕਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹੀਦ ਭਗਤ ਸਿੰਘ ਨੂੰ ਸਿੱਜਦਾ ਕਰਨ ਲਈ ਜਿੱਥੇ ਸਰਕਾਰੀ ਤੌਰ 'ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ, ਚਮਕੌਰ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਕਾਂਗਰਸ, ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ, ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ ਆਦਿ ਨੇ ਪਹੁੰਚ ਸ਼ਹੀਦਾਂ ਨੂੰ ਸਿੱਜਦਾ ਕੀਤਾ। ਸ਼ਹੀਦਾਂ ਨੂੰ ਨਤਮਸਤਕ ਹੋਣ ਉਪਰੰਤ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਅਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਐਲਾਣ ਕੀਤਾ ਕਿ ਅੱਗੇ ਤੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਕਾਂਗਰਸ ਸਰਕਾਰ ਰਾਜ ਪੱਧਰੀ ਸਮਾਗਮ ਕਰਕੇ ਮਨਾਇਆ ਕਰੇਗੀ। ਉਨ੍ਹਾਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ। ਸ਼ਹੀਦ ਭਗਤ ਸਿੰਘ ਦੀ ਭਾਣਜੀ ਬੀਬੀ ਗੁਰਜੀਤ ਕੌਰ ਢੱਟ, ਉਨ੍ਹਾਂ ਦੇ ਪਤੀ ਹਰਭਜਨ ਸਿੰਘ ਢੱਟ ਨੇ ਪਹੁੰਚ ਸ਼ਹੀਦੀ ਸਮਾਰਕ 'ਤੇ ਸਿੱਜਦਾ ਕੀਤਾ, ਉਥੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਅੰਗਰੇਜ ਸਰਕਾਰ ਵਲੋਂ ਗਲਤੀ ਨਾਲ ਫਾਂਸੀ ਦਿੱਤੇ ਜਾਣ ਦਾ ਕੇਸ ਲੜ ਰਹੀ ਪਾਕਿ-ਇੰਡੀਆ ਸ਼ਹੀਦ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਐਡਵੋਕੇਟ ਇਮਤਿਆਜ਼ ਰਾਸ਼ਿਦ ਕੁਰੇਸ਼ੀ, ਐਡਵੋਕੇਟ ਮੋਮਿਨ ਮਲਿਕ ਪਾਣੀਪਤ, ਜੱਟ ਰਾਖਵਾਂਕਰਨ ਸੰਘਰਸ਼ ਸੰਮਤੀ ਪੰਜਾਬ ਪ੍ਰਧਾਨ ਜਥੇਦਾਰ ਕਰਨੈਲ ਸਿੰਘ ਭਾਵੜਾ, ਯੂਥ ਕਮਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਜੀ.ਐਸ. ਹੈਪੀ ਮਾਨ ਆਦਿ ਆਗੂਆਂ ਨੇ ਪਹੁੰਚ ਕੇ ਸ਼ਹੀਦੀ ਸਮਾਰਕਾਂ 'ਤੇ ਸਿੱਜਦਾ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਐਡਵੋਕੇਟ ਕੁਰੇਸ਼ੀ ਨੇ ਕਿਹਾ ਕਿ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਵਾਲੇ ਪਵਿੱਤਰ ਦਿਹਾੜੇ ਤੋਂ ਪਾਕਿਸਤਾਨ ਤੋਂ ਸ਼ਾਂਤੀ ਪੈਗਾਮ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਹਿੰਦ-ਪਾਕਿ ਦੋਨਾਂ ਦੇਸ਼ਾਂ ਦੀ ਆਜ਼ਾਦੀ ਲਈ ਸ਼ਹਾਦਤ ਦਿੱਤੀ ਸੀ। ਉਨ੍ਹਾਂ ਮੰਗ ਕੀਤੀ ਕਿ ਦੋਨਾਂ ਦੇਸ਼ਾਂ ਦੇ ਅਵਾਮ ਲਈ ਸਰਹੱਦ ਖੋਲ੍ਹ ਦਿੱਤੀਆਂ ਜਾਣ, ਜਿਵੇਂ ਪੰਛੀ ਬਿਨਾਂ ਵੀਜ਼ਾ ਆ-ਜਾ ਸਕਦੇ ਹਨ, ਉਵੇਂ ਦੋਵਾਂ ਦੇਸ਼ਾਂ ਦੇ ਲੋਕ ਮਨਮਰਜ਼ੀ ਨਾਲ ਆ-ਜਾ ਸਕਣ।
ਸ਼ਹੀਦ ਭਗਤ ਸਿੰਘ ਦੇ ਸੁਪਨੇ ਪੂਰੇ ਨਹੀਂ ਹੋਏ- ਬੀਬੀ ਗੁਰਜੀਤ ਕੌਰ
ਸ਼ਹੀਦੀ ਸਮਰਕਾਂ 'ਤੇ ਸਿੱਜਦਾ ਕਰਨ ਉਪਰੰਤ ਸ਼ਹੀਦ ਭਗਤ ਸਿੰਘ ਦੀ ਭਾਣਜੀ ਬੀਬੀ ਗੁਰਜੀਤ ਕੌਰ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅਜ਼ਾਦੀ ਦੇ 70 ਸਾਲਾਂ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਪੂਰੇ ਨਹੀਂ ਹੋਏ। ਅੱਜ ਵੀ ਦੇਸ਼ ਦੀ ਬਹੁਤੀ ਅਬਾਦੀ ਰੋਟੀ, ਕੱਪੜਾ, ਮਕਾਨ ਦੇ ਨਾਲ-ਨਾਲ ਸਿੱਖਿਆ ਅਤੇ ਇਲਾਜ ਤੋਂ ਵੀ ਮੁਥਾਜ ਬੈਠੀ ਹੈ। ਸ਼ਹੀਦ ਭਗਤ ਸਿੰਘ ਨੂੰ ਸਰਕਾਰ ਵਲੋਂ ਅਜੇ ਤੱਕ ਵੀ ਸ਼ਹੀਦ ਨਾ ਐਲਾਨੇ ਜਾਣ 'ਤੇ ਗਿਲ੍ਹਾ ਜਾਹਿਰ ਕਰਦਿਆਂ ਬੀਬੀ ਗੁਰਜੀਤ ਕੌਰ ਨੇ ਕਿਹਾ ਕਿ ਦੇਸ਼ ਦਾ ਬੱਚਾ-ਬੱਚਾ ਭਗਤ ਸਿੰਘ ਨੂੰ ਸ਼ਹੀਦ ਮੰਨਦਾ ਤੇ ਉਸ ਨੂੰ ਮਾਡਲ ਰੋਲ ਵਜੋਂ ਜਿੰਦਗੀ 'ਚ ਅਪਣਾ ਰਿਹਾ, ਪਰ ਸਰਕਾਰ ਉਸ ਨੂੰ ਸ਼ਹੀਦ ਐਲਾਨਣ ਤੋਂ ਪਾਸਾ ਵੱਟੀ ਬੈਠੀਆਂ ਹਨ। ਏਦੂੰ ਮਾੜਾ ਹੋਰ ਕੀ ਹੋ ਸਕਦਾ ਹੈ। ਐਡਵੋਕੇਟ ਮਮਿਨ ਮਲਿਕ, ਗੁਰਦਿਆਲ ਸਿੰਘ ਵਿਰਕ, ਜੱਟ ਰਾਖਵਾਂਕਰਨ ਸੰਘਰਸ਼ ਸੰਮਤੀ ਪੰਜਾਬ ਪ੍ਰਧਾਨ ਜਥੇਦਾਰ ਕਰਨੈਲ ਸਿੰਘ ਭਾਵੜਾ, ਸਰਦੂਲ ਸਿੰਘ ਸੰਧੂ ਮੱਲਵਾਲ ਜਦੀਦ, ਯੂਥ ਕਮਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਜੀ.ਐਸ. ਹੈਪੀ ਮਾਨ ਆਦਿ ਆਗੂਆਂ ਨੇ ਵੀ ਆਪੋ-ਆਪਣੇ ਸੰਬੋਧਨ 'ਚ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੇ ਜੀਵਨ ਅਤੇ ਕੁਰਬਾਨੀਆਂ ਵਾਲੇ ਇਤਿਹਾਸ ਨੂੰ ਪੜਣ ਅਤੇ ਸੇਧ ਲੈਣ ਦਾ ਸੱਦਾ ਦਿੱਤਾ।
ਚੇਅਰਮੈਨ ਮਲੂਕਾ ਕੀਤਾ ਸਾਥੀਆਂ ਸਮੇਤ ਸਿੱਜਦਾ
ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਸਾਥੀਆਂ ਸਮੇਤ ਹੁਸੈਨੀਵਾਲਾ ਸਮਾਰਕ 'ਤੇ ਪਹੁੰਚ ਸਿੱਜਦਾ ਕੀਤਾ। ਮਲੂਕਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜਜਬੇ ਤੇ ਕੁਰਬਾਨੀ ਤੋਂ ਨੌਜਵਾਨ ਵਰਗ ਨੂੰ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਕੁਰੀਤੀਆਂ ਰਹਿਤ ਸਮਾਜ ਸਿਰਜਿਆ ਜਾ ਸਕੇ। ਮਲੂਕਾ ਨੇ ਸ਼ਹੀਦੀ ਸਮਾਰਕਾਂ 'ਤੇ ਪ੍ਰਣ ਕੀਤਾ ਕਿ ਉਹ ਹਮੇਸ਼ਾ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਸੱਚੀ ਸੁੱਚੀ ਲੋਕ ਸੇਵਾ ਕਰਨ ਨੂੰ ਪਹਿਲ ਦੇਣਗੇ।
ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਕੱਢਿਆ ਜਾਗਰੁਕਤਾ ਮਾਰਚ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਉੱਚੀ-ਸੁੱਚੀ ਸੋਚ ਅਤੇ ਸੁਪਨਿਆਂ ਤੋਂ ਲੋਕਾਂ ਨੂੰ ਜਾਗਰੂਕ ਕਰਕੇ ਨਸ਼ੇ ਆਦਿ ਕੁਰੀਤੀਆਂ ਦੇ ਖਾਤਮੇ ਲਈ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵਲੋਂ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਹੁਸੈਨੀਵਾਲਾ ਸਮਾਰਕ ਤੱਕ ਜਾਗਰੁਕਤਾ ਮਾਰਚ ਕੱਢਿਆ ਗਿਆ, ਜਿਸ ਵਿਚ ਸੈਂਕੜੇ ਨੌਜਵਾਨ ਬਸੰਤੀ ਦਸਤਾਰਾਂ ਸਜਾ ਕੇ ਮੋਟਰਸਾਈਕਲਾਂ 'ਤੇ ਸਵਾਰ ਹੋ 'ਇਨਕਲਾਬ ਜਿੰਦਾਬਾਦ' ਦੇ ਨਾਅਰੇ ਲਗਾਉਂਦੇ ਹੋਏ ਸ਼ਾਮਿਲ ਹੋਏ। ਮਾਰਚ ਦੌਰਾਨ ਖੁੱਲ੍ਹੀ ਜੀਪ 'ਚ ਸਵਾਰ ਸ਼ਹੀਦ ਭਗਤ ਸਿੰਘ ਦੀ ਭਾਣਜੀ ਬੀਬੀ ਗੁਰਜੀਤ ਕੌਰ, ਪਾਕਿ-ਇੰਡੀਆ ਸ਼ਹੀਦ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਐਡਵੋਕੇਟ ਇਮਤਿਆਜ ਰਾਸ਼ਿਦ ਕੁਰੇਸ਼ੀ, ਐਡਵੋਕੇਟ ਮਮਿਨ ਮਲਿਕ ਦਾ ਜਗ੍ਹਾ-ਜਗ੍ਹਾ ਫ਼ਿਰੋਜ਼ਪੁਰ ਵਾਸੀਆਂ ਵਲੋਂ ਸਿਰੋਪਾਓ, ਦੋਸ਼ਾਲੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਵਾਗਤ ਕੀਤਾ ਗਿਆ। ਸ਼ਹੀਦੀ ਸਮਾਰਕ 'ਤੇ ਚੰਡੀਗੜ੍ਹ ਸਕੂਲ ਆਫ਼ ਡਰਾਮਾ ਮੰਚ ਵਲੋਂ ਇਕੱਤਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਇਨਕਲਾਬੀ ਨਾਟਕ ਖੇਡੇ ਗਏ। ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਗਰੁੱਪਾਂ ਦੇ ਰੂਪ 'ਚ ਹਜ਼ਾਰਾਂ ਲੋਕ ਸ਼ਹੀਦ ਭਗਤ ਸਿੰਘ ਨੂੰ ਸਿੱਜਦਾ ਕਰਨ ਲਈ ਪਹੁੰਚੇ। ਸ਼ਹੀਦੀ ਸਮਾਰਕਾਂ 'ਤੇ ਬਲਵੀਰ ਸਿੰਘ ਟੇਡੀ ਵਾਲਾ ਦੀ ਅਗਵਾਈ ਹੇਠ ਨੌਜਵਾਨਾਂ ਨੇ ਗੁਰੂ ਕੇ ਅਤੁੱਟ ਲੰਗਰ ਵਰਤਾਏ। ਸਮਾਗਮ ਸਫ਼ਲਤਾ ਲਈ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਆਗੂ ਹਰਦੇਵ ਸਿੰਘ ਸੰਧੂ ਮਹਿਮਾ, ਪ੍ਰੇਮਪਾਲ ਸਿੰਘ ਢਿੱਲੋਂ, ਵਰਿੰਦਰ ਸਿੰਘ ਵੈਰੜ, ਬਲਕਰਨ ਸਿੰਘ ਹਾਜੀ ਵਾਲਾ, ਚੇਅਰਮੈਨ ਪਰਮਜੀਤ ਸਿੰਘ ਸੰਧੂ ਸੂਬਾ ਕਾਹਨ ਚੰਦ, ਸੁਖਵਿੰਦਰ ਸਿੰਘ ਬੁਲੰਦੇਵਾਲੀ, ਸ਼ੈਰੀ ਸੰਧੂ, ਈਸ਼ਵਰ ਸ਼ਰਮਾ, ਕਿਸ਼ਨ ਚੰਦ ਜਾਗੋਵਾਲੀਆ, ਰਾਜਿੰਦਰ ਸਿੰਘ ਹਾਂਡਾ, ਭੁਪਿੰਦਰ ਸਿੰਘ ਮੁੱਦਕੀ, ਕੁਲਬੀਰ ਸਿੰਘ ਮੱਲਵਾਲ, ਮਹਿੰਦਰ ਸਿੰਘ ਧਾਲੀਵਾਲ, ਸੁਖਰਾਜ ਸਿੰਘ ਭਾਵੜਾ, ਬਾਬਾ ਗੁਰਬਚਨ ਸਿੰਘ, ਲਖਵੀਰ ਸਿੰਘ ਵਕੀਲਾਂ ਵਾਲੀ ਆਦਿ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ।