ਪਿੰਕੀ ਨੇ ਅਨਾਥ ਆਸ਼ਰਮ ਦੇ ਬੱਚਿਆਂ ਨੂੰ ਕਰਵਾਈ ਫਨ ਆਈਲੈਂਡ ਦੀ ਸੈਰ
ਫਿਰੋਜ਼ਪੁਰ, 16 ਜੂਨ, 2018: ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸ਼ਨੀਵਾਰ ਦੋ ਏਅਰ ਕੰਡੀਸ਼ਨਰ ਬੱਸਾਂ ਵਿਚ ਬਿਠਾ ਕੇ ਸਾਰੇ ਅਨਾਥ ਬੱਚਿਆਂ ਨੂੰ ਤਲਵੰਡੀ ਭਾਈ ਸਥਿਤ ਫਨ ਆਈਲੈਂਡ ਮੰਨੋਰੰਜਨ ਪਾਰਕ ਦੀ ਸੈਰ ਕਰਵਾਈ। ਫਨ ਆਈਲੈਂਡ ਵਿਚ ਬੱਚਿਆਂ ਨੂੰ ਜਿੱਥੇ ਖਾਣਪੀਣ ਦੀ ਹਰ ਸਹੂਲਤ ਦਿੱਤੀ ਗਈ ਉਥੇ ਬੱਚਿਆਂ ਨੇ ਸਵੀਮਿੰਗ, ਵਾਟਰ ਪੂਲ, ਝੂਲਿਆਂ ਤੇ ਫਾਈਵ ਡੀ ਸਿਨੇਮਾ ਦਾ ਖੂਬ ਆਨੰਦ ਮਾਣਿਆ। ਕਰੀਬ ਤਿੰਨ ਘੰਟੇ ਬੱਚੇ ਫਨ ਆਈਲੈਂਡ ਵਿਚ ਰਹੇ ਜਿਸ ਤੋਂ ਬਾਅਦ ਵਿਧਾਇਕ ਪਿੰਕੀ ਤੇ ਉਨਾਂ ਦੇ ਪਰਿਵਾਰ ਨੇ ਸਾਰੇ ਬੱਚਿਆਂ ਨੂੰ ਰਾਤ ਦਾ ਭੋਜਨ ਕਰਵਾਇਆ। ਪਿੰਕੀ ਨੇ ਕਿਹਾ ਕਿ ਉਨਾਂ ਦੇ ਦਿਮਾਗ ਵਿਚ ਵਿਚਾਰ ਆਇਆ ਕਿ ਹਰ ਕੋਈ ਆਪਣੇ ਬਜਟ ਅਨੁਸਾਰ ਗਰਮੀਆਂ ਦੀਆਂ ਛੁੱਟੀਆਂ ਵਿਚ ਆਪਣੇ ਬੱਚਿਆਂ ਨੁੰ ਦੇਸ਼ ਵਿਦੇਸ਼ ਵਿਚ ਸਥਿਤ ਵੱਖ ਵੱਖ ਠੰਢੇ ਇਲਾਕਿਆਂ, ਮੰਨੋਰੰਜਨ ਪਾਰਕਾਂ ਦੀ ਸੈਰ ਕਰਵਾਉਂਦੇ ਹਨ ਉਥੇ ਸ਼ਹਿਰ ਵਿਚ ਸਥਿਤ ਆਰੀਆ ਅਨਾਥਾਲਿਆ ਦੇ ਬੱਚੇ ਇੱਥੇ ਹੀ ਸਖਤ ਗਰਮੀ ਬਤੀਤ ਕਰਦੇ ਹਨ। ਕਿਉਂ ਨਾ ਉਨਾਂ ਦੀ ਖੁਸ਼ੀ ਲਈ ਕੁਝ ਅਜਿਹਾ ਕੰਮ ਕੀਤਾ ਜਾਵੇ ਜਿਸ ਨਾਲ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾਲ ਕਰਨ।
ਫਨ ਆਈਲੈਂਡ ਟੂਰ ਤੇ ਗਏ ਅਨਾਥ ਬੱਚਿਆਂ ਸਰਿਤਾ, ਭੂਮਿਕਾ, ਕਿਰਨ, ਚਾਂਦਨੀ ਸਮੇਤ ਕਈ ਲੜਕੀਆਂ ਨੇ ਕਿਹਾ ਕਿ ਉਨਾਂ ਜਿੰਦਗੀ ਵਿਚ ਅਜਿਹਾ ਮਜ਼ਾ ਕਦੇ ਨਹੀਂ ਲਿਆ। ਏਸੀ ਬੱਸਾਂ ਦਾ ਸਫਰ, ਫਨ ਆਈਲੈਂਡ ਦੀ ਮੌਜ ਮਸਤੀ ਦੇ ਬਾਰੇ ਵਿਚ ਉਹ ਕਦੇ ਸੋਚ ਵੀ ਨਹੀਂ ਸਕਦੇ ਸਨ ਕਿਉਂਕਿ ਉਹ ਤਾਂ ਰੋਟੀ ਵੀ ਦਾਨ ਦੇ ਪੈਸਿਆਂ ਨਾਲ ਖਾਂਦੇ ਹਨ। ਉਨਾਂ ਕਿਹਾ ਕਿ ਵਿਧਾਇਕ ਪਿੰਕੀ ਨੇ ਉਨਾਂ ਦੇ ਸਿਰ ਤੇ ਹੱਥ ਧਰ ਕੇ ਉਨਾਂ ਨੂੰ ਇਹ ਅਹਿਸਾਸ ਦੁਆਇਆ ਹੈ ਕਿ ਉਨਾਂ ਦਾ ਧਿਆਨ ਰੱਖਣ ਵਾਲਾ ਕੋਈ ਹੈ। ਬੱਚਿਆਂ ਨੇ ਪਿੰਕੀ ਤੇ ਉਨਾਂ ਦੇ ਪਰਿਵਾਰ ਦੀ ਲੰਬੀ ਉਮਰ ਦੀ ਅਰਦਾਸ ਕੀਤੀ। ਅਨਾਥ ਆਸ਼ਰਮ ਦੇ ਲੜਕਿਆਂ ਸੈਮਸਨ, ਹਿੰਦੂ, ਜਗਲਨ, ਸ਼ੰਕਰ ਆਦਿ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਆਖਿਆ ਕਿ ਉਨਾਂ ਨੂੰ ਆਸ਼ਰਮ ਵਿਚ ਰਹਿੰਦੇ ਹੋਏ ਕਰੀਬ ਅੱਠ ਸਾਲ ਹੋ ਗਏ ਹਨ। ਅੱਜ ਤੱਕ ਉਨਾਂ ਨੂੰ ਕੋਈ ਘੁਮਾਉਣ ਨਹੀਂ ਲੈ ਕੇ ਆਇਆ, ਪਹਿਲੀ ਵਾਰ ਵਿਧਾਇਕ ਪਿੰਕੀ ਲੈ ਕੇ ਆਏ ਹਨ ਤੇ ਇਸ ਨੇਕ ਕੰਮ ਲਈ ਉਨਾਂ ਨੇ ਲੱਖਾਂ ਦੁਆਵਾਂ ਇਕੱਠੀਆਂ ਕਰ ਲਈਆਂ ਹਨ।