ਰੈਸ਼ਨੇਲਾਈਜੇਸ਼ਨ ਦਾ ਵਿਰੋਧ ਕਰੇਗੀ ਗੌਰਮਿੰਟ ਟੀਚਰਜ਼ ਯੂਨੀਅਨ
ਪੰਜਾਬ ਸਰਕਾਰ ਵਲੋਂ ਚੌਣਾਂ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਬਹੁਤ ਵਾਅਦੇ ਕੀਤੇ ਸਨ ਕਿ ਉਨ੍ਹਾਂ ਦੀ ਸਰਕਾਰ ਆਉਣ ਤੇ ਉਹ ਸੂਬੇ ਦਾ ਵਿਕਾਸ ਕਰਨਗੇ ਤੇ ਪੰਜਾਬ ਦੀ ਜਨਤਾ ਨੂੰ ਮੁਲ ਸੁਵਿਧਾਵਾਂ ਵਧੀਆ ਤੇ ਸਸਤੀਆਂ ਦਰਾਂ ਤੇ ਦੇਣਗੇ। ਪਰ ਸਤਾ ਵਿੱਚ ਆਓਦੇ ਹੀ ਸਰਕਾਰ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ।
ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਸੀ.ਮੀਤ ਪ੍ਰਧਾਨ ਰਾਜੀਵ ਹਾਂਡਾ, ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਉਂਦਿਆਂ ਹੀ ਪੰਜਾਬ ਦੀ ਭੋਲੀ ਭਾਲੀ ਜਨਤਾ ਦੇ ਵਿਸਵਾਸ਼ ਦਾ ਖੂਨ ਕਰ ਦਿੱਤਾ ਹੈ। ਅਧਿਆਪਕਾਂ ਤੇ ਦਫਤਰੀ ਕਰਮਚਾਰੀਆਂ ਨੂੰ 6-6 ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ,ਨਰੇਗਾ ਯੁਨੀਅਨ, ਪੰਜਾਬ ਦਾ ਸਲਾਹਕਾਰ ਵੀਰ 22 ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਖੁਦਕੁਸ਼ੀ ਕਰ ਗਿਆ ਪਰ ਇਸ ਸਰਕਾਰ ਦੇ ਕੰਨ ਤੇ ਜੂ ਨਾ ਸਰਕੀ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈੱਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਇਸ ਸਰਕਾਰ ਵਿੱਚ ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਆਪਣੀ ਮਰਜੀ ਨਾਲ ਲਗਾਤਾਰ ਬਿਨਾਂ ਆਰਜੀਆ ਮੰਗੇ ਅਪਣੇ ਚਹੇਤਿਆਂ ਦੀਆਂ ਬਦਲੀਆਂ ਲਗਾਤਾਰ ਕਰੀ ਜਾ ਰਹੇ ਹਨ। ਜਿਸ ਦਾ ਵਿਰੋਧ ਗੌਰਮਿੰਟ ਟੀਚਰਜ਼ ਯੂਨੀਅਨ ਲਗਾਤਾਰ ਕਰ ਰਹੀ ਹੈ ਤੇ ਜਲੱਦ ਹੀ ਸਿੱਖਿਆ ਮੰਤਰੀ ਖਿਲਾਫ ਆਰ ਪਾਰ ਦੀ ਲੜਾਈ ਲੜੀ ਜਾਵੇਗੀ। ਹੁਣ ਰੈਸ਼ਨੇਲਾਈਜੇਸ਼ਨ ਦੇ ਨਾਂ ਤੇ ਸਕੂਲਾਂ ਵਿੱਚੋਂ ਅਧਿਆਪਕਾਂ ਨੂੰ ਉਜਾੜਣ ਦੇ ਸਿੱਖਿਆ ਮੰਤਰੀ ਜੀ ਦੇ ਅੰਦਰ ਖਾਤੇ ਅਧਿਕਾਰੀਆਂ ਨੂੰ ਦਿੱਤੇ ਆਦੇਸ਼ਾਂ ਸਦਕਾ ਜਲੱਦਬਾਜੀ ਵਿੱਚ ਮੰਤਰੀ ਤੋਂ ਸਾਬਾਸੀ ਲੈਣ ਲਈ ਅਧਿਕਾਰੀਆਂ ਦੀ ਹੋੜ ਨੂੰ ਗੌਰਮਿੰਟ ਟੀਚਰਜ਼ ਯੂਨੀਅਨ ਪੂਰਾ ਨਹੀਂ ਹੋਣ ਦੇਵੇਗੀ ਤੇ ਰੈਸ਼ਨੇਲਾਈਜੇਸ਼ਨ ਦੇ ਖਿਲਾਫ ਸੰਘਰਸ਼ ਕਰੇਗੀ ਤੇ ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਗਲਤ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦੇਵੇਗੀ।
ਇਸ ਮੌਕੇ ਗੌਰਵ ਮੁੰਜਾਲ, ਸੰਦੀਪ ਟੰਡਨ, ਸੰਜੀਵ ਟੰਡਨ, ਸੁਖਵਿੰਦਰ ਸਿੰਘ, ਰਾਜਿੰਦਰ ਰਾਜਾ ਘੱਲਘੁਰਦ ਆਦਿ ਹਾਜ਼ਰ ਸਨ।