Ferozepur News
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਵੱਲੋਂ ਪਿੰਡ ਸੋਢੀ ਨਗਰ ਦਾ ਦੌਰਾ ਦੋ ਧਿਰਾਂ ਵਿੱਚ ਹੋਏ ਵਿਵਾਦ ਵਿੱਚ ਜ਼ਖਮੀ ਵਿਅਕਤੀਆਂ ਨਾਲ ਮੁਲਾਕਾਤ
ਫ਼ਿਰੋਜ਼ਪੁਰ 20 ਜੁਲਾਈ 2018 (Manish Bawa ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਸ਼੍ਰੀ ਰਾਜ ਸਿੰਘ, ਮੈਂਬਰ ਸ੍ਰੀ. ਬਾਬੂ ਸਿੰਘ ਪੰਜਾਵਾ ਵੱਲੋਂ ਚਿੱਟਾ ਵੇਚਣ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਏ ਵਿਵਾਦ ਵਿੱਚ ਜ਼ਖਮੀ ਹੋਏ ਵਿਅਕਤੀਆਂ ਦਾ ਹਾਲ-ਚਾਲ ਪੁੱਛਣ ਲਈ ਪਿੰਡ ਸੋਢੀ ਨਗਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਐੱਸ.ਡੀ.ਐੱਮ ਨਰਿੰਦਰ ਸਿੰਘ ਧਾਲੀਵਾਲ, ਤਹਿਸੀਲਦਾਰ ਮਨਜੀਤ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਹਰਪਾਲ ਸਿੰਘ ਗਿੱਲ, ਡੀ.ਐੱਸ.ਪੀ. ਲਖਵੀਰ ਸਿੰਘ, ਐੱਸ.ਐੱਚ.ਓ. ਜਸਬੀਰ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਵਾਈਸ ਚੇਅਰਮੈਨ ਅਤੇ ਮੈਂਬਰ ਵੱਲੋਂ ਜ਼ਖਮੀਆਂ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿਵਾਇਆ। ਜ਼ਖਮੀ ਦੇ ਪਰਿਵਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਜੋਧਾ ਸਿੰਘ ਅਤੇ ਹੋਰ ਲੋਕਾਂ ਵੱਲੋਂ ਟਰੈਕਟਰ ਤੇ ਸਵਾਰ ਹੋ ਕੇ 25 ਤੋਂ 30 ਆਦਮੀਆਂ ਨੇ ਰਣਜੋਤ ਸਿੰਘ ਦੇ ਮੁਹੱਲੇ ਵਿਚ ਆਏ ਤੇ ਆਉਂਦਿਆਂ ਹੀ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਪਰਿਵਾਰਾਂ ਦੇ ਘਰਾਂ ਤੇ ਪੱਥਰ ਵਰਸਾਉਣੇ ਸ਼ੁਰੂ ਕਰ ਦਿਤੇ ਅਤੇ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਰਣਜੋਤ ਸਿੰਘ, ਸਾਹਿਬ ਸਿੰਘ, ਸੁਖਵਿੰਦਰ ਸਿੰਘ, ਜੋਗਾ ਸਿੰਘ ਅਤੇ ਪਰਮਜੀਤ ਕੌਰ ਜ਼ਖਮੀ ਹੋ ਗਏ।
ਸੀਨੀਅਰ ਵਾਈਸ ਚੇਅਰਮੈਨ ਸ੍ਰੀ. ਰਾਜ ਸਿੰਘ ਵੱਲੋਂ ਮੌਕੇ ਤੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸਬੰਧਿਤ ਵਿਅਕਤੀਆਂ ਦੀਆਂ ਗ੍ਰਿਫ਼ਤਾਰੀਆਂ ਕਰਕੇ 8 ਅਗਸਤ ਤੱਕ ਫਾਈਨਲ ਰਿਪੋਰਟ ਪੇਸ਼ ਕੀਤੀ ਜਾਵੇ। ਉਨ੍ਹਾਂ ਜ਼ਿਲ੍ਹਾ ਭਲਾਈ ਅਫ਼ਸਰ ਹਰਪਾਲ ਸਿੰਘ ਗਿੱਲ ਨੂੰ ਨਿਰਦੇਸ਼ ਦਿੱਤੇ ਕਿ ਜ਼ਖਮੀ ਹੋਏ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਇਲਾਜ ਤੇ ਜਿਨ੍ਹਾਂ ਵੀ ਖ਼ਰਚ ਹੋਇਆ ਹੈ ਉਹ ਸਰਕਾਰ ਵੱਲੋਂ ਦਿੱਤਾ ਜਾਵੇਗਾ।
ਇਸ ਮੌਕੇ ਪਿੰਡ ਦੀ ਸਰਪੰਚ ਸੁਖਵਿੰਦਰ ਕੌਰ ਸਮੇਤ ਪੰਚ, ਮੈਂਬਰ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਵੀ ਹਾਜ਼ਰ ਸਨ।