ਪੁਲੀਸ ਵਲੋਂ ਐਫ.ਸੀ.ਆਈ. ਵਰਕਰਾਂ ਉਪਰ ਲਾਠੀਚਾਰਜ ; ਅੱਥਰੂ ਗੈਸ ਦੇ ਗੋਲੋ ਵੀ ਸੁੱਟੇ
ਗੁਰੂਹਰਸਹਾਏ, 9 ਜੂਨ (ਪਰਮਪਾਲ ਗੁਲਾਟੀ)- ਸਪੈਸ਼ਲ ਮਾਲਗੱਡੀ ਲੋਡ ਕਰਨ ਦੇ ਮਾਮਲੇ ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿਚ ਐਫ.ਸੀ.ਆਈ. ਮਜ਼ਦੂਰਾਂ Àਪਰ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਅੱਥਰੂਗੈਸ ਦੇ ਗੋਲੇ ਵੀ ਦਾਗੇ ਗਏ। ਜਿਸ ਕਾਰਨ ਐਫ.ਸੀ.ਆਈ. ਦੇ ਮਜ਼ਦੂਰ ਤਿੱਤਰ ਬਿੱਤਰ ਹੋ ਗਏ ਅਤੇ ਪ੍ਰਾਈਵੇਟ ਠੇਕੇਦਾਰਾਂ ਵੱਲੋਂ ਲਿਆਂਦੀ ਗਈ ਪ੍ਰਾਈਵੇਟ ਲੇਬਰ ਨੂੰ ਮਾਲ ਲੋਡ ਕਰਨ ਵਿਚ ਬਲ ਮਿਲਿਆ। ਪ੍ਰਤੱਖ ਰੂਪ ਵਿਚ ਦੇਖਣ ਨੂੰ ਮਿਲਿਆ ਕਿ ਅੱਜ ਸਵੇਰੇ ਕਰੀਬ 6 ਵਜੇ ਰੇਲਵੇ ਸਟੇਸ਼ਨ ਗੁਰੂਹਰਸਹਾਏ 'ਤੇ ਹੀ ਐਫ.ਸੀ.ਆਈ. ਵਰਕਰ ਯੂਨੀਅਨ ਵੱਲੋਂ ਆਉਣ ਵਾਲੀ ਮਾਲ ਗੱਡੀ ਭਰਨ ਦੀ ਆਸ ਲਗਾ ਕੇ ਬੈਠੇ ਮਜ਼ਦੂਰਾਂ ਨੂੰ ਸਿਆਸੀ ਸ਼ਹਿਰ 'ਤੇ ਪੁਲਿਸ ਦੇ ਜਬਰ ਦਾ ਸਾਹਮਣਾ ਕਰਨਾ ਪਿਆ। ਅੱਜ ਜਦੋਂ ਮਾਲਗੱਡੀ ਨੂੰ ਐਫ.ਸੀ.ਆਈ. ਵਰਕਰਾਂ ਨੂੰ ਲੋਡ ਕਰਨਾ ਚਾਹਿਆ ਤਾਂ ਆਪਣੇ ਆਪ ਨੂੰ ਠੇਕੇਦਾਰ ਕਹਾਉਣ ਵਾਲੇ ਕਾਂਗਰਸੀ ਆਗੂਆਂ ਦੇ ਰਸੂਖ 'ਤੇ ਮੌਕੇ 'ਤੇ ਪੁੱਜੇ ਡੀ.ਐਸ.ਪੀ. ਗੁਰੂਹਰਸਹਾਏ ਅਤੇ ਤਹਿਸੀਲਦਾਰ ਦੀ ਦੇਖ ਰੇਖ ਵਾਲੇ 200 ਤੋਂ ਉਪਰ ਤੈਨਾਤ ਪੁਲਿਸ ਮੁਲਾਜ਼ਮਾਂ ਨੇ ਪ੍ਰਾਈਵੇਟ ਠੇਕੇਦਾਰ ਦੀ ਲੇਬਰ ਨੂੰ ਸ਼ਹਿ ਦੇਣ ਵਾਸਤੇ ਐਫ.ਸੀ.ਆਈ. ਦੇ ਮਜ਼ਦੂਰਾਂ ਉਪਰ ਅੱਥਰੂ ਗੈਂਸ ਦੇ ਗੋਲੇ ਦਾਗਦੇ ਹੋਏ ਲਾਠੀਚਾਰਜ ਵੀ ਕੀਤਾ ਅਤੇ ਕਈ ਮਜ਼ਦੂਰਾਂ ਨੂੰ ਮੌਕੇ ਉਪਰ ਗ੍ਰਿਫਤਾਰ ਵੀ ਕੀਤਾ ਗਿਆ। ਇਸ ਪੁਲਸੀਆਂ ਜਬਰ ਦੇ ਬਚਾਅ ਲਈ ਐਫ.ਸੀ.ਆਈ. ਦੇ ਮਜ਼ਦੂਰਾਂ ਵੱਲੋਂ ਵੀ ਕੁਝ ਪੱਥਰਬਾਜ਼ੀ ਕੀਤੀ ਗਈ। ਐਫ.ਸੀ.ਆਈ. ਮਜ਼ਦੂਰਾਂ ਦੇ ਆਗੂਆਂ ਨੇ ਦੱਸਿਆ ਕਿ ਉਹ ਪਹਿਲੇ 30 ਸਾਲਾਂ ਤੋਂ ਲਗਾਤਾਰ ਰੈਗੂਲਰ ਐਫ.ਸੀ.ਆਈ. ਵਿਚ ਕੰਮ ਕਰ ਰਹੇ ਹਨ ਅਤੇ ਪਿਛਲੇ ਕੁਝ ਦਿਨਾਂ ਤੋਂ ਗੁਰੂਹਰਸਹਾਏ ਅੰਦਰ ਅਕਾਲੀ-ਭਾਜਪਾ ਸਰਕਾਰ ਸਮੇਂ ਠੇਕੇਦਾਰੀ ਸਿਸਟਮ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੀ ਵੀ ਉਨ•ਾਂ ਨੇ ਡਟ ਕੇ ਵਿਰੋਧ ਕੀਤਾ ਸੀ ਅਤੇ ਸਰਕਾਰ ਨੂੰ ਅਜਿਹਾ ਨਾ ਕਰਨ ਦੀ ਮੰਗ ਕੀਤੀ ਸੀ ਅਤੇ ਉਸ ਵੇਲੇ ਕਾਂਗਰਸੀ ਵਿਧਾਇਕ ਅਤੇ ਸਮੂਹ ਕਾਂਗਰਸੀ ਲੀਡਰਸ਼ਿਪ ਨੇ ਐਫ.ਸੀ.ਆਈ. ਮਜ਼ਦੂਰਾਂ ਦੇ ਹੱਕ ਵਿਚ ਸਮਰਥਨ ਕੀਤਾ ਸੀ ਅਤੇ ਇਸ ਧੱਕੇਸ਼ਾਹੀ ਬਾਰੇ ਅਕਾਲੀ ਭਾਜਪਾ ਸਰਕਾਰ ਨੂੰ ਕੋਸਿਆ ਸੀ ਪਰ ਹੈਰਾਨੀ ਉਸ ਵੇਲੇ ਹੋਈ ਜਦੋਂ ਅੱਜ ਖੁਦ ਹੀ ਕਾਂਗਰਸੀ ਆਗੂਆਂ ਨੇ ਪੁੱਜ ਕੇ ਐਫ.ਸੀ.ਆਈ. ਮਜ਼ਦੂਰਾਂ 'ਤੇ ਤਸ਼ੱਦਦ ਢਹਾਉਂਦੇ ਹੋਏ ਪ੍ਰਾਈਵੇਟ ਮਜ਼ਦੂਰਾਂ ਤੋਂ ਮਾਲ ਲੋਡਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਐਫ.ਸੀ.ਆਈ. ਮਜ਼ਦੂਰਾਂ ਵੱਲੋਂ ਲੋਡਿੰਗ ਕੀਤੇ ਜਾਣ ਦਾ ਵਿਰੋਧ ਕਰਨ ਪਿਛਲੇ 30 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਹਨ ਅਤੇ 300 ਤੋਂ ਵੱਧ ਐਫ.ਸੀ.ਆਈ. ਵਰਕਰਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਸਥਾਨਕ ਕਾਂਗਰਸੀ ਆਗੂਆਂ ਵਲੋਂ ਕਾਂਗਰਸ ਸਰਕਾਰ ਆਉਣ 'ਤੇ ਇਹ ਠੇਕੇਦਾਰੀ ਸਿਸਟਮ ਖਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ।
ਸਹਾਇਕ ਮੈਨੇਜਰ ਦਲਬੀਰ ਸਿੰਘ ਮਾਨ ਨੇ ਦੱਸਿਆ ਕਿ ਮਹਿਕਮੇ ਵੱਲੋਂ ਜੋ ਕੰਮ ਰੇਲਵੇ ਪਲੇਟਫਾਰਮ 'ਤੇ ਹੁੰਦਾ ਹੈ, ਉਹ ਕੰਮ ਠੇਕੇਦਾਰਾਂ ਨੂੰ ਦੇ ਦਿੱਤਾ ਹੈ, ਐਫ.ਸੀ.ਆਈ. ਵਰਕਰਾਂ ਕੋਲੋਂ ਇਸ ਕੰਮ ਨੂੰ ਕਰਵਾਉਣ ਵਿਚ ਬਹੁਤ ਜ਼ਿਆਦਾ ਖਰਚ ਭਰਨਾ ਪੈਂਦਾ ਹੈ, ਜਦਕਿ ਠੇਕੇਦਾਰਾਂ ਨੂੰ ਇਸ ਦਾ ਟੈਂਡਰ ਦੇ ਦਿੱਤਾ ਗਿਆ ਹੈ, ਜੋ ਆਪਣੀ ਸਾਰੀ ਜ਼ਿੰਮੇਵਾਰੀ 'ਤੇ ਸਟੈਕ ਲੋਡ• ਕਰਵਾਉਣਗੇ। ਜਦੋ ਇਸ ਸਬੰਧ ਵਿਚ ਡੀ.ਐਸ.ਪੀ. ਗੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ•ਾਂ ਕੋਲੋ ਕੀਤੇ ਗਏ ਲਾਠੀਚਾਰਜ ਦੀ ਲਈ ਗਈ ਮਨਜੂਰੀ ਬਾਰੇ ਪੁੱਛਣ 'ਤੇ ਇਸ ਗੱਲ ਦਾ ਜਵਾਬ ਨਾ ਦੇ ਕੇ ਉਨ•ਾਂ ਕਿਹਾ ਕਿ ਤਹਿਸੀਲਦਾਰ ਸਾਹਿਬ ਨਾਲ ਸਨ ਅਤੇ ਉਨ•ਾਂ ਫ਼ੋਨ ਕੱਟ ਦਿੱਤਾ। ਐਫ.ਸੀ.ਆਈ. ਮਜ਼ਦੂਰਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਤੋਂ ਮੰਗ ਕੀਤੀ ਹੈ ਕਿ ਮਜ਼ਦੂਰਾਂ ਉਪਰ ਲਾਠੀਚਾਰਜ ਕਰਵਾਉਣ ਵਾਲੇ ਡੀ.ਐਸ.ਪੀ. ਗੁਰੂਹਰਸਹਾਏ ਅਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।