ਨੇਤਰਹੀਣਾਂ ਦੀ ਸਹਾਇਤਾ ਲਈ ਦੇਵ ਸਮਾਜ ਮਾਡਲ ਸਕੂਲ ਆਇਆ ਅੱਗੇ.!!
17 ਦਸੰਬਰ, ਫਿਰੋਜ਼ਪੁਰ: ਨੇਤਰਹੀਣਾਂ ਦੀ ਸਹਾਇਤਾ ਲਈ ਦੇਵ ਸਮਾਜ ਮਾਡਲ ਸਕੂਲ ਫਿਰੋਜ਼ਪੁਰ ਸ਼ਹਿਰ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਪ੍ਰਿੰਸੀਪਲ ਡਾਕਟਰ ਸੁਨੀਤਾ ਰੰਗਬੁਲਾ ਵਲੋਂ ਸਾਂਝੇ ਤੌਰ 'ਤੇ ਪੈਸੇ ਇਕੱਠੇ ਕਰਕੇ ਸਰਦੀ ਤੋਂ ਬਚਨ ਲਈ ਹਰੇਕ ਨੇਤਰਹੀਣ ਨੂੰ ਇਕ-ਇਕ ਗਰਮ ਜੈਕਟ ਦਿੱਤੀ ਗਈ ਅਤੇ ਫਰੂਟ ਆਦਿ ਵੀ ਦਿੱਤੇ ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਬੱਚਿਆਂ ਨੇ ਬਲਾਈਡ ਸੰਸਥਾ ਨਾਲ ਵਾਅਦਾ ਕੀਤਾ ਕਿ ਅਸੀਂ ਵੱਧ ਤੋਂ ਵੱਧ ਵਿੱਤੀ ਸਹਾਇਤਾ ਜਾਂ ਫਿਰ ਲੋੜਵੰਦ ਦੀ ਚੀਜ਼ ਦੀ ਆਉਣ ਵਾਲੇ ਸਮੇਂ ਵਿਚ ਮਦਦ ਕਰਦੇ ਰਹਾਂਗੇ।
ਇਸ ਮੌਕੇ 'ਤੇ ਸੰਸਥਾ ਦੇ ਸੰਯੁਕਤ ਸਕੱਤਰ ਹਰੀਸ਼ ਮੌਂਗਾ ਨੇ ਦੇਵ ਸਮਾਜ ਮਾਡਲ ਸਕੂਲ ਦੇ ਬੱਚਿਆਂ, ਟੀਚਰਾਂ ਅਤੇ ਪ੍ਰਿੰਸੀਪਲ ਦਾ ਧੰਨਵਾਦ ਕੀਤਾ। ਮੌਂਗਾ ਨੇ ਇਹ ਵੀ ਦੱਸਿਆ ਕਿ ਬਲਾਈਡ ਸੰਸਥਾ ਵਿਚ 22 ਨੇਤਰਹੀਣ ਰਹਿੰਦੇ ਹਨ, ਜਿਨ੍ਹਾਂ ਦਾ ਰਹਿਣ ਸਹਿਣ, ਖਾਣ ਪੀਣ, ਪੜ੍ਹਾਈ ਅਤੇ ਮੈਡੀਕਲ ਸੇਵਾਵਾਂ ਮੁਫਤ ਦਿੱਤੀਆਂ ਜਾ ਰਹੀਆਂ ਹਨ ਅਤੇ ਇਹ ਸਾਰਾ ਕੁਝ ਲੋਕਾਂ ਦੇ ਦਾਨ ਵਜੋਂ ਪੈਸੇ ਇਕੱਠੇ ਕਰਕੇ ਅਤੇ ਰੈੱਡ ਕਰਾਂਸ ਦੀ ਸਹਾਇਤਾ ਨਾਲ ਬੜੇ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਇਸ ਗੱਲ ਦੀ ਖੁਸ਼ੀ ਪ੍ਰਗਟ ਕੀਤੀ ਕਿ ਇਸ ਸੰਸਥਾ ਦੇ 18 ਬੱਚੇ ਸਰਕਾਰੀ ਨੌਕਰੀ 'ਤੇ ਤਾਇਨਾਤ ਹੈਂਡੀਕੈਪਡ ਕੋਟੇ ਵਿਚ ਹੋ ਗਏ ਹਨ। ਇਸ ਸਮੇਂ ਵੀ 6 ਨੇਤਰਹੀਣ ਕਾਲਜ਼ ਦੀ ਪੜ੍ਹਾਈ ਕਰ ਰਹੇ ਹਨ। ਇਸ ਮੌਕੇ 'ਤੇ ਬਲਾਈਡ ਸੰਸਥਾ ਦੇ ਸੰਯੁਕਤ ਸਕੱਤਰ ਹਰੀਸ਼ ਮੌਂਗਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਚੜ੍ਹ ਕੇ ਨੇਤਰਹੀਣਾਂ ਦੀ ਸਹਾਇਤਾ ਕਰਨ ਤਾਂ ਜੋ ਉਹ ਵੀ ਆਪਣੇ ਆਪ ਨੂੰ ਸਮਾਜ ਦਾ ਅੰਗ ਸਮਝਣ।