ਪੰਜਾਬ ਸਰਕਾਰ ਸਿਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਨਾਉਣ ਲਈ ਯਤਨਸ਼ੀਲ : ਵਿਧਾਇਕ ਭੁੱਲਰ
ਸਰਕਾਰੀ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਸਲਾਨਾ ਨਤੀਜੇ ਮੌਕੇ ਸਨਮਾਨ ਸਮਾਰੋਹ ਆਯੋਜਿਤ
ਪੰਜਾਬ ਸਰਕਾਰ ਸਿਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਨਾਉਣ ਲਈ ਯਤਨਸ਼ੀਲ : ਵਿਧਾਇਕ ਭੁੱਲਰ
ਸਰਕਾਰੀ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਸਲਾਨਾ ਨਤੀਜੇ ਮੌਕੇ ਸਨਮਾਨ ਸਮਾਰੋਹ ਆਯੋਜਿਤ
ਫਿਰੋਜ਼ਪੁਰ (31.3.2023 ) ਹਿੰਦ ਪਾਕਿ ਸਰਹੱਦ ਤੇ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਸਲਾਨਾ ਨਤੀਜੇ ਐਲਾਨਣ ਮੌਕੇ ਆਯੋਜਿਤ ਮਾਪੇ ਅਧਿਆਪਕ ਮਿਲਣੀ ਤੇ ਵਿਸ਼ੇਸ਼ ਸਨਮਾਨ ਸਮਾਰੋਹ ਪ੍ਰਿੰਸੀਪਲ ਡਾ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਦੀ ਅਗਵਾਈ ਵਿਚ ਆਯੋਜਿਤ ਕੀਤਾ ਗਿਆ। ਇਸ ਮੌਕੇ ਸ. ਰਣਬੀਰ ਸਿੰਘ ਭੁੱਲਰ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ।
ਇਸ ਮੌਕੇਂ ਰਾਜ ਬਹਾਦਰ ਸਿੰਘ ਗਿੱਲ, ਹਿਮਾਂਸ਼ੂ ਅਤੇ ਪਰਮਿੰਦਰ ਸਿੰਘ ਥਿੰਦ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ।
ਸਨਮਾਨ ਸਮਾਰੋਹ ਮੌਕੇ ਵਿੱਦਿਅਕ ਸੈਸ਼ਨ 2022-23 ਦੌਰਾਨ ਸਿਖਿਆ, ਖੇਡਾਂ ਅਤੇ ਸਹਿਪਾਠੀ ਗਤੀਵਿਧੀਆਂ ਵਿਚ ਸ਼ਲਾਘਾਯੋਗ ਪ੍ਰਾਪਤੀਆਂ ਕਰਨ ਵਾਲੇ 40 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਅਤੇ ਐਨ ਸੀ ਸੀ ਇੰਚਾਰਜ ਪ੍ਰਿਤਪਾਲ ਸਿੰਘ ਦਾ ਸਨਮਾਨ ਕੀਤਾ ਗਿਆ ਅਤੇ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਤੇ 7ਵੀ,8ਵੀ,9ਵੀ,10ਵੀ ਅਤੇ 12ਵੀ ਜਮਾਤ ਦੇ 400 ਤੋ ਵੱਧ ਵਿਦਿਆਰਥੀਆਂ ਨੂੰ ਕਿਤਾਬਾਂ ਵੀ ਵੰਡਣ ਦੀ ਸ਼ੁਰੂਆਤ ਵੀ ਕੀਤੀ ਗਈ।
ਡਾ ਸਤਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕਰਦਿਆਂ ਵਿਦਿਅਕ ਸੈਸ਼ਨ 2022-23 ਦੀਆ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਕੂਲ ਦੇ ਵਿਕਾਸ ਲਈ ਸਮਾਜ ਸੇਵੀ ਸੰਸਥਾਵਾਂ, ਦਾਨੀ ਸੱਜਣਾਂ ਅਤੇ ਬੀ ਐਸ ਐਫ਼ ਦੇ ਅਧਿਕਾਰੀਆਂ ਵੱਲੋਂ ਪਾਏ ਯੋਗਦਾਨ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਕੂਲ ਵਿੱਚ ਖੇਡ ਦੇ ਮੈਦਾਨ ਦਾ ਪ੍ਰਬੰਧ ਕਰਨ ਦੀ ਮੰਗ ਵੀ ਕੀਤੀ।
ਸ.ਰਣਬੀਰ ਸਿੰਘ ਭੁੱਲਰ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਤੇ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿਚ ਮੋਹਰੀ ਸੂਬਾ ਬਨਾਉਣ ਲਈ ਵਿਸ਼ੇਸ਼ ਤੌਰ ਤੇ ਯਤਨਸ਼ੀਲ ਹੈ । ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਵਿਦਿਅਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਉਪਲਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਸਕੂਲ ਸਟਾਫ ਵੱਲੋਂ ਸਰਹੱਦੀ ਖੇਤਰ ਦੀ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸਮਾਜਿਕ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਕੂਲ ਦਾ ਸਮੁੱਚਾ ਵਿਕਾਸ ਸਟਾਫ ਦੀ ਮਿਹਨਤ ਨਾਲ ਹੀ ਸੰਭਵ ਹੋਇਆਂ ਹੈ।ਉਨ੍ਹਾਂ ਨੇ ਸਨਮਾਨਤ ਹੋਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਸਰਹੱਦੀ ਖੇਤਰ ਦੀ ਸਿੱਖਿਆ ਦੇ ਗੁਣਾਤਮਕ ਵਿਕਾਸ ਲਈ ਹਰ ਸੰਭਵ ਮੱਦਦ ਕੀਤੀ ਜਾਵੇਗੀ।
ਸਕੂਲ ਅਧਿਆਪਕਾਂ ਨੇ ਆਪਣੇ ਸੰਬੋਧਨ ਵਿਚ ਸਰਕਾਰੀ ਸਕੂਲਾਂ ਵਿਚ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਂਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਨਮਾਨਿਤ ਹੋਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਨੂੰ ਸਫਲਤਾ ਦਾ ਪਾਠ ਪੜਾਉਦਿਆ ਅਨੇਕਾ ਟਿਪਸ ਦਿੰਦਿਆਂ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ,ਪੜ੍ਹਾਈ ਦੀ ਮਹੱਤਤਾ ਤੋ ਜਾਨੂ ਕਰਵਾਇਆ ਅਤੇ ਨਸ਼ੇ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਗੱਲ ਵੀ ਕੀਤੀ ।
ਸਮਾਗਮ ਦੀ ਸ਼ੁਰੂਆਤ ਸਕੂਲ ਲੈਕਚਰਾਰ ਗੁਰਪ੍ਰੀਤ ਕੌਰ ਨੇ ਧਾਰਮਿਕ ਸ਼ਬਦ ਗਾਇਨ ਕਰਕੇ ਕੀਤੀ।ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਗਿੱਧਾ, ਭੰਗੜੇ, ਰਾਸ਼ਟਰੀ ਏਕਤਾ ਨੂੰ ਉਤਸ਼ਾਹਿਤ ਕਰਦੀ ਕੋਰਿਓਗ੍ਰਾਫੀ, ਗੀਤ ਅਤੇ ਕਵਿਤਾਵਾਂ ਰਾਹੀਂ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ ।
ਮੰਚ ਸੰਚਾਲਨ ਦੀ ਜਿੰਮੇਵਾਰੀ ਸ਼ਰੁਚੀ ਮਹਿਤਾ ਅਤੇ ਬਲਜੀਤ ਕੌਰ ਕੌਰ ਨੇ ਬਾਖੁਬੀ ਨਿਭਾਈ ।
ਇਸ ਮੌਕੇ ਸੁਰਜੀਤ ਵਿਲਾਸਰਾ, ਕਰਮਜੀਤ ਸਿੰਘ ਸਰਪੰਚ,ਡਾ ਰੂਪ ਸਿੰਘ, ਗੋਮਾ ਸਿੰਘ, ਗੁਰਨਾਮ ਸਿੰਘ ਚੇਅਰਮੈਨ, ਜੱਗਾਂ ਸਿੰਘ ਸਰਪੰਚ, ਕੁਲਵੰਤ ਸਿੰਘ, ਇਕਬਾਲ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉੱਘੇ ਆਗੂ, ਸਰਪੰਚ,ਪੰਚ ਅਤੇ ਵਿਦਿਆਰਥੀਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਵਿਸ਼ੇਸ਼ ਤੌਰ ਤੇ ਹਾਜਰ ਸਨ।
ਸਮਾਗਮ ਨੂੰ ਸਫਲ ਬਣਾਉਣ ਵਿਚ ਸਕੂਲ ਸਟਾਫ ਪ੍ਰਿਯੰਕਾ ਜੋਸ਼ੀ ਲੈਕਚਰਾਰ , ਬਲਵਿੰਦਰ ਕੌਰ,ਗੀਤਾ, ਸਰੁਚੀ ਮਹਿਤਾ ,ਮਨਦੀਪ ਸਿੰਘ , ਸੰਦੀਪ ਕੁਮਾਰ, ਵਿਜੇ ਭਾਰਤੀ ,ਸੂਚੀ ਜੈਨ ,ਵਿਸ਼ਾਲ ਗੁਪਤਾ, ਪ੍ਰਵੀਨ ਬਾਲਾ,ਮਨਦੀਪ ਸਿੰਘ, ਅਰੁਣ ਕੁਮਾਰ ਸ਼ਰਮਾ, ਪ੍ਰਿਤਪਾਲ ਸਿੰਘ ਸਟੇਟ ਅਵਾਰਡੀ , ਬਲਜੀਤ ਕੌਰ, ਦਵਿੰਦਰ ਕੁਮਾਰ, ਕੰਚਨ ਬਾਲਾ ,ਨੈਨਸੀ ,ਅਮਰਜੀਤ ਕੌਰ, ਮਹਿਮਾ ਕਸ਼ਅਪ,ਨੇਹਾ ਕਾਮਰਾ ਨੇ ਵਿਸ਼ੇਸ਼ ਯੋਗਦਾਨ ਪਾਇਆ ।
ਸਮਾਗਮ ਦੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਆਏ ਮਹਿਮਾਨਾ ਨੂੰ ਯਾਦ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ।