Ferozepur News
ਪ੍ਰੀ-ਪ੍ਰਾਇਮਰੀ ਸਿੱਖਿਆ ਦੇ ਤਿੰਨ ਸਾਲ ਪੂਰੇ ਹੋਣ ‘ਤੇ ਫ਼ਿਰੋਜ਼ਪੁਰ ਜਿਲ੍ਹੇ ਦੇ 613 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਗ੍ਰਾਂਟਾਂ ਜਾਰੀ
ਬੱਚਿਆਂ ਦੀ ਸਿਹਤ ਸੁਰੱਖਿਆ ਅਤੇ ਸਫ਼ਾਈ ਲਈ 73.56 ਲੱਖ ਰੁਪਏ ਦੀ ਗ੍ਰਾਂਟ ਜਾਰੀ
ਪ੍ਰੀ-ਪ੍ਰਾਇਮਰੀ ਸਿੱਖਿਆ ਦੇ ਤਿੰਨ ਸਾਲ ਪੂਰੇ ਹੋਣ ‘ਤੇ ਫ਼ਿਰੋਜ਼ਪੁਰ ਜਿਲ੍ਹੇ ਦੇ 613 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਗ੍ਰਾਂਟਾਂ ਜਾਰੀ
ਬੱਚਿਆਂ ਦੀ ਸਿਹਤ ਸੁਰੱਖਿਆ ਅਤੇ ਸਫ਼ਾਈ ਲਈ 73.56 ਲੱਖ ਰੁਪਏ ਦੀ ਗ੍ਰਾਂਟ ਜਾਰੀ
ਬੱਚਿਆਂ ਦੀ ਸਿਹਤ ਸੰਭਾਲ, ਸਾਫ਼-ਸਫ਼ਾਈ ਅਤੇ ਫ਼ਸਟ-ਏਡ ਕਾਰਨਰ ਲਈ ਜਾਰੀ ਕੀਤੀ ਗ੍ਰਾਂਟ
ਫ਼ਿਰੋਜ਼ਪੁਰ 18 ਨਵੰਬਰ, 2020: ਪੰਜਾਬ ‘ਚ ਪ੍ਰੀ-ਪ੍ਰਾਇਮਰੀ ਸਿੱਖਿਆ ਦੇ ਸਫਲਤਾਪੂਰਵਕ ਤਿੰਨ ਸਾਲ ਪੂਰੇ ਹੋਣ ‘ਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਵਿਸ਼ੇਸ਼ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਤਹਿਤ ਫ਼ਿਰੋਜ਼ਪੁਰ ਜਿਲ੍ਹੇ ਦੇ 613 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ 73.56 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ‘ਚ ਇਹ ਗ੍ਰਾਂਟਾਂ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪੜ੍ਹ ਰਹੇ ਤਿੰਨ ਤੋਂ ਛੇ ਸਾਲ ਦੇ ਵਿਦਿਆਰਥੀਆਂ ਦੀ ਹੋਰ ਬਿਹਤਰ ਤਰੀਕੇ ਨਾਲ ਸਿਹਤ ਸੰਭਾਲ, ਸਾਫ਼-ਸਫਾਈ ਅਤੇ ਸਿਹਤ-ਸੁਰੱਖਿਆ ਹਿੱਤ ਉਕਤ ਗ੍ਰਾਂਟ ਜਾਰੀ ਕੀਤੀ ਗਈ ਹੈ।
ਇਹ ਜਾਣਕਾਰੀ ਜਿਲ੍ਹਾ ਸਿੱਖਿਆ ਅਫਸਰ (ਐਲੀ.) ਰਾਜੀਵ ਛਾਬੜਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਦੀ ਦੇਖ-ਰੇਖ ‘ਚ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿੱਥੇ ਸਰਕਾਰੀ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਜਮਾਤਾਂ ਆਰੰਭ ਕੀਤੀ ਗਈਆਂ ਹਨ ਅਤੇ ਪੰਜਾਬ ਵਿੱਚ ਪ੍ਰੀ-ਪ੍ਰਾਇਮਰੀ ਸਿੱਖਿਆ ਦਾ ਚੌਥਾ ਸਾਲ ਸ਼ੁਰੂ ਹੋ ਗਿਆ ਹੈ। ਡੀ.ਈ.ਓ. (ਐਲੀ.) ਰਾਜੀਵ ਛਾਬੜਾ ਨੇ ਕਿਹਾ ਕਿ ਸਿੱਖਿਆ ਵਿਭਾਗ ਬੱਚਿਆਂ ਲਈ ਪਾਠਕ੍ਰਮ ਅਤੇ ਸਿੱਖਣ-ਸਿਖਾਉਣ ਵਿਧੀਆਂ ਲਈ ਤਾਂ ਲਗਾਤਾਰ ਕਾਰਜ ਕਰ ਰਿਹਾ ਹੈ ਪਰ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਸਕੂਲਾਂ ਵਿੱਚ ਇਹਨਾਂ ਬੱਚਿਆਂ ਦੇ ਆਉਣ ‘ਤੇ ਸਿਹਤ ਸੰਭਾਲ ਅਤੇ ਸਾਫ਼-ਸਫ਼ਾਈ ਦੇ ਯੋਗ ਪ੍ਰਬੰਧਾਂ ਦੀ ਵੀ ਲੋੜ ਨੂੰ ਮੁੱਖ ਰੱਖਦਿਆਂ ਸਕੂਲਾਂ ਨੂੰ ਇਹ ਗ੍ਰਾਂਟ ਜਾਰੀ ਕੀਤੀ ਗਈ ਹੈ। ਸਮੂਹ ਅਧਿਕਾਰੀ ਸਕੂਲਾਂ ਵੱਲੋਂ ਖਰੀਦੇ ਸਮਾਨ ਦੀ ਗੁਣਵੱਤਾ ਦੀ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰੀ-ਪ੍ਰਾਇਮਰੀ ਸਿੱਖਿਆ ਦੇ ਮਿਆਰ ਸਦਕਾ ਮਾਪਿਆਂ ਨੇ ਸਰਕਾਰੀ ਸਕੂਲਾਂ ਵਿੱਚ ਹੋਰ ਵਧੇਰੇ ਵਿਸ਼ਵਾਸ ਦਿਖਾਇਆ ਹੈ।
ਡੀ.ਈ.ਓ. ਸਾਹਿਬ ਨੇ ਦੱਸਿਆ ਕਿ ਉਪਰੋਕਤ ਗ੍ਰਾਂਟ ਤਹਿਤ ਜਿਲ੍ਹੇ ਦੇ ਹਰੇਕ ਸਕੂਲ ਨੂੰ 12-12 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ। ਜਿਸ ਨਾਲ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਸਕੂਲ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਪ੍ਰੀ-ਪ੍ਰਾਇਮਰੀ ਕਮਰੇ ਦੇ ਅੰਦਰ ਫਰਸ਼ ਲਈ ਹਰਾ ਮੈਟ, ਫ਼ਸਟ-ਏਡ ਕਾਰਨਰ ਲਈ ਕਿੱਟ ਦੇ ਨਾਲ ਵਧੀਆ ਗੁਣਵੱਤਾ ਵਾਲਾ ਕੰਬਲ, ਫੋਮ ਵਾਲਾ ਗੱਦਾ, ਵਾਟਰ ਪਰੂਫ ਕਵਰ, ਦੋ ਚਾਦਰਾਂ ਅਤੇ ਸਿਰਹਾਣਾ ਦੀ ਖਰੀਦ ਕੀਤੀ ਜਾਵੇਗੀ। ਇਸਦੇ ਨਾਲ ਹੀ ਸਟੇਨਲੈੱਸ ਸਟੀਲ ਦਾ ਡਸਟਬਿਨ, ਕੂੜਾ ਸੁੱਟਣ ਵਾਲਾ ਬੈਗ, ਨਹੁੰ ਕੱਟਣ ਲਈ ਨੇਲ ਕਟਰ, ਤੌਲੀਆ ਖਰੀਦਿਆ ਜਾਵੇਗਾ। ਫ਼ਸਟ-ਏਡ ਕਿਟ ਜਿਸ ਵਿੱਚ ਸਬੰਧਿਤ ਦਵਾਈਆਂ, ਪੱਟੀ, ਰੂੰ, ਆਦਿ ਹੋਣ ਦੀ ਖਰੀਦ ਕੀਤੀ ਜਾਵੇਗੀ। ਇਸਦੇ ਨਾਲ ਹੀ ਪ੍ਰੀ-ਪ੍ਰਾਇਮਰੀ ਦੇ ਕਮਰੇ ਦੇ ਦਰਵਾਜ਼ੇ ‘ਤੇ ਡੋਰ-ਮੈਟ ਅਤੇ ਨਾਲ ਹੀ ਸੈਨੀਟਾਈਜ਼ੇਸ਼ਨ ਪ੍ਰਕਿਰਿਆ ਲਈ ਸਟੇਨਲੈਸ ਸਟੀਲ ਦਾ ਅਡਜਸਟੇਬਲ ਪੈਡਲ ਸਟੈਂਡ, ਸੈਨੀਟਾਈਜ਼ਰ, ਸਾਬਣ ਦੀ ਖਰੀਦ ਵੀ ਹੋਵੇਗੀ।