ਪੰਜਾਬ ਸਰਕਾਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਰਾਜ ਪੱਧਰੀ ਸਮਾਗਮ ਵਜੋਂ ਮਨਾਇਆ ਕਰੇਗੀ:-ਭੱਟੀ
ਫ਼ਿਰੋਜ਼ਪੁਰ ਦੇ ਇਤਿਹਾਸਕ ਸਥਾਨਾਂ ਨੂੰ ਅੰਤਰ ਰਾਸ਼ਟਰੀ ਸੈਲਾਨੀ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ:-ਵਿਧਾਇਕ ਪਰਮਿੰਦਰ ਸਿੰਘ ਪਿੰਕੀ
ਡਿਪਟੀ ਸਪੀਕਰ ਸ੍ਰੀ ਭੱਟੀ ਤੇ ਵਿਧਾਇਕ ਸ੍ਰ. ਪਿੰਕੀ ਵੱਲੋਂ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ
ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸੁਸਾਇਟੀ ਨੂੰ 1 ਲੱਖ ਰੁਪਏ ਦੇਣ ਦਾ ਐਲਾਨ
ਫ਼ਿਰੋਜ਼ਪੁਰ 28 ਸਤੰਬਰ 2017 ( ) ਪੰਜਾਬ ਸਰਕਾਰ ਵੱਲੋਂ ਅਗਲੇ ਸਾਲ ਤੋਂ ਸ਼ਹੀਦ ਭਗਤ ਦੇ ਜਨਮ ਦਿਨ ਨੂੰ ਰਾਜ ਪੱਧਰੀ ਸਮਾਗਮ ਵਜੋਂ ਮਨਾਇਆ ਜਾਇਆ ਕਰੇਗਾ ਅਤੇ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲਦੀ ਹੀ ਬਕਾਇਦਾ ਐਲਾਨ ਕਰ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ: ਅਜਾਇਬ ਸਿੰਘ ਭੱਟੀ ਨੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਸ਼ਰਧਾ ਦੇ ਫੁੱਲ ਭੇਂਟ ਕਰਨ ਤੋਂ ਪਹਿਲਾ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ: ਪਰਮਿੰਦਰ ਸਿੰਘ ਪਿੰਕੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸ: ਅਜੈਬ ਸਿੰਘ ਭੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ ਅਤੇ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਮੁਲਾਜ਼ਮਾਂ ਸਮੇਤ ਹਰ ਵਰਗ ਦੇ ਵਿਕਾਸ ਲਈ ਵਿਸ਼ੇਸ਼ ਯੋਜਨਾਵਾਂ ਉਲੀਕੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਤੇ ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਜਲਦੀ ਹੀ ਮੁੱਖ ਮੰਤਰੀ ਜੀ ਨੂੰ ਮਿਲ ਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਰਾਜ ਪੱਧਰੀ ਸਮਾਗਮ ਵਜੋਂ ਮਨਾਉਣ ਦੀ ਮੰਗ ਕਰਨਗੇ ਤੇ ਮੁੱਖ ਮੰਤਰੀ ਵੱਲੋਂ ਵੀ ਇਸ ਸਬੰਧੀ ਜਲਦੀ ਐਲਾਨ ਕੀਤਾ ਜਾਵੇਗਾ। ਉਨ੍ਹਾਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸੁਸਾਇਟੀ ਨੂੰ ਪੰਜਾਬ ਸਰਕਾਰ ਵੱਲੋਂ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ।
ਵਿਧਾਇਕ ਸ: ਪਰਮਿੰਦਰ ਸਿੰਘ ਪਿੰਕੀ ਨੇ ਇਸ ਮੌਕੇ ਕਿਹਾ ਕਿ ਫ਼ਿਰੋਜ਼ਪੁਰ ਦੇ ਇਤਿਹਾਸਿਕ ਸਥਾਨਾਂ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਸੈਲਾਨੀ ਕੇਂਦਰ ਵਜੋਂ ਵਿਕਸਿਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਸੈਰ-ਸਪਾਟਾ ਪਾਲਿਸੀ ਵਿੱਚ ਇਤਿਹਾਸਿਕ ਸ਼ਹਿਰ ਫ਼ਿਰੋਜ਼ਪੁਰ ਨੂੰ ਵਿਸ਼ੇਸ਼ ਥਾਂ ਦਿੱਤੀ ਜਾਵੇਗੀ ਤੇ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਇਸ ਸਬੰਧੀ ਐਲਾਨ ਵੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਰਾਗੜ੍ਹੀ ਦਿਵਸ ਨੂੰ ਰਾਜ ਪੱਧਰੀ ਸਮਾਗਮ ਵਜੋਂ ਮਨਾਇਆ ਗਿਆ ਹੈ ਤੇ ਅਗਲੇ ਸਾਲ ਤੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਹੁਸੈਨੀਵਾਲਾ ਵਿਖੇ ਵੀ ਰਾਜ ਪੱਧਰੀ ਸਮਾਗਮ ਹੋਵੇਗਾ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਵਿਖੇ ਪੀ.ਜੀ.ਆਈ. ਸੈਟੇਲਾਈਟ ਸੈਂਟਰ ਜਲਦੀ ਸ਼ੁਰੂ ਹੋਵੇਗਾ ਤੇ ਕਿਸਾਨਾਂ ਨੂੰ ਝੋਨੇ ਦੀ ਖਰੀਦ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਉਪਰੰਤ ਡਿਪਟੀ ਸਪੀਕਰ ਸ: ਅਜਾਇਬ ਸਿੰਘ ਭੱਟੀ, ਸ: ਪਰਮਿੰਦਰ ਸਿੰਘ ਪਿੰਕੀ, ਸ: ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ, ਸ: ਚਮਕੌਰ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਸ੍ਰੀ. ਰਾਮਵੀਰ ਡਿਪਟੀ ਕਮਿਸ਼ਨਰ, ਸ: ਭੁਪਿੰਦਰ ਸਿੰਘ ਸਿੱਧੂ ਐਸ.ਐਸ.ਪੀ. ਸਮੇਤ ਵੱਡੀ ਗਿਣਤੀ ਵਿੱਚ ਆਗੂਆਂ ਤੇ ਅਧਿਕਾਰੀਆਂ ਨੇ ਹੁਸੈਨੀਵਾਲਾ ਸ਼ਹੀਦੀ ਸਮਾਰਕ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸੁਸਾਇਟੀ ਤੇ ਹੋਰ ਸੰਸਥਾਵਾਂ ਵੱਲੋਂ ਕੱਢੇ ਮੋਟਰ ਸਾਈਕਲ ਮਾਰਚ ਵਿੱਚ ਵੀ ਸ਼ਿਰਕਤ ਕੀਤੀ ਤੇ ਉਨ੍ਹਾਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ।
ਸ਼ਹੀਦਾਂ ਦੀਆਂ ਸਮਾਧਾਂ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸ਼ਹੀਦ ਭਗਤ ਸਿੰਘ ਰਾਜਗੁਰੂ, ਸੁਖਦੇਵ ਸੁਸਾਇਟੀ ਤੇ ਹੋਰ ਜਥੇਬੰਦੀਆਂ ਦੀ ਮੋਟਰ ਸਾਈਕਲ ਯਾਤਰਾ ਗੁਰਦੁਆਰਾ ਸਾਰਾਗੜ੍ਹੀ ਤੋਂ ਚੱਲ ਕੇ ਹੁਸੈਨੀਵਾਲਾ ਵਿਖੇ ਸਮਾਪਤ ਹੋਈ। ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਦੀ ਅਗਵਾਈ ਵਿੱਚ 100 ਵਿਦਿਆਰਥੀਆਂ ਦੀ ਸਾਈਕਲ ਯਾਤਰਾ ਗੱਟੀ ਰਾਜੋ ਕੇ ਤੋਂ ਚੱਲ ਕੇ ਸ਼ਹੀਦੀ ਸਮਾਰਕ ਪਹੁਚੀ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼ਹੀਦ ਭਗਤ ਸਿੰਘ ਸੁਸਾਇਟੀ ਵੱਲੋਂ ਸ਼ਹੀਦੀ ਸਮਾਰਕ ਤੇ ਨਾਟਕ ਮੇਲਾ ਵੀ ਕਰਵਾਇਆ ਗਿਆ। ਹਜ਼ਾਰਾ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਹੀਦੀ ਸਮਾਰਕ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਸ੍ਰੀ. ਵਨੀਤ ਕੁਮਾਰ ਏ.ਡੀ.ਸੀ. ਸ: ਹਰਜੀਤ ਸਿੰਘ ਸੰਧੂ ਐਸ.ਡੀ.ਐਮ., ਸ: ਰਣਜੀਤ ਸਿੰਘ ਸਹਾਇਕ ਕਮਿਸ਼ਨਰ (ਜਨ.) ਸ: ਹਰਜਿੰਦਰ ਸਿੰਘ ਬਿੱਟੂ ਸਾਂਘਾ, ਸ: ਹਰਿੰਦਰ ਸਿੰਘ ਖੋਸਾ, ਐਡਵੋਕੇਟ ਗੁਲਸ਼ਨ ਮੋਂਗਾ, ਸ੍ਰੀ. ਧਰਮਵੀਰ ਸਿੰਘ, ਜਸਵਿੰਦਰ ਸਿੰਘ ਸੰਧੂ ਪ੍ਰਧਾਨ ਸ਼ਹੀਦ ਭਗਤ ਸਿਘ, ਰਾਜਗੁਰੂ, ਸੁਖਦੇਵ ਸੁਸਾਇਟੀ, ਸ: ਬਲਵੀਰ ਸਿੰਘ ਬਾਠ, ਸ: ਦਲਜੀਤ ਸਿੰਘ ਦੁਲਚੀ ਕੇ, ਸ: ਸੁਰਜੀਤ ਸਿੰਘ ਸੇਠੀ, ਸ੍ਰ: ਸੋਹਣ ਸਿੰਘ ਸੋਢੀ, ਬਲੀ ਸਿੰਘ ਉਸਮਾਨਵਾਲਾ, ਅਜੇ ਜੋਸ਼ੀ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।