Ferozepur News
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਦੀ ਟੀਮ ਨੇ ਡਰਾਈ ਡੇਅ ਮੌਕੇ ਲਾਇਆ ਜਾਗਰੂਕਤਾ ਕੈਂਪ ਆਪਣੇ ਘਰਾਂ ਅਤੇ ਦਫ਼ਤਰਾਂ ਦੇ ਆਲੇ-ਦੁਆਲੇ ਸਾਫ-ਸਫਾਈ ਰੱਖਣ ਦੀ ਅਪੀਲ
ਫ਼ਿਰੋਜ਼ਪੁਰ 27 ਜੁਲਾਈ 2018 (Manish Bawa ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਾ: ਗੁਰਮਿੰਦਰ ਸਿੰਘ ਦਿਸ਼ਾ-ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਫ਼ਿਰੋਜ਼ਪੁਰ ਦੀਆਂ ਵੱਖ-ਵੱਖ ਥਾਵਾਂ 'ਤੇ ਡਰਾਈ ਡੇਅ ਸਬੰਧੀ ਜਾਗਰੂਕਤਾ ਕੈਂਪ ਲਗਾ ਕੇ ਡਰਾਈ ਡੇਅ ਮਨਾਇਆ ਗਿਆ, ਜਿਸ ਤਹਿਤ ਲੋਕਾਂ ਨੂੰ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਉਣ ਸਬੰਧੀ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਤੇ ਚੈਕਿੰਗ ਕਰਦੇ ਕੂਲਰ ਅਤੇ ਫ਼ਰਿਜਾਂ ਆਦਿ ਨੂੰ ਸਾਫ਼ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਫ਼ਿਰੋਜ਼ਪੁਰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਸ ਸਟੈਂਡ, ਸਿਵਲ ਹਸਪਤਾਲ ਆਦਿ ਥਾਵਾਂ 'ਤੇ ਟੀਮਾਂ ਵੱਲੋਂ ਕੂਲਰਾਂ, ਫ਼ਰਿਜਾਂ, ਗਮਲਿਆਂ ਸਮੇਤ ਹੋਰ ਚੀਜ਼ਾਂ ਜਿਨ੍ਹਾਂ ਵਿਚ ਪਾਣੀ ਖੜ੍ਹਾ ਰਹਿੰਦਾ ਹੈ ਦੀ ਸਫ਼ਾਈ ਕਰਵਾਈ ਗਈ। ਇਸੇ ਤੋਂ ਇਲਾਵਾ ਮਮਦੋਟ, ਗੁਰੂਹਰਸਹਾਏ, ਫ਼ਿਰੋਜ਼ਸ਼ਾਹ ਵਿਖੇ ਵੱਖ-ਵੱਖ ਥਾਵਾਂ ਤੇ ਟੀਮਾਂ ਵੱਲੋਂ ਡਰਾਈ ਡੇਅ ਸਬੰਧੀ ਲੋਕਾਂ ਨੂੰ ਡੇਂਗੂ, ਮਲੇਰੀਏ ਵਰਗੀਆਂ ਖ਼ਤਰਨਾਕ ਬਿਮਾਰੀਆਂ ਸਬੰਧੀ ਜਾਗਰੂਕਤਾ ਕੈਂਪ ਲਾਗ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਆਲੇ-ਦੁਆਲੇ ਸਾਫ-ਸਫਾਈ ਰੱਖਣ, ਪਾਣੀ ਨੂੰ ਖੜ੍ਹੇ ਨਾ ਹੋਣ ਦੇਣ ਅਤੇ ਆਪਣੇ ਸਰੀਰ ਨੂੰ ਪੂਰੇ ਢੱਕਣ ਵਾਲੇ ਕੱਪੜੇ ਹੀ ਪਹਿਨਣ ਤਾਂ ਜੋ ਉਹ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚ ਸਕਣ। ਇਸ ਮੌਕੇ ਪੂਰੇ ਸਟਾਫ਼ ਨੇ ਆਪਣੇ-ਆਪਣੇ ਦਫ਼ਤਰ ਦੇ ਕੂਲਰਾਂ, ਫ਼ਰਿਜ ਦੀ ਟਰੇਅ ਅਤੇ ਦਫ਼ਤਰ ਦੀ ਸਫ਼ਾਈ ਕੀਤੀ ।