ਮਾਨਸੂਨ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਾਪਿਤ ਕੀਤੀਆਂ 13 ਨਰਸਰੀਆਂ, ਬੂਟੇ ਲਗਾਉਣ ਦੀ ਮੁਹਿੰਮ ਨੂੰ ਮਿਲੇਗਾ ਫਾਇਦਾ
ਪੌਦਿਆਂ ਦੀ ਘਾਟ ਨੂੰ ਦੂਰ ਕਰਨ ਲਈ ਹੁਣ ਇਨ੍ਹਾਂ ਨਰਸਰੀਆਂ ਤੋਂ ਵੱਖ ਵੱਖ ਕਿਸਮਾਂ ਦੇ ਪੌਦਿਆਂ ਦੀ ਸਿੱਧੀ ਸਪਲਾਈ ਹੋਈ ਸ਼ੁਰੂ
ਫਿਰੋਜ਼ਪੁਰ, 6 ਅਗਸਤ
ਪੌਦੇ ਤਿਆਰ ਕਰਨ ਦੇ ਮਾਮਲੇ ਵਿਚ ਸਵੈ-ਨਿਰਭਰਤਾ ਵੱਲ ਕਦਮ ਵਧਾਉਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੀ ਤਰਫੋਂ ਜ਼ਿਲ੍ਹੇ ਵਿਚ 13 ਨਰਸਰੀਆਂ ਸਥਾਪਿਤ ਕੀਤੀਆਂ ਗਈਆਂ ਹਨ। ਵਿਸਥਾਰ ਜਾਣਕਾਰੀ ਦਿੰਦਿਆਂ ਏ.ਡੀ.ਸੀ. (ਵਿਕਾਸ) ਸ੍ਰੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ 15 ਨਰਸਰੀਆਂ ਸਥਾਪਤ ਕਰਨ ਦਾ ਟੀਚਾ ਰੱਖਿਆ ਗਿਆ ਸੀ, ਜਿਨ੍ਹਾਂ ਵਿੱਚੋਂ 13 ਨਰਸਾਂ ਬਣ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਨਰਸਰੀ ਮਮਦੋਟ ਡਿਵੈਲਪਮੈਂਟ ਬਲਾਕ, ਦੋ ਗੁਰੂਹਰਸਹਾਏ, ਦੋ ਫਿਰੋਜ਼ਪੁਰ, ਤਿੰਨ ਘੱਲਖੁਰਦ, ਤਿੰਨ ਜੀਰਾ ਅਤੇ ਦੋ ਮਖੂ ਬਲਾਕਾਂ ਵਿੱਚ ਬਣਾਈ ਗਈ ਹੈ।
ਉਨ੍ਹਾਂ ਕਿਹਾ ਕਿ ਨਰਸਰੀਆਂ ਸਥਾਪਤ ਕਰਨ ਦਾ ਕੰਮ ਮਗਨਰੇਗਾ ਸਕੀਮ ਤਹਿਤ ਕੀਤਾ ਗਿਆ ਸੀ, ਜਿਸ ਕਾਰਨ ਲੋੜਵੰਦ ਬੇਰੁਜ਼ਗਾਰਾਂ ਨੂੰ ਕੋਰੋਨਾ ਸੰਕਟ ਦੌਰਾਨ ਰੁਜ਼ਗਾਰ ਵੀ ਮਿਲਿਆ ਹੈ। ਹੋਰ ਜਾਣਕਾਰੀ ਦਿੰਦਿਆਂ ਡੀਡੀਪੀਓ ਸ੍ਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਮਾਨਸੂਨ ਦੇ ਮੌਸਮ ਦੇ ਮੱਦੇਨਜ਼ਰ ਪੰਚਾਇਤਾਂ ਅਤੇ ਹੋਰ ਸੰਸਥਾਵਾਂ ਵੱਲੋਂ ਵੱਡੇ ਪੱਧਰ ’ਤੇ ਪੌਦੇ ਲਗਾਏ ਜਾਂਦੇ ਹਨ। ਇਸ ਮੁਹਿੰਮ ਦੇ ਤਹਿਤ ਵੱਖ-ਵੱਖ ਏਜੰਸੀਆਂ ਨੂੰ ਪੌਦਿਆਂ ‘ਤੇ ਨਿਰਭਰ ਹੋਣਾ ਪੈਂਦਾ ਹੈ ਅਤੇ ਕਈ ਵਾਰ ਪੌਦਿਆਂ ਦੀ ਘਾਟ ਕਾਰਨ ਮੁਹਿੰਮ ਪ੍ਰਭਾਵਿਤ ਹੋਈ ਹੋ ਜਾਂਦੀ ਸੀ। ਇਸ ਲਈ ਵਿਭਾਗ ਦੀ ਤਰਫ਼ੋਂ ਆਪਣੀਆਂ ਨਰਸਰੀਆਂ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ, ਜਿਥੇ ਵੱਖ ਵੱਖ ਕਿਸਮਾਂ ਦੇ ਪੌਦੇ ਤਿਆਰ ਕਰਕੇ ਲਾਉਣ ਲਈ ਦਿੱਤੇ ਜਾਣਗੇ। ਇਸ ਨਾਲ ਵਿਭਾਗ ਪੌਦੇ ਦੀ ਉਪਲਬਧਤਾ ਦੇ ਹਿਸਾਬ ਨਾਲ ਸਵੈ-ਨਿਰਭਰ ਹੋ ਗਿਆ ਹੈ ਅਤੇ ਪੌਦੇ ਲਗਾਉਣ ਦੀ ਮੁਹਿੰਮ ਤਹਿਤ ਨਿਰਵਿਘਨ ਪੋਦਿਆਂ ਦੀ ਸਪਲਾਈ ਕਰ ਸਕਦਾ ਹੈ।
ਡੀਡੀਪੀਓ ਨੇ ਦੱਸਿਆ ਕਿ ਇਨ੍ਹਾਂ ਨਰਸਰੀਆਂ ਵਿੱਚ ਕਲੇਰ, ਸੁਖਚੈਨ, ਪੀਪਲ, ਸ਼ੀਸ਼ਮ, ਸ਼ਹਿਤੂਤ, ਨਿੰਮ, ਦੇਕ ਅਤੇ ਫੁੱਲ ਬੂਟੇ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਹਰ ਪਿੰਡ ਵਿੱਚ 550 ਬੂਟੇ ਲਗਾਏ ਗਏ ਸਨ ਅਤੇ ਇਨ੍ਹਾਂ ਨਰਸਰੀਆਂ ਰਾਹੀਂ ਇਨ੍ਹਾਂ ਪੌਦਿਆਂ ਦੀ ਸੰਭਾਲ ਵੀ ਸੰਭਵ ਹੋ ਸਕੇਗੀ। ਜਿਥੇ ਪੋਦੇ ਬਦਲਣ ਦੀ ਜ਼ਰੂਰਤ ਹੈ ਉਥੇ ਪੌਦੇ ਬਦਲ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਦਰੱਖਤਾਂ ਦੀ ਬਹੁਤ ਮਹੱਤਤਾ ਹੈ, ਜੋ ਕਾਰਬਨ ਦੇ ਨਿਕਾਸ ਨੂੰ ਘਟਾਉਣ ਵਿਚ ਮਦਦਗਾਰ ਹਨ। ਇਸ ਲਈ ਉਨ੍ਹਾਂ ਲੋਕਾਂ ਨੂੰ ਵੀ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ।