ਫੈਕਟਰੀ ਦੇ ਵਰਕਰਾਂ ਵੱਲੋਂ ਧਰਨਾਕਾਰੀਆਂ ਨੂੰ ਧਰਨਾ ਖਤਮ ਕਰਨ ਦੀ ਅਪੀਲ
ਫੈਕਟਰੀ ਦੇ ਵਰਕਰਾਂ ਵੱਲੋਂ ਧਰਨਾਕਾਰੀਆਂ ਨੂੰ ਧਰਨਾ ਖਤਮ ਕਰਨ ਦੀ ਅਪੀਲ
ਜ਼ੀਰਾ/ਫਿਰੋਜ਼ਪੁਰ 28 ਜੁਲਾਈ ( )-ਪ੍ਰਦੂਸ਼ਿਤ ਪਾਣੀ ਦੇ ਮੁੱਦੇ ਨੂੰ ਲੈ ਕੇ ਜ਼ੀਰਾ ਨੇੜਲੇ ਪਿੰਡ ਮਨਸੂਰਵਾਲ ਕਲਾਂ ਵਿਖੇ ਸਥਿਤ ਸ਼ਰਾਬ ਫੈਕਟਰੀ ਵਿਰੁੱਧ ਵੱਖ-ਵੱਖ ਪਿੰਡਾਂ ਦੇ ਲੋਕਾਂ ਅਤੇ ਕਿਸਾਨ ਯੂਨੀਅਨਾਂ ਵੱਲੋਂ ਵਿੱਢੇ ਗਏ ਸੰਘਰਸ਼ ਤਹਿਤ ਧਰਨਾ ਲਾਇਆ ਹੋਇਆ ਹੈ, ਜਿਸ ਕਰ ਕੇ ਪਿਛਲੇ ਕਈ ਦਿਨਾਂ ਤੋਂ ਫੈਕਟਰੀ ਦਾ ਕੰਮ ਬੰਦ ਪਿਆ ਹੋਇਆ ਹੈ। ਫੈਕਟਰੀ ਦਾ ਕੰਮ ਬੰਦ ਹੋਣ ਕਾਰਨ ਅੰਦਰ ਲੱਗੇ ਮੁਲਾਜ਼ਮਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਹ ਫੈਕਟਰੀ ਅੰਦਰ ਕੰਮ ਕਰਦੇ ਵਰਕਰਾਂ ਨੇ ਧਰਨਾਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਫੈਕਟਰੀ ਅੰਦਰ ਕੰਮ ਕਰ ਰਹੇ ਹਨ ਜਿਸ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਫੈਕਟਰੀ ਬੰਦ ਹੁੰਦੀ ਹੈ ਤਾਂ ਉਨ੍ਹਾਂ ਦੀ ਤਨਖਾਹ ਬੰਦ ਹੋ ਜਾਏਗੀ ਤੇ ਉਨ੍ਹਾਂ ਦਾ ਘਰ ਦਾ ਗੁਜ਼ਾਰਾ ਚੱਲਣਾ ਔਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੇ ਪਹਿਲਾਂ ਹੀ ਕੋਈ ਇੰਡਸਟਰੀ ਨਹੀਂ ਹੈ ਅਤੇ ਇਸ ਫੈਕਟਰੀ ਅੰਦਰ ਕਈ ਵਰਕਰ ਕੰਮ ਕਰਦੇ ਹਨ ਜਿਨ੍ਹਾਂ ਦਾ ਘਰ ਦਾ ਗੁਜ਼ਾਰਾ ਇਸ ਤੋਂ ਚੱਲ ਰਿਹਾ ਹੈ। ਉਨ੍ਹਾਂ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਧਰਨਾ ਇੱਥੋਂ ਹਟਾ ਲੈਣ ਤਾਂ ਜੌ ਫੈਕਟਰੀ ਦਾ ਕੰਮ ਮੁੜ ਤੋਂ ਸ਼ੁਰੂ ਹੋ ਸਕੇ ਉਨ੍ਹਾਂ ਕਿਹਾ ਕਿ ਜੋ ਵੀ ਕੋਈ ਮਸਲਾ ਹੈ ਇਹ ਪ੍ਰਸ਼ਾਸਨ ਦੇ ਧਿਆਨ ਚ ਹੈ ਤੇ ਪ੍ਰਸ਼ਾਸਨ ਵੱਲੋਂ ਉਸ ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਉਹ ਆਪਸੀ ਰਲ ਮਿਲ ਕੇ ਬੈਠ ਕੇ ਵੀ ਸੁਲਝਾ ਸਕਦੇ ਹਨ ਪਰ ਧਰਨਾ ਜੋ ਲਗਾਇਆ ਹੋਇਆ ਉਸ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ਤੇ ਅਸਰ ਪੈ ਰਿਹਾ ਹੈ।
ਉਨ੍ਹਾਂ ਫੈਕਟਰੀ ਅੱਗੇ ਬੈਠੇ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਧਰਨਾ ਖ਼ਤਮ ਕਰ ਦੇਣ ਤਾਂ ਜੋ ਉਹ ਮੁੜ ਤੋਂ ਫੈਕਟਰੀ ਅੰਦਰ ਕੰਮ ਕਰਕੇ ਆਪਣੀ ਰੋਜ਼ੀ ਰੋਟੀ ਚਲਾ ਸਕਣ।