Ferozepur News

ਭੂਮੀ ਅਤੇ ਜਲ ਸੰਭਾਲ ਵਿਭਾਗ ਦੇ 50 ਸਾਲਾਂ ਪੂਰੇ ਹੋਣ ਤੇ ਕੈਬਨਿਟ ਮੰਤਰੀ ਨੇ ਵਿਭਾਗ ਦਾ ਕੀਤਾ ਪੰਫਲੈਟ ਰਿਲੀਜ਼

ਭੂਮੀ ਅਤੇ ਜਲ ਸੰਭਾਲ ਵਿਭਾਗ ਦੇ 50 ਸਾਲਾਂ ਪੂਰੇ ਹੋਣ ਤੇ ਕੈਬਨਿਟ ਮੰਤਰੀ ਨੇ ਵਿਭਾਗ ਦਾ ਕੀਤਾ ਪੰਫਲੈਟ ਰਿਲੀਜ਼
ਵਿਭਾਗ ਵੱਲੋਂ ਅੰਡਰ-ਗਰਾਊਂਡ ਪਾਈਪਾਂ ਲਈ 50 ਪ੍ਰਤੀਸ਼ਤ ਸਬਸਿਡੀ ਤੇ ਸਾਂਝੇ ਪ੍ਰਾਜੈਕਟਾਂ ਲਈ 90 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ-ਭੂਮੀਪਾਲ ਜਸਬੀਰ ਸਿੰਘ
ਫਿਰੋਜ਼ਪੁਰ ਜ਼ਿਲ੍ਹੇ ਦੇ 2684 ਕਿਸਾਨਾਂ ਨੂੰ 23 ਕਰੋੜ ਰੁਪਏ ਦੀ ਸਬਸਿਡੀ ਦਾ ਲਾਭ ਪ੍ਰਾਪਤ ਹੋਇਆ-ਮਨਮੋਹਨ ਸਿੰਘ ਗਿੱਲ
ਭੂਮੀ ਅਤੇ ਜਲ ਸੰਭਾਲ ਵਿਭਾਗ ਦੇ 50 ਸਾਲਾਂ ਪੂਰੇ ਹੋਣ ਤੇ ਕੈਬਨਿਟ ਮੰਤਰੀ ਨੇ ਵਿਭਾਗ ਦਾ ਕੀਤਾ ਪੰਫਲੈਟ ਰਿਲੀਜ਼
ਫ਼ਿਰੋਜ਼ਪੁਰ 27 ਦਸੰਬਰ 2019 ( ) ਭੂਮੀ ਅਤੇ ਜਲ ਸੰਭਾਲ ਵਿਭਾਗ ਦੇ 50 ਸਾਲਾਂ ਪੂਰੇ ਹੋਣ ਤੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਭਾਗ ਦਾ ਇੱਕ ਪੰਫਲੈਟ ਜਾਰੀ ਕੀਤਾ ਗਿਆ, ਜਿਸ ਵਿੱਚ ਵਿਭਾਗ ਵੱਲੋਂ ਪਿਛਲੇ ਸਾਲਾਂ ਤੋਂ ਲੈ ਕੇ ਹੁਣ ਤੱਕ ਕੀਤੇ ਗਏ ਕੰਮਾਂ ਸਬੰਧੀ ਦੱਸਿਆ ਗਿਆ ਹੈ। ਇਸ ਮੌਕੇ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ, ਐੱਸ.ਐੱਸ.ਪੀ. ਸ੍ਰੀ. ਵਿਵੇਕਸ਼ੀਲ ਸੋਨੀ, ਵਧੀਕ ਡਿਪਟੀ ਕਮਿਸ਼ਨਰ (ਜ.) ਸ੍ਰ. ਰਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ. ਰਵਿੰਦਰਪਾਲ ਸਿੰਘ ਅਤੇ ਕਾਂਗਰਸੀ ਆਗੂ ਜਸਮੇਲ ਸਿੰਘ ਲਾਡੀ ਗਹਿਰੀ ਵੀ ਹਾਜ਼ਰ ਸਨ।
ਇਹ ਜਾਣਕਾਰੀ ਦਿੰਦਿਆਂ ਭੂਮੀਪਾਲ ਫਿਰੋਜ਼ਪੁਰ ਸ੍ਰੀ. ਜਸਬੀਰ ਸਿੰਘ ਤੇ ਮੰਡਲ ਭੂਮੀ ਰੱਖਿਆ ਅਫਸਰ ਸ੍ਰ. ਮਨਮੋਹਨ ਸਿੰਘ ਗਿੱਲ ਨੇ ਦੱਸਿਆ ਕਿ ਮੁੱਖ ਭੂਮੀਪਾਲ ਪੰਜਾਬ ਸ੍ਰੀ. ਧਰਮਿੰਦਰ ਸ਼ਰਮਾ (ਆਈ.ਐੱਫ.ਐੱਸ) ਦੇ ਦਿਸ਼ਾ ਨਿਰਦੇਸ਼ਾਂ ਹੇਠ ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਜ਼ਮੀਨਦੋਜ਼ ਨਾਲੀਆਂ (ਅੰਡਰ-ਗਰਾਊਂਡ ਪਾਈਪਾਂ) ਲਈ 50 ਪ੍ਰਤੀਸ਼ਤ ਸਬਸਿਡੀ ਅਤੇ ਸਾਂਝੇ ਪ੍ਰਾਜੈਕਟਾਂ ਲਈ 90 ਪ੍ਰਤੀਸ਼ਤ ਸਬਸਿਡੀ ਵਿਭਾਗ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ 29 ਕਰੋੜ ਰੁਪਏ ਖ਼ਰਚ ਕੇ 5064 ਹੈਕਟੇਅਰ ਰਕਬੇ ਨੂੰ ਕਵਰ ਕਰਕੇ 2,54,435 ਮੀਟਰ ਲੰਬੀ ਪਾਈਪ ਲਾਈਨ ਕਿਸਾਨਾਂ ਦੇ ਖੇਤਾਂ ਵਿੱਚ ਪਾਈ ਗਈ ਹੈ। ਇਸ ਸਕੀਮ ਰਾਹੀਂ 2684 ਕਿਸਾਨਾਂ ਨੂੰ 23 ਕਰੋੜ ਰੁਪਏ ਦੀ ਸਬਸਿਡੀ ਦਾ ਲਾਭ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨਦੋਜ਼ ਨਾਲੀਆਂ (ਅੰਡਰਗਰਾਊਂਡ ਪਾਈਪਾਂ) ਪਾਉਣ ਦੇ ਨਾਲ 3 ਪ੍ਰਤੀਸ਼ਤ ਜ਼ਮੀਨ ਦੀ ਬੱਚਤ ਹੁੰਦੀ ਹੈ ਤੇ ਲਗਭਗ 25 ਪ੍ਰਤੀਸ਼ਤ ਪਾਣੀ ਦੀ ਵੀ ਬੱਚਤ ਹੁੰਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਬਾਗ਼ਾਂ ਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਤੁਪਕਾ ਤੇ ਫੁਹਾਰਾ ਸਿਸਟਮ ਲਗਾਉਣ ਤੇ 80 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ।  ਇਸ ਤੋਂ ਇਲਾਵਾ ਵਿਭਾਗ ਵੱਲੋਂ ਔਰਤ ਜ਼ਿਮੀਂਦਾਰ ਅਤੇ ਛੋਟੇ ਤੇ ਅਨੁਸੂਚਿਤ ਜਾਤੀਆਂ ਵਾਲੇ ਕਿਸਾਨਾਂ ਨੂੰ ਇਸ ਸਕੀਮ ਤਹਿਤ 90 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਤੁਪਕਾ ਤੇ ਫੁਹਾਰਾ ਸਿਸਟਮ ਅਪਣਾਉਣ ਨਾਲ ਕਿਸਾਨਾਂ ਦੀ ਫ਼ਸਲ ਦੇ ਝਾੜ ਵਿੱਚ 20 ਤੋਂ 25 ਪ੍ਰਤੀਸ਼ਤ ਵਾਧਾ ਹੁੰਦਾ ਹੈ ਤੇ ਲਗਭਗ 50 ਤੋਂ 80 ਪ੍ਰਤੀਸ਼ਤ ਪਾਣੀ ਦੀ ਵੀ ਬੱਚਤ ਹੁੰਦੀ ਹੈ। ਇਸ ਮੌਕੇ ਉੱਪ ਮੰਡਲ ਭੂਮੀ ਰੱਖਿਆ ਅਫ਼ਸਰ ਗੁਰਿੰਦਰ ਸਿੰਘ, ਭੂਮੀ ਰੱਖਿਆ ਅਫ਼ਸਰ ਜਸਪ੍ਰੀਤ ਸਿੰਘ, ਜੰਗੀਰ ਸਿੰਘ ਤੇ ਰਾਜਬੀਰ ਕੌਰ ਅਤੇ ਸੁਨੀਲ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Related Articles

Back to top button
Close