Ferozepur News

ਲੋਕ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਤੋਂ ਆਪਣੀ ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਤੇ ਆਪਣੀ ਮਰਜ਼ੀ ਦੀ ਸਰਕਾਰ ਚੁਣਨ: ਐੱਸ.ਡੀ.ਐੱਮ

ਲੋਕ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਤੋਂ ਆਪਣੀ ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਤੇ ਆਪਣੀ ਮਰਜ਼ੀ ਦੀ ਸਰਕਾਰ ਚੁਣਨ: ਐੱਸ.ਡੀ.ਐੱਮ

ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਦੀ ਅਗਵਾਈ ਹੇਠ ਲੋਕਾਂ ਖ਼ਾਸ ਕਰ ਨਵੇਂ ਬਣੇ ਵੋਟਰਾਂ ਵਿੱਚ ਵੋਟਾਂ ਦੀ ਮਹੱਤਤਾ ਤੋਂ ਜਾਣੂੰ ਕਰਵਾਉਣ ਲਈ 10 ਵੇਂ ਰਾਸ਼ਟਰੀ ਵੋਟਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਆਰ.ਐੱਸ.ਡੀ.ਕਾਲਜ ਫਿਰੋਜ਼ਪੁਰ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐੱਸ.ਡੀ.ਐੱਮ. ਸ੍ਰੀ. ਅਮਿਤ ਗੁਪਤਾ ਨੇ ਸ਼ਿਰਕਤ ਕੀਤੀ। ਇਸ ਮੌਕੇ ਤਹਿਸੀਲਦਾਰ ਇੰਦਰਜੀਤ ਸਿੰਘ ਜੋਸ਼ੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਗੁਰਦਰਸ਼ਨ ਸਿੰਘ, ਡਿਪਟੀ ਡੀ.ਈ.ਓ. ਜਗਜੀਤ ਸਿੰਘ, ਪ੍ਰਿੰਸੀਪਲ ਆਰ.ਐੱਸ.ਡੀ. ਕਾਲਜ ਦਿਨੇਸ਼ ਸ਼ਰਮਾ ਅਤੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਚੋਣ ਕਮਿਸ਼ਨਰ ਸ੍ਰੀ ਸੁਨੀਲ ਅਰੋੜਾ ਦਾ ਵੀਡੀਓ ਸੰਦੇਸ਼ ਵੀ ਸੁਣਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਅਤੇ ਸਮੂਹ ਪਤਵੰਤਿਆਂ ਵੱਲੋਂ ਸਮਾਂ-ਰੋਸ਼ਨ ਕਰਕੇ ਕੀਤੀ ਗਈ ਅਤੇ ਸੰਗੀਤਕ ਵਿਭਾਗ ਆਰ.ਐੱਸ.ਡੀ. ਕਾਲਜ ਦੇ ਬੱਚਿਆਂ ਵੱਲੋਂ ਆਏ ਹੋਏ ਮੁੱਖ ਮਹਿਮਾਨ ਤੇ ਹੋਰ ਪਤਵੰਤਿਆਂ ਦਾ ਸੰਗੀਤ ਰਾਹੀਂ ਜੀ ਆਇਆ ਕਿਹਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਐੱਸ.ਡੀ.ਐੱਮ. ਸ੍ਰੀ. ਅਮਿਤ ਗੁਪਤਾ ਨੇ ਕਿਹਾ ਕਿ ਭਾਰਤ ਦੇ ਹਰੇਕ 18 ਸਾਲ ਦੇ ਨਾਗਰਿਕ ਨੂੰ ਸੰਵਿਧਾਨ ਅਨੁਸਾਰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ ਤੇ ਸਾਡੇ ਸੰਵਿਧਾਨ ਨੇ ਸਾਨੂੰ ਵੋਟ ਦਾ ਅਧਿਕਾਰ ਦੇ ਕੇ ਅਜਿਹੀ ਤਾਕਤ ਪ੍ਰਦਾਨ ਕੀਤੀ ਹੈ, ਜਿਸ ਦੀ ਵਰਤੋਂ ਕਰਕੇ ਅਸੀਂ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਾਂ । ਉਨ੍ਹਾਂ ਵੋਟ ਦੇ ਹੱਕ ਦੀ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਤੋਂ ਵਰਤੋਂ ਕਰਨ ਤੇ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਦੇ ਸੁਨਹਿਰੇ ਭਵਿੱਖ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਉਨ੍ਹਾਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਆਪਣੀ ਅਤੇ ਆਪਣੇ ਨੁਮਾਇੰਦਿਆਂ ਦੀ ਵੋਟ ਬਣਾਉਣ ਤੋਂ ਇਲਾਵਾ ਇਸ ਦੇ ਸਹੀ ਇਸਤੇਮਾਲ ਸਬੰਧੀ ਖ਼ੁਦ ਵੀ ਜਾਗਰੂਕ ਹੋਣ ਤੇ ਹੋਰਨਾਂ ਨੂੰ ਵੀ ਜਾਗਰੂਕ ਕਰਨ।  ਉਨ੍ਹਾਂ ਸਮੂਹ ਹਾਜ਼ਰੀਨ ਨੂੰ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਦਾ ਪ੍ਰਣ ਵੀ ਦਿਵਾਇਆ। ਇਸ ਉਪਰੰਤ ਐੱਸ.ਡੀ.ਐੱਮ. ਵੱਲੋਂ 18 ਤੋਂ 19 ਸਾਲ ਦੇ ਨਵੇਂ ਵੋਟਰਾਂ ਨੂੰ ਫ਼ੋਟੋ ਵੋਟਰ ਕਾਰਡ ਵੰਡ ਕੇ ਵਿਸ਼ੇਸ਼ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।  ਪ੍ਰਿੰਸੀਪਲ ਆਰ.ਐੱਸ.ਡੀ. ਕਾਲਜ ਦਿਨੇਸ਼ ਸ਼ਰਮਾ ਨੇ ਨੈਸ਼ਨਲ ਵੋਟਰ ਦਿਵਸ ਤੇ ਮੁੱਖ ਮਹਿਮਾਨ ਨੂੰ ਜੀ ਆਇਆ ਕਹਿੰਦਿਆਂ ਕਿਹਾ ਕਿ ਸਾਡੇ ਸੰਵਿਧਾਨ ਨੇ ਹਰੇਕ ਯੋਗ ਨਾਗਰਿਕ ਨੂੰ ਵੋਟ ਦਾ ਅਧਿਕਾਰ ਦੇ ਕੇ ਇੱਕ ਅਜਿਹੀ ਤਾਕਤ ਪ੍ਰਦਾਨ ਕੀਤੀ ਹੈ ਜਿਸ ਦੀ ਵਰਤੋਂ ਕਰਕੇ ਅਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਾਂ। ਉਨ੍ਹਾਂ ਨੌਜਵਾਨ ਵਰਗ ਨੂੰ ਪ੍ਰੇਰਤ ਕੀਤਾ ਕਿ ਨੌਜਵਾਨ ਸ਼ਕਤੀ ਕਿਸੇ ਵੀ ਚੁਨੌਤੀ ਦਾ ਸਾਹਮਣਾ ਕਰ ਸਕਦੀ ਹੈ, ਇਸ ਲਈ ਨੌਜਵਾਨ ਵੱਧ ਤੋਂ ਵੱਧ ਲੋਕਾਂ ਨੂੰ ਆਪਣੀ ਵੋਟ ਦਾ ਨਿਡਰ ਹੋ ਕੇ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨ ਭਵਿੱਖ ਦੇ ਨਿਰਮਾਤਾ ਹੁੰਦੇ ਹਨ ਅਤੇ ਸਮਾਜ ਦੇ ਭਵਿੱਖ ਨੂੰ ਤਾਂ ਹੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਜੇਕਰ ਸਹੀ ਸੋਚ ਵਾਲੇ ਉਮੀਦਵਾਰਾਂ ਨੂੰ ਹੀ ਵੋਟਾਂ ਪਾਈਆਂ ਜਾਣ।  ਉਨ੍ਹਾਂ ਸਮੂਹ ਨੌਜਵਾਨਾਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨਾਂ ਵੱਲੋਂ ਵੱਧ ਤੋਂ ਵੱਧ ਵੋਟ ਬਣਵਾਏ ਜਾਣ ਅਤੇ ਉਹ ਆਪਣੀ ਵੋਟ ਦੇ ਹੱਕ ਦਾ ਬਿਨਾਂ ਡਰ, ਭੈਅ ਜਾਂ ਲਾਲਚ ਦੇ ਇਸਤੇਮਾਲ ਕਰਨ। ਸਵੀਪ ਦੇ ਜ਼ਿਲ੍ਹਾ ਕੁਆਰਡੀਨੇਟਰ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੇ ਸਵੀਪ ਮੁਹਿੰਮ ਤਹਿਤ ਪਿਛਲੇ ਸਮੇਂ ਵਿੱਚ ਕੀਤੀਆਂ ਗਤੀਵਿਧੀਆਂ, ਨਵੇਂ ਵੋਟਰ ਰਜਿਸਟਰਡ ਕਰਨ, ਜਾਗਰੂਕਤਾ ਮੁਹਿੰਮਾਂ, ਸਾਈਕਲ ਰੈਲੀਆਂ ਸਮੇਤ ਵੱਖ-ਵੱਖ ਗਤੀਵਿਧੀਆਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।  ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਵੋਟਰ ਜਾਗਰੂਕਤਾ ਲਈ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਵਿਸ਼ੇਸ਼ ਤੌਰ ਤੇ ਗੀਤ ਰਿਕਾਰਡ ਕਰਵਾ ਕੇ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਭੇਜੇ ਗਏ ਹਨ ਜਿਸਦੇ ਸਾਰਥਿਕ ਨਤੀਜੇ ਮਿਲੇ ਹਨ। ਇਸ ਮੌਕੇ ਸੁਮਨ, ਸੁਖਜੀਵਨ ਸਿੰਘ ਅਤੇ ਤਾਨਿਸ ਵਿਦਿਆਰਥੀਆਂ ਵੱਲੋਂ ਆਪਣੇ ਭਾਸ਼ਣਾਂ ਰਾਹੀਂ ਹਾਜ਼ਰ ਪਤਵੰਤਿਆਂ ਨੂੰ ਵੋਟ ਦੀ ਅਹਿਮੀਅਤ ਸਬੰਧੀ ਜਾਗਰੂਕ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਪੰਜਾਬੀ ਦੇ ਪ੍ਰੋਫੈਸਰ ਸ੍ਰੀ. ਕੁਲਦੀਪ ਸਿੰਘ ਵੱਲੋਂ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਬੈੱਸਟ ਈ.ਆਰ.ਓ ਵਜੋਂ ਐੱਸ.ਡੀ.ਐੱਮ. ਸ੍ਰੀ. ਅਮਿਤ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ।  ਵੋਟਰ ਦਿਵਸ ਸਬੰਧੀ ਕਰਵਾਏ ਮੁਕਾਬਿਲਆਂ ਵਿੱਚ ਵੱਖ ਵੱਖ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲਿਆਂ 25 ਦੇ ਲਗਭਗ ਵਿਦਿਆਰਥੀਆਂ ਅਤੇ ਵੋਟਰ ਪ੍ਰਤੀਸ਼ਸਤਾ ਵਧਾਉਣ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵੱਖ-ਵੱਖ ਐੱਨ.ਜੀ.ਓਜ਼, ਵਿਭਾਗੀ ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਗਨ ਕਾਨੂੰਗੋ, ਪਿਆਰਾ ਸਿੰਘ ਬੀ.ਡੀ.ਪੀ.ਓ, ਪ੍ਰੋਫ਼ੈਸਰ ਅਜਾਦਵਿੰਦਰ ਸਿੰਘ, ਪ੍ਰੋਗਰਾਮਰ ਤਰਲੋਚਨ ਸਿੰਘ, ਸਵੀਪ ਟੀਮ ਮੈਂਬਰ ਕਮਲ ਸ਼ਰਮਾ ਤੇ ਲਖਵਿੰਦਰ ਸਿੰਘ ਅਤੇ ਪਿੱਪਲ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ, ਵਿੱਦਿਅਕ ਸੰਸਥਾਵਾਂ ਦੇ ਮੁਖੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button