ਬਿਨ੍ਹਾਂ ਕਿਸੇ ਲਾਇਸੰਸ ਦੇ ਕੀੜੇ ਮਾਰ ਦਵਾਈਆਂ ਅਤੇ ਖਾਦ ਵੇਚਣ ਵਾਲੇ 3 ਵਿਅਕਤੀਆਂ ਖਿਲਾਫ ਕੇਸ ਦਰਜ.!! Read more at: http://newsnumber.com/news/story/100311 © NewsNumber.com
ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਬਿਨ੍ਹਾਂ ਕਿਸੇ ਲਾਇਸੰਸ ਦੇ ਕੀੜੇ ਮਾਰ ਦਵਾਈਆਂ ਅਤੇ ਖਾਦ ਵੇਚਣ ਦੇ ਦੋਸ਼ ਵਿੱਚ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਨੇ 3 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਬ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਪਿੰਡ ਹਾਮਦ ਦੇ ਬੱਸ ਅੱਡਾ 'ਤੇ ਸਥਿਤ ਕੀੜੇ ਮਾਰ ਦਵਾਈਆਂ ਅਤੇ ਖਾਦ ਵੇਚਣ ਵਾਲੀਆਂ ਦੁਕਾਨਾਂ ਦੇ 3 ਮਾਲਕ ਬਿਨ੍ਹਾਂ ਕਿਸੇ ਲਾਇਸੰਸ ਦੇ ਲੋਕਾਂ ਨੂੰ ਦਵਾਈਆਂ ਵੇਚ ਰਹੇ ਹਨ। ਪੁਲਿਸ ਨੇ ਦਾਅਵਾ ਕਰਦਿਆਂ ਦੱਸਿਆ ਕਿ ਮੁਖਬਰ ਤੋਂ ਸੂਚਨਾ ਮਿਲਦਿਆਂ ਸਾਰ ਜਦੋਂ ਉਕਤ ਜਗ੍ਹਾ 'ਤੇ ਛਾਪੇਮਾਰੀ ਕੀਤੀ ਗਈ ਤਾਂ ਉੱਥੋਂ ਵੱਖ-ਵੱਖ ਮਾਰਕੇ ਦੀਆਂ ਕੀੜੇ ਮਾਰ ਦਵਾਈਆਂ ਅਤੇ ਖਾਦ ਬਰਾਮਦ ਕੀਤੀ ਗਈ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਮੁਤਾਬਿਕ ਬਰਾਮਦ ਕੀਤੀਆਂ ਗਈਆਂ ਦਵਾਈਆਂ ਅਤੇ ਖਾਦ ਦੀ ਕੀਮਤ ਕਰੀਬ 4 ਲੱਖ ਰੁਪਏ ਬਣਦੀ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਬਲਦੇਵ ਸਿੰਘ ਪੁੱਤਰ ਮੱਖਣ ਸਿੰਘ ਵਜੋਂ ਹੋਈ ਹੈ, ਜਦੋਂਕਿ ਫਰਾਰ ਹੋਣ ਵਾਲਿਆਂ ਦੀ ਪਛਾਣ ਪਰਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਅਤੇ ਕਮਲਦੀਪ ਸਿੰਘ ਪੁੱਤਰ ਪਰਵਿੰਦਰ ਸਿੰਘ ਵਾਸੀਅਨ ਲਾਲਚੀਆਂ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਵਿਰੁੱਧ 420 ਆਈਪੀਸੀ, 7 ਈਸੀ ਐਕਟ 1955- 29(1) ਸੀ ਇਨਸੈਕਟੀਸਾਈਡ ਐਕਟ 1968 ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।