Ferozepur News
ਪੰਜਾਬ ਸਰਕਾਰ ਨਾਲ ਲੰਬੀਆਂ ਲੰਬੀਆਂ ਵਾਰਤਾਵਾਂ ਤੋਂ ਉਕਤਾਈ ਰੈਵਿਨੀਊ ਪਟਵਾਰ ਯੂਨੀਅਨ
ਪੰਜਾਬ ਸਰਕਾਰ ਨਾਲ ਲੰਬੀਆਂ ਲੰਬੀਆਂ ਵਾਰਤਾਵਾਂ ਤੋਂ ਉਕਤਾਈ ਰੈਵਿਨੀਊ ਪਟਵਾਰ ਯੂਨੀਅਨ
ਫ਼ਿਰੋਜ਼ਪੁਰ ( Harish Monga )ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਵਾਸਤੇ ਪੰਜਾਬ ਸਰਕਾਰ ਨਾਲ ਲੰਬੀਆਂ ਲੰਬੀਆਂ ਵਾਰਤਾਵਾਂ ਤੋਂ ਉਕਤਾਈ ਦੀ ਰੈਵਿਨੀਊ ਪਟਵਾਰ ਯੂਨੀਅਨ ( ਰਜਿ.) ਨੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ । 28 ਜਨਵਰੀ 2016 ਨੂੰ ਪੰਜਾਬ ਭਰ ਦੇ ਸਮੂਹ ਪਟਵਾਰੀ ਜਿਲ੍ਹਾ ਹੈਡਕੁਆਟਰਾਂ ਤੇ ਡੀ.ਸੀ. ਦਫ਼ਤਰਾਂ ਸਾਹਮਣੇ 11 ਵਜੇ ਤੋਂ 2 ਵਜੇ ਤੱਕ ਧਰਨੇ ਦੇਣਗੇ । ਇਹ ਜਾਣਕਾਰੀ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਗੁਰਤੇਜ ਸਿੰਘ ਗਿੱਲ ਸੂਬਾ ਮੀਤ ਪ੍ਰਧਾਨ,ਹਰਮੀਤ ਵਿਦਿਆਰਥੀ ਜਿਲ੍ਹਾ ਪ੍ਰਧਾਨ , ਪ੍ਰੀਤਮ ਸਿੰਘ,ਸਤਪਾਲ ਸਿੰਘ ਸ਼ਾਹਵਾਲਾ( ਸੀ. ਮੀਤ ਪ੍ਰਧਾਨ )ਸੰਤੋਖ ਸਿੰਘ ਤੱਖੀ ਜਿਲ੍ਹਾ ਜਨਰਲ ਸਕੱਤਰ, ਜਸਵੀਰ ਸਿੰਘ ਸੈਣੀ,ਮੱਖਣ ਸਿੰਘ ਅਤੇ ਜਗਜੀਤ ਸਿੰਘ (ਸਾਰੇ ਤਹਿਸੀਲ ਪ੍ਰਧਾਨ) ਨੇ ਦਿੱਤੀ । ਆਪਣੀਆਂ ਮੰਗਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਪਟਵਾਰੀ ਆਗੂਆਂ ਨੇ ਦੱਸਿਆ ਕਿ 1996 ਵਿੱਚ ਸਰਕਾਰ ਨੇ ਪਟਵਾਰੀਆਂ ਦਾ ਸੀਨੀਅਰ ਸਕੇਲ ਖਤਮ ਕਰ ਦਿੱਤਾ ਸੀ ਜਿਸ ਨਾਲ ਇੱਕੋ ਤਰੀਕ ਨੂੰ ਭਰਤੀ ਹੋਣ ਵਾਲੇ ਪਟਵਾਰੀਆਂ ਦੇ ਤਨਖ਼ਾਹ ਸਕੇਲਾਂ ਵਿੱਚ ਤਰੁੱਟੀਆਂ ਪੈਦਾ ਹੋ ਗਈਆਂ । ਇਹ ਤਰੁੱਟੀਆਂ ਦੂਰ ਕਰ ਕੇ ਹੁੰਦਾ ਵਿਤਕਰਾ ਖ਼ਤਮ ਕੀਤਾ ਜਾਵੇ । ਪਟਵਾਰ ਵਰਗ ਵਿੱਚ ਤਰੱਕੀ ਦੇ ਮੌਕੇ ਘੱਟ ਹੋਣ ਕਾਰਣ ਪਟਵਾਰੀ ਨੂੰ 15 ਸਾਲ ਬਾਅਦ ਕਾਨੂੰਗੋ ਦਾ, 25 ਸਾਲ ਬਾਅਦ ਨਾਇਬ ਤਹਿਸੀਲਦਾਰ ਦਾ ਅਤੇ 30 ਸਾਲ ਬਾਅਦ ਤਹਿਸੀਲਦਾਰ ਦਾ ਸਕੇਲ ਦਿੱਤਾ ਜਾਵੇ ।
ਮਹਿਕਮਾ ਪੁਲਸ ਵੱਲੋਂ ਸਰਕਾਰ ਦੀਆੰ ਹਦਾਇਤਾਂ ਦੇ ਖ਼ਿਲਾਫ਼ ਜਾਕੇ ਵਿਭਾਗੀ ਪੜਤਾਲ ਤੋਂ ਬਿਨਾਂ ਸਿੱਧੇ ਪਰਚੇ ਦਰਜ ਕੀਤੇ ਜਾ ਰਹੇ ਨੇ । ਜੱਥੇਬੰਦੀ ਦੀ ਮੰਗ ਹੈ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵਿਭਾਗੀ ਪੜਤਾਲ ਤੋਂ ਬਿਨਾਂ ਕੀਤੇ ਪਰਚੇ ਖ਼ਾਰਜ ਕੀਤੇ ਜਾਣ । ਕੰਮ ਦਾ ਬੋਝ ਬਹੁਤ ਵਧ ਜਾਣ ਕਰਕੇ ਕਾਨੂੰਗੋ ਸਰਕਲ ਛੋਟੇ ਕੀਤੇ ਜਾਣ ਅਤੇ 5 ਪਟਵਾਰੀਆਂ ਪਿੱਛੇ ਇੱਕ ਕਾਨੂੰਗੋ ਤਾਇਨਾਤ ਕੀਤਾ ਜਾਵੇ । ਸਮੂਹ ਡੀ.ਸੀ.ਦਫ਼ਤਰਾਂ ਵਿੱਚ ਡੀ.ਆਰ.ਏ.ਦੀਆਂ ਦੋ ਪੋਸਟਾਂ ਕਾਨੂੰਗੋਆਂ ਦੀ ਪਦ-ਉਨਤੀ ਕਰਕੇ ਭਰੀਆਂ ਜਾਣ ਦੀਆਂ ਹਦਾਇਤਾਂ ਜਾਰੀ ਹੋ ਚੁੱਕੀਆਂ ਹਨ ਪਰ ਅਜੇ ਤੀਕ ਡੀ.ਸੀ.ਦਫ਼ਤਰਾਂ ਵਿੱਚ ਇਹਨਾਂ ਹੁਕਮਾਂ ਤੇ ਅਮਲ ਨਹੀਂ ਹੋ ਰਿਹਾ ।
ਪਟਵਾਰੀ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਉੱਪ ਮੁੱਖ ਮੰਤਰੀ ਪੰਜਾਬ ਅਤੇ ਮਾਲ ਮੰਤਰੀ ਵੱਲੋਂ ਮੰਨੀਆਂ ਗਈਆਂ ਇਹਨਾਂ ਮੰਗਾਂ ਤੇ ਅਮਲ ਨਾ ਹੋਇਆ ਤਾਂ ਪੰਜਾਬ ਦੇ ਸਮੂਹ ਪਟਵਾਰੀ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।