Ferozepur News
ਬੁੱਧਵਾਰ ਤੱਕ ਮੰਨੀਆਂ ਹੋਈਆਂ ਮੰਗਾਂ ਦੇ ਸਬੰਧੀ ਸਰਕਾਰ ਨੇ ਪੱਤਰ ਜਾਰੀ ਨਹੀਂ ਕੀਤੇ ਤਾਂ 18 ਜੂਨ ਤੋਂ ਦਫਤਰਾਂ ਦਾ ਕੰਮ ਬੰਦ ਕਰਨ ਦਾ ਫ਼ੈਸਲਾ ਲੈ ਲਿਆ ਜਾਵੇਗਾ — ਪ੍ਰਧਾਨ ਮਨੋਹਰ ਲਾਲ
ਡੀਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ ਵਰਚੁਅਲ ਮੀਟਿੰਗ
ਡੀਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ ਵਰਚੁਅਲ ਮੀਟਿੰਗ
ਬੁੱਧਵਾਰ ਤੱਕ ਮੰਨੀਆਂ ਹੋਈਆਂ ਮੰਗਾਂ ਦੇ ਸਬੰਧੀ ਸਰਕਾਰ ਨੇ ਪੱਤਰ ਜਾਰੀ ਨਹੀਂ ਕੀਤੇ ਤਾਂ 18 ਜੂਨ ਤੋਂ ਦਫਤਰਾਂ ਦਾ ਕੰਮ ਬੰਦ ਕਰਨ ਦਾ ਫ਼ੈਸਲਾ ਲੈ ਲਿਆ ਜਾਵੇਗਾ — ਪ੍ਰਧਾਨ ਮਨੋਹਰ ਲਾਲ
ਫਿਰੋਜ਼ਪੁਰ 14 ਜੂਨ-2021– ਡੀਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਵਰਚੁਅਲ ਮੀਟਿੰਗ ਹੋਈ । ਇਸ ਮੀਟਿੰਗ ਵਿੱਚ 24 ਮਈ ਤੋਂ ਸ਼ੁਰੂ ਹੋਏ ਸਮੂਹਕ ਛੁੱਟੀ ਦੇ ਹੜਤਾਲ ਤੇ ਚੱਲੇ 9 ਜੂਨ ਤੱਕ ਦੇ ਐਕਸ਼ਨ ਅਤੇ ਉਸ ਤੋਂ ਬਾਅਦ 10 ਅਤੇ 11 ਜੂਨ ਨੂੰ ਗੇਟ ਰੈਲੀਆਂ ਕਰਨ ਦੇ ਐਕਸ਼ਨ ਤੋਂ ਬਾਅਦ ਮਾਲ ਮੰਤਰੀ ਪੰਜਾਬ ਨਾਲ 9 ਜੂਨ ਨੂੰ ਹੋਈ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਵਿਚਾਰੀ ਗਈ।ਇਸ ਦੇ ਨਾਲ ਪਿਛਲੇ ਸੰਘਰਸ਼ ਵਿੱਚ ਰਹੀਆਂ ਥੋੜ੍ਹੀਆਂ ਬਹੁਤੀਆਂ ਕਮੀਆਂ ਨੂੰ ਦੂਰ ਕਰਨ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਮਾਲ ਵਿਭਾਗ ਦੀਆਂ ਹੋਰਨਾਂ ਜਥੇਬੰਦੀਆਂ ਵਿੱਚ ਸ਼ਾਮਲ ਪੰਜਾਬ ਮਾਲ ਅਫਸਰ ਐਸੋਸੀਏਸ਼ਨ, ਪਟਵਾਰ ਕਾਨੂੰਨਗੋ ਐਸੋਸੀਏਸ਼ਨ ਆਦਿ ਵੱਲੋਂ ਸੋਸ਼ਲ ਮੀਡੀਏ ਰਾਹੀਂ ਦਿੱਤੀਆਂ ਗਈਆਂ ਪ੍ਰਤੀਕਿਰਿਆਵਾਂ ਅਤੇ ਕੀਤੀ ਗਈ ਦੂਸ਼ਣਬਾਜ਼ੀ ਨੂੰ ਵੀ ਗੰਭੀਰਤਾ ਨਾਲ ਵਿਚਾਰਿਆ ਗਿਆ।
ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਮੀਟਿੰਗ ਵਿੱਚ ਦੱਸਿਆ ਕਿ ਮਾਲ ਵਿਭਾਗ ਵੱਲੋਂ ਇਕ ਪੱਤਰ ਸੁਪਰਡੈਂਟ ਗਰੇਡ ਟੂ ਜਨਰਲ ਦੀ ਅਸਾਮੀ ਦਾ ਨਾਂ ਤਬਦੀਲ ਕਰਕੇ ਸੁਪਰਡੈਂਟ ਮਾਲ ਕਰਨ ਸੰਬੰਧੀ ਜਾਰੀ ਕੀਤਾ ਗਿਆ। ਜਦ ਕਿ 9 ਜੂਨ ਦੀ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਦੀ ਪ੍ਰਗਤੀ ਸਬੰਧੀ ਇਕ ਹਫ਼ਤੇ ਵਿੱਚ ਨਤੀਜੇ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਹੁਣ ਤੱਕ ਦੀ ਪ੍ਰਗਤੀ ਤੋਂ ਇਹ ਸਾਹਮਣੇ ਆਇਆ ਹੈ ਕਿ ਹਾਲੇ ਤੱਕ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਅਤੇ ਮੰਡਲ ਕਮਿਸ਼ਨਰਾਂ ਨੂੰ ਪਦ ਉੱਨਤੀਆਂ ਕਰਨ ਸਬੰਧੀ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਅਤੇ ਨਾ ਹੀ ਕੋਈ ਹੋਰਨਾਂ ਮੰਗਾਂ ਦੇ ਸਬੰਧ ਵਿਚ ਬਹੁਤੀ ਪ੍ਰਗਤੀ ਹੋਈ ਨਜ਼ਰ ਆਈ ਹੈ । ਸੁਪਰਡੈਂਟ ਗਰੇਡ-1 ਦੀ ਪਦਉੱਨਤੀ ਲਈ ਨਾ ਹੀ ਕੋਈ ਵਿਭਾਗੀ ਪਦਉੱਨਤੀ ਕਮੇਟੀ ਦੀ ਮੀਟਿੰਗ ਨਿਰਧਾਰਤ ਕੀਤੀ ਗਈ ਹੈ। ਫਿਰ ਵੀ ਜ਼ਿਲ੍ਹਾ ਲੀਡਰਸ਼ਿਪ ਨੇ ਵੱਡੀ ਫਰਾਖ਼ਦਿਲੀ ਦਾ ਸਬੂਤ ਦਿੰਦਿਆਂ ਸਰਕਾਰ ਨੂੰ ਮੰਗਿਆ ਗਿਆ ਹਫ਼ਤੇ ਦਾ ਸਮਾਂ ਬੁੱਧਵਾਰ ਤਕ ਪੂਰਾ ਕਰਨ ਲਈ ਦਿੱਤੇ ਜਾਣ ਬਾਰੇ ਵਿਚਾਰ ਦਿੱਤੇ ਅਤੇ ਨਾਲ ਹੀ ਸੰਘਰਸ਼ ਜਾਰੀ ਰੱਖਣ ਸਬੰਧੀ ਕਿਹਾ ਗਿਆ। ਇਸ ਤੇ ਸੂਬਾ ਲੀਡਰਸ਼ਿਪ ਵੱਲੋਂ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਸਰਕਾਰ ਤੋਂ ਮੰਨੀਆਂ ਹੋਈਆਂ ਮੰਗਾਂ ਦੇ ਪੱਤਰ ਜਾਰੀ ਕਰਵਾਉਣ ਲਈ ਗੇਟ ਰੈਲੀਆਂ ਦਾ ਸਿਲਸਿਲਾ ਜਾਰੀ ਰੱਖਿਆ ਜਾਵੇ ਅਤੇ ਸਰਕਾਰ ਨੂੰ ਨੋਟਿਸ ਦੇ ਕੇ ਅਗਾਹ ਕਰ ਦਿੱਤਾ ਜਾਵੇ ਕਿ ਉਹ ਬੁੱਧਵਾਰ ਤੱਕ ਮੰਨੀਆਂ ਹੋਈਆਂ ਮੰਗਾਂ ਦੇ ਪੱਤਰ ਜਾਰੀ ਕਰੇ ਨਹੀਂ ਤਾਂ 18 ਜੂਨ ਤੋਂ ਦਫਤਰਾਂ ਦਾ ਕੰਮ ਬੰਦ ਕਰਨ ਦਾ ਫ਼ੈਸਲਾ ਲੈ ਲਿਆ ਜਾਵੇਗਾ। ਇਸ ਅਨੁਸਾਰ 15 ਜੂਨ ਨੂੰ ਜ਼ਿਲ੍ਹਾ ਪੱਧਰ ਤੇ ਗੇਟ ਰੈਲੀ ਕੀਤੀ ਜਾਵੇਗੀ ਅਤੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਵੱਲੋਂ ਮੁਲਾਜ਼ਮਾਂ ਦੀਆਂ ਪਦ ਉੱਨਤੀਆਂ ਦੇ ਕੇਸ ਲਮਕਾਏ ਹੋਏ ਹਨ। ਉਥੇ ਉਨ੍ਹਾਂ ਦੇ ਦਫਤਰੀ ਕਮਰਿਆਂ ਸਾਹਮਣੇ ਕੁਝ ਦੇਰ ਦਾ ਸੰਕੇਤਕ ਧਰਨਾ ਵੀ ਦਿੱਤਾ ਜਾਵੇਗਾ। 16 ਜੂਨ ਨੂੰ ਜ਼ਿਲ੍ਹਾ ਪੱਧਰ ਦੀਆ ਗੇਟ ਰੈਲੀਆਂ ਜਾਰੀ ਰਹਿਣਗੀਆਂ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਡਿਵੀਜ਼ਨਲ ਦਫ਼ਤਰ ਪੈਂਦੇ ਹਨ, ਉਥੇ ਡੀਸੀ ਦਫ਼ਤਰ ਤੋਂ ਸ਼ੁਰੂ ਕਰਕੇ ਕਮਿਸ਼ਨਰ ਦਫਤਰ ਤੱਕ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਉੱਥੇ ਜਾ ਕੇ ਗੇਟ ਰੈਲੀ ਕੀਤੀ ਜਾਵੇਗੀ। ਇਸ ਵਿਚ ਨੇੜਲੇ ਹੋਰਨਾਂ ਜ਼ਿਲ੍ਹਿਆਂ ਦੇ ਸਾਥੀਆਂ ਨੂੰ ਸ਼ਾਮਲ ਕਰਨ ਬਾਰੇ ਫ਼ੈਸਲਾ ਮੌਕੇ ਮੁਤਾਬਕ ਕੱਲ੍ਹ ਲਿਆ ਜਾਵੇਗਾ।
17 ਜੂਨ ਨੂੰ ਜ਼ਿਲ੍ਹਾ ਪੱਧਰ ਤੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਜੇਕਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਦੇ ਪੱਤਰ ਜਾਰੀ ਨਹੀਂ ਹੁੰਦੇ ਤਾਂ 18 ਜੂਨ ਤੋਂ ਸਰਕਾਰ ਦਾ ਮੁਕੰਮਲ ਬੰਦ ਕਰਨ ਦਾ ਫ਼ੈਸਲਾ ਲੈ ਲਿਆ ਜਾਵੇਗਾ । ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਤੋਂ ਇਲਾਵਾ ਤੇਈ ਜੂਨ ਨੂੰ ਯੂਨੀਅਨ ਦੇ ਸਥਾਪਨਾ ਦਿਵਸ ਤੇ ਲੁਧਿਆਣਾ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਕਨਵੈਨਸ਼ਨ ਦੀ ਰੂਪ ਰੇਖਾ ਵੀ ਤਿਆਰ ਕੀਤੀ ਗਈ।
ਇਸ ਮੀਟਿੰਗ ਵਿਚ ਓਮ ਪ੍ਰਕਾਸ਼ ਸਿੰਘ ਸੂਬਾ ਚੇਅਰਮੈਨ, ਜੋਗਿੰਦਰ ਕੁਮਾਰ ਜ਼ੀਰਾ ਸੂਬਾ ਜਨਰਲ ਸਕੱਤਰ, ਵਰਿੰਦਰ ਕੁਮਾਰ ਢੋਸੀਵਾਲ ਸੂਬਾ ਸੀਨੀਅਰ ਮੀਤ ਪ੍ਰਧਾਨ, ਸਤਬੀਰ ਸਿੰਘ ਚੰਦੀ ਸੂਬਾ ਖਜ਼ਾਨਚੀ ਤੋਂ ਇਲਾਵਾ ਹੋਰ ਕਈ ਸੂਬਾਈ ਅਤੇ ਜ਼ਿਲ੍ਹਾ ਆਗੂ ਸਾਹਿਬਾਨ ਹਾਜ਼ਰ ਰਹੇ ਜਿਨ੍ਹਾਂ ਵਿਚ ਹਰਜਿੰਦਰ ਸਿੰਘ ਸਿੱਧੂ ਮੁਕਤਸਰ ਸਾਹਿਬ, ਬਲਵੀਰ ਸਿੰਘ ਫ਼ਰੀਦਕੋਟ, ਤੇਜਵੰਤ ਸਿੰਘ ਆਹਲੂਵਾਲੀਆ ਕਪੂਰਥਲਾ, ਮਨੋਹਰ ਲਾਲ ਫ਼ਿਰੋਜ਼ਪੁਰ, ਅੰਮ੍ਰਿਤਪਾਲ ਸਿੰਘ ਪੰਨੂ ਮਲੇਰਕੋਟਲਾ ਤੋਂ ਇਲਾਵਾ ਜ਼ਿਲ੍ਹੇ ਅਹੁਦੇਦਾਰਾਂ ਵਿਚ ਸਤੀਸ਼ ਕੁਮਾਰ ਫ਼ਰੀਦਕੋਟ, ਜਸਵੰਤ ਸਿੰਘ ਮੌਜੋ ਅਤੇ ਜਗਸੀਰ ਸਿੰਘ ਮਾਨਸਾ, ਓਮ ਪ੍ਰਕਾਸ਼ ਰਾਣਾ ਫ਼ਿਰੋਜ਼ਪੁਰ, ਕਰਮਿੰਦਰ ਸਿੰਘ ਚੀਮਾ ਤਰਨਤਾਰਨ, ਲਖਵਿੰਦਰ ਸਿੰਘ ਗੁਰਾਇਆ ਗੁਰਦਾਸਪੁਰ, ਗੁਰਦੀਪ ਸਿੰਘ ਸਫਰੀ ਪਠਾਨਕੋਟ, ਵਿਕਾਸ ਜੁਨੇਜਾ ਤੇ ਸੁਖਪਾਲ ਪੰਧੇਰ ਲੁਧਿਆਣਾ, ਹਰਜੀਤ ਸਿੰਘ ਗਿੱਲ ਮੋਗਾ, ਜਸਪਾਲ ਸਿੰਘ ਪਟਿਆਲਾ, ਪ੍ਰਦੀਪ ਗੱਖੜ ਫ਼ਾਜ਼ਿਲਕਾ,ਗੁਰਮੁਖ ਸਿੰਘ ਮੁਹਾਲੀ, ਦਿਨੇਸ਼ ਕੁਮਾਰ ਫ਼ਤਹਿਗਡ਼੍ਹ ਸਾਹਿਬ ਅਤੇ ਰੋਪੜ ਦੇ ਸਾਥੀ ਹਾਜ਼ਰ ਹੋਏ