ਵੋਟ ਪ੍ਰਤੀਸ਼ਸਤਾ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਮਿਲਕੇ ਕਰਨਗੀਆਂ ਕੰਮ
ਫਿਰੋਜ਼ਪੁਰ 15 ਮਾਰਚ 2019 (ਹਰੀਸ਼ ਮੌਂਗਾ) ਲੋਕ ਸਭਾ ਚੋਣਾਂ ਵਿੱਚ ਜ਼ਿਲ੍ਹੇ ਦੀ ਵੋਟ ਪ੍ਰਤੀਸ਼ਸਤਾ ਵਧਾਉਣ ਲਈ ਸਵੀਪ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼ਹਿਰ ਦੇ ਸਮਾਜ ਸੇਵੀ ਸੰਗਠਨ ਹੁਣ ਮਿਲਕੇ ਕੰਮ ਕਰਨਗੇ। ਜ਼ਿਲ੍ਹਾ ਚੋਣ ਅਫਸਰ-ਕਮ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਦੇ ਦਿਸ਼ਾ-ਨਿਰਦੇਸ਼ਾ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ.) ਸ੍ਰ. ਰਵਿੰਦਰ ਸਿੰਘ ਦੀ ਅਗਵਾਈ ਵਿੱਚ ਸਵੀਪ ਮੁਹਿੰਮ ਤਹਿਤ ਮੀਟਿੰਗ ਕੀਤੀ ਗਈ। ਜਿਸ ਵਿੱਚ ਸ਼ਹਿਰ ਦੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾ ਤੇ ਵੋਟ ਪ੍ਰਤੀਸ਼ਸਤਾ ਵਧਾਉਣ ਲਈ ਇਸ ਵਾਰ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਸ਼ਹਿਰੀ ਇਲਾਕਿਆਂ ਵਿੱਚ ਹਰ ਵਾਰ ਵੋਟ ਪ੍ਰਤੀਸ਼ਸਤਾ ਘੱਟ ਰਹਿੰਦੀ ਹੈ। ਜਿਸ ਨੂੰ ਉੱਪਰ ਚੁੱਕਣ ਲਈ ਇੱਕ ਵੱਡੀ ਜਾਗਰੂਕਤਾ ਮੁਹਿੰਮ ਦੀ ਲੋੜ ਹੈ। ਸਮਾਜ ਸੇਵੀ ਸੰਸਥਾਵਾਂ ਨੇ ਵੋਟਰ ਜਾਗਰੂਕਤਾ ਦੇ ਤਹਿਤ ਹਰ ਸੰਭਵ ਯੋਗਦਾਨ ਦੇਣ ਦਾ ਭਰੋਸਾ ਦਿੱਤਾ। ਸੰਸਥਾਵਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਸਿਲਸਿਲੇਵਾਰ ਪ੍ਰੋਗਰਾਮ ਕੀਤੇ ਜਾਣਗੇ। ਸਵੀਪ ਪ੍ਰੋਗਰਾਮ ਤਹਿਤ ਬਣਾਏ ਗਏ ਅਬੈਂਸਡਰ ਦੇ ਨਾਲ ਸ਼ਹਿਰ ਵਿੱਚ ਇੱਕ ਸਾਈਕਲ ਰੈਲੀ ਕੱਢੀ ਜਾਵੇਗੀ, ਇਸ ਤੋਂ ਬਾਅਦ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਤੇ ਪ੍ਰੋਗਰਾਮ ਕੀਤੇ ਜਾਣਗੇ। ਸ਼ਹਿਰ ਦੇ ਟਾਊਨ ਹਾਲ ਵਿੱਚ ਵੋਟਰ ਜਾਗਰੂਕਤਾ ਲਈ ਨੁੱਕੜ ਨਾਟਕ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਅਮਿਤ ਫਾਊਂਡੇਸ਼ਨ ਵੱਲੋਂ ਦਿੱਲੀ ਗੇਟ ਵਿਖੇ ਪੁਲਿਸ ਸਟੇਸ਼ਨ ਦੇ ਸਾਹਮਣੇ ਪਾਰਕਿੰਗ ਵਾਲੀ ਥਾਂ ਤੇ ਅਤੇ ਲਾਈਨਜ਼ ਕਲੱਬ ਵੱਲੋਂ ਸਤਬਾਗ ਬਾਗੀ ਹਸਪਤਾਲ ਵਾਲੇ ਪਾਰਕ ਵਿਖੇ ਇਹ ਪ੍ਰੋਗਰਾਮ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਿਨੀਅਰ ਸਿਟੀਜਨ ਫਿਰੋਜ਼ਪੁਰ ਵੱਲੋਂ ਬਿਰਧ ਆਸ਼ਰਮ ਵਿੱਚ ਅਤੇ ਨਹਿਰੂ ਯੁਵਾ ਕੇਂਦਰ ਦੀ ਪ੍ਰਧਾਨਗੀ ਹੇਠ ਸ਼ਹੀਦ ਕਰਤਾਰ ਸਿੰਘ ਯੂਥ ਕਲੱਬ ਵੱਲੋਂ ਪਿੰਡ ਬਹਾਦਰ ਕੇ ਵਿਖੇ ਇਹ ਪ੍ਰੋਗਰਾਮ ਕਰਵਾਏ ਜਾਣਗੇ। ਮੀਟਿੰਗ ਵਿਚ ਕੁੱਝ ਸੰਸਥਾਵਾਂ ਨੇ ਸੁਝਾਅ ਦਿੰਦਿਆਂ ਕਿਹਾ ਕਿ ਪਬਲਿਕ ਯੂਟਿਲੀਟੀ ਵਾਲੇ ਦਸਤਾਵੇਜ ਜਿਵੇਂ ਪਾਣੀ/ਸੀਵਰੇਜ ਦੇ ਬਿੱਲ, ਬਿਜਲੀ ਦੇ ਬਿੱਲ, ਸ਼ਾਪਿੰਗ ਦੇ ਬਿੱਲ, ਟੈਲੀਫੋਨ ਦੇ ਬਿੱਲ ਤੇ ਵੋਟਿੰਗ ਅਪੀਲ ਵਾਲੀ ਮੋਹਰ ਲਗਾਈ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਇਸ ਸੁਝਾਅ ਤੇ ਸਬੰਧਿਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਤੇ ਵੋਟਿੰਗ ਦੀ ਅਪੀਲ ਵਾਲੇ ਹੋਰਡਿੰਗਜ਼ ਅਤੇ ਬੈਨਰ ਲਗਾਉਣ ਬਾਰੇ ਵੀ ਚਰਚਾ ਹੋਈ। ਕੁਝ ਸੰਸਥਾਵਾ ਦੇ ਨੁਮਾਇੰਦਿਆਂ ਨੇ ਸੁਝਾਅ ਦਿੱਤੇ ਕਿ 18 ਸਾਲ ਤੋਂ ਉੱਪਰ ਦੀ ਉਮਰ ਵਾਲੇ ਵੋਟਰਾਂ ਨੂੰ ਇੱਕ ਪ੍ਰੋਗਰਾਮ ਵਿਚ ਬੁਲਾ ਕੇ ਵੋਟੀ ਪਾਉਣ ਦੀ ਅਪੀਲ ਕੀਤੀ ਜਾਵੇ। ਨਾਲ ਹੀ ਉਨ੍ਹਾਂ ਵੋਟਰਾਂ ਨੂੰ ਪ੍ਰਮਾਣ ਪੱਤਰ ਵੀ ਦਿੱਤਾ ਜਾਵੇ। ਇਸ ਸੁਝਾਅ ਨੂੰ ਸਾਰਿਆਂ ਮੈਂਬਰਾ ਵੱਲੋਂ ਸਰਾਹਿਆ ਗਿਆ। ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਸਵੀਪ ਮੁਹਿੰਮ ਦੇ ਨੋਡਲ ਅਫਸਰ ਡਾ: ਸਤਿੰਦਰ ਸਿੰਘ ਨੂੰ ਸਾਰੇ ਐਨ.ਓ.ਜੀ ਮੈਂਬਰਾਂ ਨੂੰ ਸੁਝਾਅ ਨੂੰ ਅਮਲ ਵਿਚ ਲਿਆਉਣ ਲਈ ਕਿਹਾ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਲੋਕਾਂ ਦੇ ਮਿੱਲੇ ਜ਼ੁਲੇ ਯਤਨਾ ਨਾਲ ਹੀ ਲੋਕਸਭਾ ਚੁਣਾਵ ਵਿਚ ਫਿਰੋਜ਼ਪੁਰ ਜ਼ਿਲ੍ਹੇ ਵਿਚ ਚੰਗਾ ਵੋਟਿੰਗ ਪ੍ਰਤੀਸ਼ਤ ਹਾਸਲ ਕੀਤਾ ਜਾ ਸਕਦਾ ਹੈ।
ਇਸ ਮੌਕੇ ਤਹਿਤਸਾਲ ਚੋਣਾਂ ਚਾਂਦ ਪ੍ਰਕਾਸ਼, ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ, ਕਾਰਜਕਾਰੀ ਇੰਜੀਨੀਅਰ ਬੀਰਪ੍ਰਤਾਪ ਗਿੱਲ, ਕੁਆਰਡੀਨੇਟਰ ਸਰਬਜੀਤ ਸਿੰਘ ਬੇਦੀ, ਐਨ.ਜੀ.ਓ ਮੈਂਬਰ ਹਰੀਸ਼ ਮੌਂਗਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।