ਰੈੱਡ ਕਰਾਸ ਦੀ ਅਪੀਲ ਦੇ ਹੈਂਡੀਕੈਪਡ ਨੌਜਵਾਨ ਸਿਵਲ ਹਸਪਤਾਲ ਵਿਖੇ ਖ਼ੂਨਦਾਨ ਕਰਨ ਲਈ ਪਹੁੰਚਿਆ
ਸਹਾਇਕ ਕਮਿਸ਼ਨਰ ਨੇ ਨੌਜਵਾਨ ਦੇ ਜਜ਼ਬੇ ਦੀ ਕੀਤੀ ਤਾਰੀਫ਼, ਖ਼ੂਨਦਾਨ ਦੇਣ ਲਈ ਕੀਤਾ ਧੰਨਵਾਦ
ਫ਼ਿਰੋਜ਼ਪੁਰ 22 ਅਪ੍ਰੈਲ 2020
ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵੱਲੋਂ ਕੁੱਝ ਦਿਨ ਪਹਿਲਾਂ ਇੱਕ ਅਪੀਲ ਕੀਤੀ ਗਈ ਸੀ ਜਿਸ ਵਿਚ ਇਹ ਕਿਹਾ ਗਿਆ ਸੀ ਕਿ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਚ ਖ਼ੂਨ ਦੀ ਘਾਟ ਚੱਲ ਰਹੀ ਹੈ ਤੇ ਕੋਈ ਵੀ ਖ਼ੂਨਦਾਨੀ ਵਿਅਕਤੀ ਆ ਕੇ ਖ਼ੂਨ ਦੇ ਸਕਦਾ ਹੈ। ਉਨ੍ਹਾਂ ਦੀ ਇਸ ਅਪੀਲ ਤੋਂ ਬਾਅਦ ਗੁਰੂਹਰਸਹਾਏ ਦਾ ਇੱਕ ਹੈਂਡੀਕੈਪਡ ਨੌਜਵਾਨ ਖ਼ੂਨਦਾਨ ਲਈ ਸਿਵਲ ਹਸਪਤਾਲ ਵਿਖੇ ਪਹੁੰਚਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਕੰਵਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੀ ਛੋਟੀ ਜਿਹੀ ਅਪੀਲ ਤੇ ਅੱਜ ਗੁਰੂਹਰਸਹਾਏ ਦਾ ਇੱਕ ਹੈਂਡੀਕੈਪਡ ਨੌਜਵਾਨ ਰਾਜ ਸਿੰਘ ਸਿਵਲ ਹਸਪਤਾਲ ਵਿਖੇ ਖ਼ੂਨ ਦਾਨ ਕਰਨ ਲਈ ਆਇਆ ਹੈ। ਉਨ੍ਹਾਂ ਨੌਜਵਾਨ ਰਾਜ ਸਿੰਘ ਦੇ ਜਜ਼ਬੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਬਹੁਤ ਹੈਰਾਨ ਹਨ ਕਿ ਹੈਂਡੀਕੈਪਡ ਹੋਣ ਦੇ ਬਾਵਜੂਦ ਨੌਜਵਾਨ ਵਿਚ ਕਿਸੇ ਦੀ ਭਲਾਈ ਕਰਨ ਦਾ ਜਜ਼ਬਾ ਹੈ ਤੇ ਅਪੀਲ ਤੋਂ ਬਾਅਦ ਸਭ ਤੋਂ ਪਹਿਲਾਂ ਇਸ ਨੌਜਵਾਨ ਨੇ ਖ਼ੂਨਦਾਨ ਦੀ ਪਹਿਲ ਕੀਤੀ ਹੈ।
ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਖ਼ੂਨ ਦਾਨ ਇੱਕ ਮਹਾਦਾਨ ਹੈ ਇਸ ਨਾਲ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਇਸ ਲਈ ਜੇਕਰ ਕੋਈ ਵਿਅਕਤੀ ਖ਼ੂਨਦਾਨ ਕਰਨਾ ਚਾਹੁੰਦਾ ਹੈ ਤਾਂ ਉਹ ਰੈੱਡ ਕਰਾਸ ਸ਼ਾਖਾ ਜਾਂ ਸਿਵਲ ਹਸਪਤਾਲ ਨਾਲ ਸੰਪਰਕ ਕਰ ਕੇ ਇੱਕ ਨਿਸ਼ਚਿਤ ਮਿਤੀ ਲੈ ਕੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਲਈ ਖ਼ੂਨਦਾਨ ਕਰ ਸਕਦਾ ਹੈ। ਇਸ ਮੌਕੇ ਸਕੱਤਰ ਰੈੱਡ ਕਰਾਸ ਅਸ਼ੋਕ ਬਹਿਲ ਵੀ ਹਾਜ਼ਰ ਸਨ।