ਰੁਜ਼ਗਾਰ ਮੇਲੇ ਵਿੱਚ 86 ਉਮੀਦਵਾਰਾਂ ਵਿੱਚੋਂ 50 ਯੋਗ ਉਮੀਦਵਾਰਾਂ ਦੀ ਰੁਜ਼ਗਾਰ ਲਈ ਹੋਈ ਚੋਣ- ਰਣਜੀਤ ਸਿੰਘ
ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਰੁਜ਼ਗਾਰ ਦਫਤਰ ਜ਼ੀਰਾ ਵਿਖੇ ਲਗਾਇਆ ਗਿਆ ਪਲੇਸਮੈਂਟ ਕੈਂਪ
ਫ਼ਿਰੋਜ਼ਪੁਰ 23 ਜੁਲਾਈ 2020
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਫ਼ਿਰੋਜ਼ਪੁਰ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਰੁਜ਼ਗਾਰ ਦਫਤਰ ਜ਼ੀਰਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ । ਇਸ ਕੈਂਪ ਦਾ ਉਦਘਾਟਨ ਐਸ.ਡੀ.ਐਮ. ਜ਼ੀਰਾ ਸ. ਰਣਜੀਤ ਸਿੰਘ ਨੇ ਕੀਤਾ। ਕੈਂਪ ਦੌਰਾਨ ਹਿੱਸਾ ਲੈਣ ਵਾਲੇ 86 ਬੇਰੁਜ਼ਗਾਰਾਂ ਵਿਚੋਂ 50 ਨੂੰ ਰੁਜ਼ਗਾਰ ਦੇਣ ਲਈ ਚੁਣਿਆ ਗਿਆ।
ਇਸ ਮੌਕੇ ਸ. ਰਣਜੀਤ ਸਿੰਘ ਨੇ ਨੌਜਵਾਨ ਲੜਕੇ/ਲੜਕੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਬੰਧਿਤ ਜ਼ਿਲਿਆਂ ਵਿਚ ਹੀ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਹ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੁਜ਼ਗਾਰ ਮੇਲਿਆਂ ਦੌਰਾਨ ਕਰੋਨਾ ਵਾਇਰਸ ਵਰਗੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਸਾਵਧਾਨੀਆਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਜਿਹੇ ਰੁਜ਼ਗਾਰ ਮੇਲੇ ਬੇਰੁਜ਼ਗਾਰ ਨੌਜਵਾਨ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਲਈ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੀ ਸ਼ੁਰੂਆਤ ਹਮੇਸ਼ਾ ਸੀਮਤ ਸਾਧਨਾਂ ਨਾਲ ਹੀ ਹੁੰਦੀ ਹੈ ਅਤੇ ਬਾਅਦ ਵਿਚ ਉਹ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਸਿਖ਼ਰਾਂ ਤੇ ਪੁੱਜ ਸਕਦੇ। ਉਨ੍ਹਾਂ ਨੇ ਹਾਜ਼ਰ ਸਾਰੇ ਨੌਜਵਾਨਾਂ ਨੂੰ ਕਰੋਨਾ ਵਾਇਰਸ ਦੇ ਚੱਲਦਿਆਂ ਮਾਸਕ ਪਾਉਣ, ਸਮਾਜਿਕ ਦੂਰੀ ਬਣਾਈ ਰੱਖਣ, ਵਾਰ-ਵਾਰ ਹੱਥ ਥੋਣ ਆਦਿ ਸਾਵਧਾਨੀਆਂ ਵਰਤਨ ਲਈ ਕਿਹਾ।
ਇਸ ਮੌਕੇ ਜ਼ਿਲ੍ਹਾ ਰੁਜ਼ਗਾਰ ਜਨਰੇਸ਼ਨ ਅਫ਼ਸਰ ਸ੍ਰੀ. ਅਸ਼ੋਕ ਜਿੰਦਲ ਨੇ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿੱਚ ਐਜਿਲ ਹਰਬਲ ਕੰਪਨੀ ਦੇ ਨੁਮਾਇੰਦੇ 50 ਪੋਸਟਾਂ ਲੈ ਕੇ ਹਾਜ਼ਰ ਹੋਏ। ਉਨ੍ਹਾਂ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿੱਚ 86 ਉਮੀਦਵਾਰ ਰੁਜ਼ਗਾਰ ਪ੍ਰਾਪਤੀ ਲਈ ਪੁੱਜੇ, ਜਿਨ੍ਹਾਂ ਵਿੱਚੋਂ 50 ਨੌਜਵਾਨਾਂ ਦੀ ਰੁਜ਼ਗਾਰ ਲਈ ਚੋਣ ਹੋਈ ਹੈ।