ਫੌਜੀ ਅੰਗਰੇਜ ਸਿੰਘ ਵੱਲੋਂ ਸੱਦੀ ਮੀਟਿੰਗ, ਅਜ਼ਾਦ ਚੋਣਾਂ ਲੜਨ ਦਾ ਐਲਾਨ,ਰਾਇ ਸਿੱਖ ਬਰਾਦਰੀ, ਕ੍ਰਿਸ਼ਚਨ ਭਾਈਚਾਰੇ ਅਤੇ ਸਾਬਕਾ ਸੈਨਿਕਾਂ ਵੱਲੋਂ ਹਮਾਇਤ
ਫੌਜੀ ਅੰਗਰੇਜ ਸਿੰਘ ਵੱਲੋਂ ਸੱਦੀ ਮੀਟਿੰਗ, ਅਜ਼ਾਦ ਚੋਣਾਂ ਲੜਨ ਦਾ ਐਲਾਨ,ਰਾਇ ਸਿੱਖ ਬਰਾਦਰੀ, ਕ੍ਰਿਸ਼ਚਨ ਭਾਈਚਾਰੇ ਅਤੇ ਸਾਬਕਾ ਸੈਨਿਕਾਂ ਵੱਲੋਂ ਹਮਾਇਤ
-ਕਿਹਾ ਰਾਇ ਸਿੱਖ ਬਰਾਦਰੀ ਤਿੰਨ ਹੋਰ ਹਲਕਿਆਂ ‘ਚ ਵੀ ਲੜੇਗੀ ਚੋਣਾਂ
ਫ਼ਿਰੋਜ਼ਪੁਰ 21 ਅਪ੍ਰੈਲ, 2024: ( ) – ਆਮ ਆਦਮੀ ਪਾਰਟੀ ਨਾਲ 2014 ਤੋਂ ਜੁੜੇ ਆ ਰਹੇ ਕਸਬਾ ਮਮਦੋਟ ਦੇ ਫੌਜੀ ਅੰਗਰੇਜ ਸਿੰਘ ਵੜਵਾਲ ਨੂੰ ਟਿਕਟ ਨਾ ਮਿਲਣ ‘ਤੇ ਅੱਜ ਇਥੇ ਇੱਕ ਮੀਟਿੰਗ ਜੋ ਰੈਲੀ ਦਾ ਰੂਪ ਧਾਰਨ ਕਰ ਗਈ ਵਿੱਚ ਓਸ ਨੇ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਜ਼ਾਦ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ। ਓਹ ਪਿਛਲੇ ਡੇਢ ਸਾਲ ਤੋਂ ਹਲਕੇ ਵਿਚ ਚੋਣਾਂ ਲੜਨ ਲਈ ਵਿਚਰ ਰਹੇ ਸਨ ਪਰ ਪਾਰਟੀ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਕਾਕਾ ਬਰਾੜ ਨੂੰ ਟਿਕਟ ਦੇ ਦਿੱਤੀ।
ਫੌਜੀ ਅੰਗਰੇਜ ਸਿੰਘ ਵੜਵਾਲ ਵੱਲੋਂ ਆਪਣੇ ਸਮਰਥਕਾਂ ਦੀ ਰਾਇ ਲੈਣ ਲਈ ਅੱਜ ਕਸਬਾ ਮਮਦੋਟ ਦੇ ਢਿੱਲੋਂ ਪੈਲੇਸ ਵਿੱਚ ਰਾਇ ਸਿੱਖ ਬਰਾਦਰੀ ਦੇ ਨਾਲ-ਨਾਲ ਹੋਰਨਾਂ ਕੌਮਾਂ ਦੇ ਲੋਕਾਂ ਦੀ ਸਾਂਝੀ ਮੀਟਿੰਗ ਰੱਖੀ ਗਈ ਸੀ। ਇਸ ਮੀਟਿੰਗ ਵਿਚ ਸਾਰੇ ਹਲਕਿਆਂ ਜਿੰਨ੍ਹਾ ਵਿਚ ਮਲੋਟ, ਮੁਕਤਸਰ, ਅਬੋਹਰ, ਫਾਜ਼ਿਲਕਾ, ਜਲਾਲਾਬਾਦ, ਬੱਲੂਆਣਾ, ਗੁਰੂਹਰਸਹਾਏ, ਫ਼ਿਰੋਜ਼ਪੁਰ ਸ਼ਹਿਰੀ ਅਤੇ ਦਿਹਾਤੀ ਤੋਂ ਵੱਡੀ ਗਿਣਤੀ ਵਿਚ ਅੰਗਰੇਜ ਦੇ ਸਮਰਥਕਾਂ ਵਿਚ ਨੌਜਵਾਨ, ਬਜ਼ੁਰਗ ਅਤੇ ਔਰਤਾਂ ਪੁੱਜੀਆਂ।
ਵੱਡੀ ਗੱਲ ਇਹ ਹੋਈ ਕਿ ਅਕਾਲੀ ਦਲ ਬਾਦਲ ਦੀ ਮੀਤ ਪ੍ਰਧਾਨ ਪੰਜਾਬ ਕਸ਼ਮੀਰ ਕੌਰ ਨੇ ਵੀ ਫੌਜੀ ਅੰਗਰੇਜ ਸਿੰਘ ਨਾਲ ਚੱਲਣ ਦਾ ਐਲਾਨ ਕਰ ਦਿੱਤਾ। ਓਸ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪਾਰਟੀ ਬਾਅਦ ਵਿਚ ਪਹਿਲਾਂ ਓਸਦੀ ਆਪਣੀ ਬਰਾਦਰੀ ਹੈ।
ਇਸ ਤੋਂ ਪਹਿਲਾਂ ਅੰਗਰੇਜ ਸਿੰਘ ਇੱਕ ਕਾਫਲੇ ਦੇ ਰੂਪ ਵਿੱਚ ਇਸ ਮੀਟਿੰਗ ਵਿੱਚ ਪੁੱਜੇ ਅਤੇ ਹਾਜ਼ਰ ਸਮਰਥਕਾਂ ਵੱਲੋਂ ਓਹਨਾ ਦਾ ਫੁੱਲਾਂ ਅਤੇ ਢੋਲ ਵਜਾ ਕੇ ਸੁਆਗਤ ਕੀਤਾ ਗਿਆ।
ਬੁਲਾਰਿਆਂ ਵੱਲੋਂ ਅੰਗਰੇਜ ਸਿੰਘ ਵੜਵਾਲ ਨੂੰ ਅਜ਼ਾਦ ਚੋਣਾਂ ਲੜਨ ਲਈ ਜ਼ੋਰ ਪਾਇਆ ਗਿਆ। ਕ੍ਰਿਸ਼ਚਨ ਭਾਈਚਾਰੇ ਦੇ ਪੁੱਜੇ ਪਾਦਰੀਆਂ ਵੱਲੋਂ ਪੂਰਨ ਹਮਾਇਤ ਦਾ ਐਲਾਨ ਕਰ ਦਿੱਤਾ ਗਿਆ। ਸਾਬਕਾ ਸੈਨਿਕ ਯੂਨੀਅਨ ਵੱਲੋਂ ਵੀ ਸਟੇਜ ਤੋਂ ਅੰਗਰੇਜ ਸਿੰਘ ਨਾਲ ਦਿਲੋਂ ਚੱਲਣ ਦੀ ਹਾਮੀ ਭਰੀ ਗਈ। ਕਈ ਲੋਕਾਂ ਵੱਲੋਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਅਸੀਂ ਆਪਣੇ ਪਿੰਡਾਂ ਵਿਚ ਆਮ ਆਦਮੀ ਪਾਰਟੀ ਦਾ ਬੂਥ ਵੀ ਨਹੀਂ ਲੱਗਣ ਦੇਵਾਂਗੇ। ਫੈਸਲਾ ਇਹ ਵੀ ਕੀਤਾ ਗਿਆ ਕਿ ਰਾਇ ਸਿੱਖ ਬਰਾਦਰੀ ਜਲੰਧਰ, ਸ੍ਰੀ ਖਡੂਰ ਸਾਹਿਬ, ਫਰੀਦਕੋਟ ਵਿੱਚ ਵੀ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਦੱਸਣਾ ਬਣਦਾ ਹੈ ਕਈ ਜ਼ਿਲ੍ਹਿਆਂ ਵਿੱਚ ਰਾਇ ਸਿੱਖ ਬਰਾਦਰੀ ਦੀ ਵੋਟ ਵੱਡੀ ਗਿਣਤੀ ਵਿਚ ਹੈ।
ਬੁਲਾਰਿਆਂ ਤੋਂ ਬਾਅਦ ਅੰਗਰੇਜ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਿਛਲੇ 10 ਸਾਲਾਂ ਵਿਚ ਜਿਥੇ ਵੀ ਡਿਊਟੀ ਲਗਾਈ ਓਸ ਨੇ ਪੂਰੀ ਤਨਦੇਹੀ ਨਾਲ ਨਿਭਾਈ। ਪਾਰਟੀ ਦੇ ਕਹਿਣ ‘ਤੇ ਓਹ ਹਰ ਸਟੇਟ ਵਿਚ ਆਪਣੇ ਪੱਲਿਓ ਖਰਚ ਕਰਕੇ ਸੇਵਾ ਕਰਨ ਜਾਂਦਾ ਰਿਹਾ ਪਰ ਓਸ ਨੂੰ ਲਾਰਾ ਲਗਾ ਕੇ ਟਿਕਟ ਫਿਰ ‘ਆਮ ਤੋਂ ਖਾਸ’ ਆਦਮੀ ਨੂੰ ਦੇ ਦਿੱਤੀ ਗਈ। ਓਸ ਨੇ ਨਾਅਰਾ ਲਗਾਇਆ ਕਿ “ਟਾਈਗਰ ਅਭੀ ਜ਼ਿੰਦਾ ਹੈ”। ਸਮਰਥਕਾਂ ਦੇ ਹੁੰਗਾਰੇ ਤੋਂ ਬਾਅਦ ਫੌਜੀ ਅੰਗਰੇਜ ਸਿੰਘ ਨੇ ਸਟੇਜ ਤੋਂ ਅਜ਼ਾਦ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ। ਓਸ ਨੇ ਕਿਹਾ ਕਿ ਬਾਰਡਰ ਏਰੀਏ ਦੇ ਲੋਕਾਂ ਲਈ ਓਹ ਦਿਨ ਰਾਤ ਇੱਕ ਕਰੇਗਾ। ਅੰਗਰੇਜ ਸਿੰਘ ਨੇ ਕਿਹਾ ਓਹ ਆਮ ਆਦਮੀ ਪਾਰਟੀ ਦਾ ਵਫਾਦਾਰ ਸਿਪਾਹੀ ਸੀ ਪਰ ਪਾਰਟੀ ਨੇ ਓਸ ਨਾਲ ਗ਼ਦਾਰੀ ਕੀਤੀ। ਓਹ ਪਿਛਲੇ ਡੇਢ਼ ਸਾਲ ਤੋਂ ਹਲਕੇ ਵਿਚ ਰੈਲੀਆਂ, ਜਲਸੇ ਕਰ ਰਿਹਾ ਸੀ। ਓਸ ਨੂੰ ਲੋਕ ਸਿੱਕਿਆਂ, ਫਲਾਂ ਆਦਿ ਨਾਲ ਤੋਲ ਕੇ ਪਿਆਰ ਦੇ ਰਹੇ ਸਨ ਪਰ ਐਨ ਮੌਕੇ ‘ਤੇ ਆਕੇ ਪਾਰਟੀ ਨੇ ਕਾਕਾ ਬਰਾੜ ਨੂੰ ਟਿਕਟ ਦੇ ਦਿੱਤੀ ਜੋ ਟਿਕਟ ਦਾ ਚਾਹਵਾਨ ਵੀ ਨਹੀਂ ਸੀ।
ਅੰਤ ਵਿਚ ਹਾਜ਼ਰ ਸਮਰਥਕਾਂ ਅਤੇ ਰਾਇ ਸਿੱਖ ਕੌਮ ਦੇ ਆਗੂਆਂ ਵੱਲੋਂ ਬਾਹਾਂ ਖੜ੍ਹੀਆਂ ਕਰਕੇ ਅੰਗਰੇਜ ਸਿੰਘ ਫੌਜੀ ਨਾਲ ਚੱਲਣ ਦਾ ਪ੍ਰਣ ਕੀਤਾ ਗਿਆ। ਇਸ ਦੌਰਾਨ ਕੁਝ ਨੌਜਵਾਨਾਂ ਵੱਲੋਂ ਫੌਜੀ ਅੰਗਰੇਜ ਸਿੰਘ ਨੂੰ ਫੰਡ ਦੇਣ ਦਾ ਵੀ ਐਲਾਨ ਕੀਤਾ ਗਿਆ
ਫੌਜੀ ਅੰਗਰੇਜ ਸਿੰਘ ਦੇ ਅਜ਼ਾਦ ਖੜ੍ਹਨ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਾਕਾ ਬਰਾੜ ਲਈ ਰਾਹ ਕਾਫ਼ੀ ਔਖਾ ਹੋ ਗਿਆ ਜਾਪ ਰਿਹਾ ਹੈ। ਕਿਉਕਿ ਹਲਕਾ ਫ਼ਿਰੋਜ਼ਪੁਰ ਵਿੱਚ ਪੰਜ ਲੱਖ ਦੇ ਕਰੀਬ ਰਾਇ ਸਿੱਖ ਬਰਾਦਰੀ ਦੀ ਵੋਟ ਹੈ ਜੋ ਫੌਜੀ ਅੰਗਰੇਜ ਸਿੰਘ ਨਾਲ ਸਿੱਧੇ ਰੂਪ ਵਿਚ ਜੁੜੀ ਹੋਈ ਹੈ।