ਮਾਹਿਰ ਡਾਕਟਰਾਂ ਨੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਮੌਕੇ ਹੈਲਥ ਅਤੇ ਵੈਲਨੈਸ ਸੈਂਟਰਾਂ ਵਿੱਚ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੇ ਪ੍ਰਭਾਵ ਤੇ ਬਚਾਅ ਬਾਰੇ ਕੀਤਾ ਜਾਗਰੂਕ
ਫ਼ਿਰੋਜ਼ਪੁਰ 18 ਮਈ 2020 ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਨਵਦੀਪ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਸੀਨੀਅਰ ਮੈਡੀਕਲ ਅਫ਼ਸਰ ਮਮਦੋਟ ਡਾ.ਰਜਿੰਦਰ ਮਨਚੰਦਾ ਦੀ ਅਗਵਾਈ ਵਿਚ ਵਿਸ਼ਵ ਹਾਈਪਰਟੈਨਸ਼ਨ ਦਿਵਸ ਮੌਕੇ ਵੱਖ-ਵੱਖ ਪਿੰਡਾਂ ਵਿੱਚ ਹੈਲਥ ਅਤੇ ਵੈਲਨੈਸ ਸੈਂਟਰਾਂ ਵਿੱਚ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੇ ਪ੍ਰਭਾਵ ਤੇ ਬਚਾਅ ਬਾਰੇ ਜਾਗਰੂਕ ਕੀਤਾ ਗਿਆ ਤੇ ਲੋਕਾਂ ਦਾ ਬਲੱਡ ਪ੍ਰੈਸ਼ਰ ਦਾ ਚੈਕਅਪ ਵੀ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੋਸਟਰ ਵੀ ਵੰਡੇ ਗਏ।
ਹੈਲਥ ਐਂਡ ਵੈਲਨੈਸ ਸੈਂਟਰ ਰੱਖੜੀ ਅਤੇ ਮਹਾਲਮ ਵਿਖੇ ਬਤੌਰ ਕਮਿਊਨਿਟੀ ਹੈਲਥ ਅਫ਼ਸਰ ਤਾਇਨਾਤ ਡਾ. ਪ੍ਰੀਤ ਮਖੀਜਾ ਅਤੇ ਡਾ. ਨੀਤਿਕਾ ਗੁਪਤਾ ਨੇ ਸਿਹਤਮੰਦ ਜ਼ਿੰਦਗੀ ਨੂੰ ਬਣਾਈ ਰੱਖਣ ਲਈ ਕਸਰਤ ਤੇ ਹੋਰ ਸਾਧਨਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸਮੇਂ-ਸਮੇਂ ਤੇ ਆਪਣਾ ਬਲੱਡ ਪ੍ਰੈਸ਼ਰ ਦੇ ਨਾਲ ਹੋਰ ਆਮ ਜਾਂਚ ਵੀ ਕਰਵਾਉਂਦੇ ਰਹਿਣਾ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਭੱਜ ਦੌੜ ਕਰਕੇ ਮਨੁੱਖ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਹੈ, ਜਿਸ ਕਰਕੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਮੌਜੂਦ ਬਿਮਾਰੀ ਜਾਂ ਮੈਡੀਕਲ ਕੰਡੀਸ਼ਨ ਜਿਵੇਂ ਕਿ ਹਾਈਪਰਟੈਨਸ਼ਨ, ਸ਼ੂਗਰ ਅਤੇ ਹੋਰ ਦਿਲ ਦੀਆਂ ਬਿਮਾਰੀਆਂ ਦੇ ਕਾਰਨ ਸਰੀਰ ਉੱਤੇ ਕੋਰੋਨਾ ਵਾਇਰਸ ਦਾ ਪ੍ਰਭਾਵ ਵੀ ਜ਼ਿਆਦਾ ਗੰਭੀਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਈਪਰਟੈਨਸ਼ਨ ਦਾ ਇਲਾਜ ਨਾ ਹੋਵੇ ਤਾਂ ਦਿਲ ਦਾ ਦੌਰਾ, ਅਧਰੰਗ, ਅੰਨ੍ਹਾਪਨ, ਗੁਰਦੇ ਦੀਆਂ ਬਿਮਾਰੀਆਂ ਤੇ ਮਾਨਸਿਕ ਤਣਾਅ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਨਸ਼ਿਆਂ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੰਦਿਆਂ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਤੇ ਸੈਰ ਕਰਨੀ ਚਾਹੀਦੀ ਹੈ। ਸੰਤੁਲਿਤ ਖ਼ੁਰਾਕ ਖਾਣੀ ਚਾਹੀਦੀ ਹੈ, ਨਮਕ ਅਤੇ ਚਿਕਨਾਈ ਪਦਾਰਥਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਇਸ ਮੌਕੇ ਜਸਪਾਲ ਬਜਾਜ, ਰੇਨੂੰ, ਜੋਗਿੰਦਰ ਕੌਰ,ਅਮਨਦੀਪ ਕੌਰ ਵੀ ਮੌਜੂਦ ਸਨ।