ਵਿਸ਼ਵ ਵਾਤਾਵਰਨ ਦਿਵਸ ਮੌਕੇ ਜਾਗਰੂਕਤਾ ਸਾਈਕਲ ਰੈਲੀ ਆਯੋਜਿਤ, ਸਤਲੁਜ ਦਰਿਆ ਦੇ ਕੰਢੇ ਪਹੁੰਚ ‘ਸਤਲੁਜ ਬਚਾਓ- ਵਾਤਾਵਰਨ ਬਚਾਓ’ ਦਾ ਦਿੱਤਾ ਸੰਦੇਸ਼
ਵਿਸ਼ਵ ਵਾਤਾਵਰਨ ਦਿਵਸ ਮੌਕੇ ਜਾਗਰੂਕਤਾ ਸਾਈਕਲ ਰੈਲੀ ਆਯੋਜਿਤ
ਸਤਲੁਜ ਦਰਿਆ ਦੇ ਕੰਢੇ ਪਹੁੰਚ ‘ਸਤਲੁਜ ਬਚਾਓ- ਵਾਤਾਵਰਨ ਬਚਾਓ’ ਦਾ ਦਿੱਤਾ ਸੰਦੇਸ਼।
ਫਿਰੋਜ਼ਪੁਰ, 5-6-2024: ਵਿਸ਼ਵ ਵਾਤਾਵਰਨ ਦਿਵਸ ਮੌਕੇ ਵਾਤਾਵਰਨ ਦੇ ਵੱਧਦੇ ਪ੍ਰਦੂਸ਼ਣ ਅਤੇ ਸਤਲੁਜ ਦਰਿਆ ਦੇ ਪ੍ਰਦੂਸ਼ਿਤ ਪਾਣੀ ਕਾਰਨ ਹੋ ਰਹੀਆਂ ਲਾਇਲਾਜ ਬਿਮਾਰੀਆਂ ਪ੍ਰਤੀ ਜਾਗਰੂਕ ਪੈਦਾ ਕਰਨ ਦੇ ਉਦੇਸ਼ ਨਾਲ ਸਮਾਜ ਸੇਵੀ ਸੰਸਥਾ ਐਗਰੀਡ ਫਾਊਂਡੇਸ਼ਨ (ਰਜਿ) ਫਿਰੋਜ਼ਪੁਰ ਅਤੇ ਹਰਿਆਵਲ ਪੰਜਾਬ, ਇਕਾਈ ਫਿਰੋਜ਼ਪੁਰ ਵੱਲੋਂ ਹੁਸੈਨੀਵਾਲਾ ਰਾਈਡਰਜ ਫਿਰੋਜ਼ਪੁਰ ਦੇ ਸਹਿਯੋਗ ਨਾਲ “ਸਤਲੁਜ ਬਚਾਓ -ਵਾਤਾਵਰਨ ਬਚਾਓ” ਦਾ ਸੰਦੇਸ਼ ਦਿੰਦੀ ਜਾਗਰੂਕਤਾ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਸਾਈਕਲਾਂ ਅੱਗੇ ਵਾਤਾਵਰਣ ਜਾਗਰੂਕਤਾ ਪੈਦਾ ਕਰਦੇ ਸਲੋਗਨ ਲਿਖੇ ਰੰਗ ਬਰੰਗੇ ਚਾਰਟ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਿਆਵਲ ਪੰਜਾਬ ਦੇ ਆਗੂ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ ਸੁਸਾਇਟੀ ਅਤੇ ਹੁਸੈਨੀ ਵਾਲਾ ਰਾਈਡਰਜ ਦੇ ਸੋਹਣ ਸਿੰਘ ਸੋਢੀ ਨੇ ਦੱਸਿਆ ਕਿ ਵਾਤਾਵਰਨ ਦਾ ਵੱਧਦਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਹੈ। ਧਰਤੀ ਨੂੰ ਹਰਿਆ ਭਰਿਆ ਬਣਾਉਣ ਲਈ ਆਉਣ ਵਾਲੇ ਬਰਸਾਤ ਦੇ ਮੌਸਮ ਵਿੱਚ ਵੱਧ ਤੋਂ ਵੱਧ ਦਰਖਤ ਲਾਉਣ ਅਤੇ ਉਹਨਾਂ ਦੀ ਸੰਭਾਲ ਕਰਨ ਦੀ ਜਰੂਰਤ ਹੈ । ਇਸ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਗੁਰਦੁਆਰਾ ਸਾਰਾਗੜੀ ਸਾਹਿਬ ਤੋਂ ਚੱਲ ਕੇ ਸਤਲੁਜ ਦਰਿਆ ਹੁਸੈਨੀ ਵਾਲਾ ਤੱਕ ਵਾਤਾਵਰਨ ਪ੍ਰੇਮੀਆਂ ਨੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਹੈ। ਉਨਾਂ ਨੇ ਲੋਕਾਂ ਨੂੰ ਵਾਤਾਵਰਨ ਸੰਭਾਲ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।
ਐਗਰੀਡ ਫਾਊਂਡੇਸ਼ਨ ਦੇ ਪ੍ਰਧਾਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦਾ ਸਭ ਤੋਂ ਵੱਡਾ ਸਤਲੁਜ ਦਰਿਆ ਕਿਸੇ ਸਮੇਂ ਫਿਰੋਜ਼ਪੁਰ ਇਲਾਕੇ ਦੇ ਖੇਤੀ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਵਰਦਾਨ ਸੀ। ਪਰੰਤੂ ਮਨੁੱਖੀ ਗਲਤੀਆਂ ਦੇ ਕਾਰਨ ਇਹ ਹੁਣ ਸਰਾਪ ਬਣ ਚੁੱਕਿਆ ਹੈ। ਇਹ ਦਰਿਆ ਜਦੋਂ ਹੁਸੈਨੀ ਵਾਲਾ ਪਹੁੰਚਦਾ ਹੈ, ਤਾਂ ਇਹ ਸੇਮ ਨਾਲੇ ਦਾ ਰੂਪ ਧਾਰਨ ਕਰ ਜਾਂਦਾ ਹੈ ,ਇਸ ਦੇ ਪਾਣੀ ਦਾ ਰੰਗ ਕਾਲਾ , ਬੇਹੱਦ ਪ੍ਰਦੂਸ਼ਿਤ ਅਤੇ ਬਦਬੂ ਵਾਲਾ ਹੋ ਜਾਂਦਾ ਹੈ। ਇਸ ਦੇ ਕੰਢੇ ਵੱਸੇ ਲੋਕ ਕੈਂਸਰ ,ਕਾਲਾ ਪੀਲੀਆ, ਕਿਡਨੀ ਦੇ ਰੋਗ ਅਤੇ ਅਨੇਕਾਂ ਲਾਇਲਾਜ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਕੁਝ ਸਮਾਂ ਪਹਿਲਾਂ ਲੋਕ ਇਸ ਪਾਣੀ ਨੂੰ ਪਵਿੱਤਰ ਸਮਝ ਕੇ ਵਿਸ਼ੇਸ਼ ਦਿਨ ਇਸ਼ਨਾਨ ਕਰਨ ਜਾਂਦੇ ਸੀ, ਪ੍ਰੰਤੂ ਅੱਜ ਇਸ ਕੋਲ ਖੜਨ ਤੋਂ ਵੀ ਗੁਰੇਜ ਕਰਦੇ ਹਨ। ਕਸੂਰ (ਪਾਕਿਸਤਾਨ) ਦੇ ਚਮੜਾ ਉਦਯੋਗ ਦਾ ਕੈਮੀਕਲ ਵਾਲਾ ਪਾਣੀ, ਬੁੱਢਾ ਨਾਲਾ , ਕਾਲਾ ਸੰਘਿਆ ਡਰੇਨ ਅਤੇ ਸੀਵਰੇਜ ਸਿਸਟਮ ਨੇ ਇਸ ਦੇ ਹਾਲਾਤ ਹੋਰ ਵੀ ਗੰਭੀਰ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਦਰਿਆ ਦੀ ਸੰਭਾਲ ਨਾ ਹੋਣ ਕਾਰਨ ਹੜਾਂ ਕਾਰਨ ਵੀ ਵੱਡਾ ਨੁਕਸਾਨ ਇਸ ਇਲਾਕੇ ਦਾ ਹੀ ਹੋ ਰਿਹਾ ਹੈ,ਇਸ ਲਈ ਮਨੁੱਖਤਾ ਦੀ ਭਲਾਈ ਲਈ ਆਉ ਵਿਸ਼ਵ ਵਾਤਾਵਰਣ ਦਿਵਸ ਮੌਕੇ “ਸਤਲੁਜ ਬਚਾਉ ਵਾਤਾਵਰਣ ਬਚਾਓ ” ਦੀ ਗੱਲ ਸਰਕਾਰ ਤੱਕ ਪਹੁੰਚਾਈਏ ਅਤੇ ਸਮਾਜ ਨੂੰ ਵੀ ਜਾਗਰੂਕ ਕਰੀਏ।
ਇਸ ਰੈਲੀ ਨੂੰ ਸਫਲ ਬਣਾਉਣ ਵਿੱਚ ਅਮਨ ਸ਼ਰਮਾ ਉੱਘੇ ਸਾਈਕਲਿਸਟ, ਡਾ ਆਕਾਸ਼ ਅਗਰਵਾਲ, ਇੰਜ ਗੁਰਮੁੱਖ ਸਿੰਘ, ਇੰਜ ਜਗਦੀਪ ਸਿੰਘ ਮਾਂਗਟ, ਐਡਵੋਕੇਟ ਮਨਜੀਤ ਸਿੰਘ ਜੋਸਨ ਰਮਨ ਕੁਮਾਰ ,ਕੁਲਦੀਪ ਸਿੰਘ ਬਰਾੜ, ਗੁਰਭੈਅ ਸਿੰਘ ਬਰਾੜ ,ਮਨਜੀਤ ਸਿੰਘ ਗੋਗੀਆ ,ਮਲਕੀਤ ਸਿੰਘ,ਅਮਿਤ ਕੁਮਾਰ ਅਤੇ ਵੀਲ ਆਨ ਸਿਟੀ ਦੇ ਮੈਂਬਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।