Ferozepur News
ਡੀਟੀਐੱਫ਼ ਨੇ ਸਰਕਾਰ ਦੀਆਂ ਮੁਲਾਜ਼ਮ ਤੇ ਸਿੱਖਿਆ ਮਾਰੂ ਨੀਤੀਆਂ ਖਿਲਾਫ਼ ਕੀਤੀ ਭਰਵੀਂ ਰੋਸ-ਰੈਲੀ
ਡੀ.ਈ.ਓ. ਫਿਰੋਜ਼ਪੁਰ ਨੂੰ ਦਿੱਤਾ ਮੰਗ ਪੱਤਰ, ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਵਲੋਂ ਦਿੱਤਾ ਪੂਰਨ ਸਮਰਥਨ
ਡੀਟੀਐੱਫ਼ ਨੇ ਸਰਕਾਰ ਦੀਆਂ ਮੁਲਾਜ਼ਮ ਤੇ ਸਿੱਖਿਆ ਮਾਰੂ ਨੀਤੀਆਂ ਖਿਲਾਫ਼ ਕੀਤੀ ਭਰਵੀਂ ਰੋਸ-ਰੈਲੀ
ਡੀ.ਈ.ਓ. ਫਿਰੋਜ਼ਪੁਰ ਨੂੰ ਦਿੱਤਾ ਮੰਗ ਪੱਤਰ
ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਵਲੋਂ ਦਿੱਤਾ ਪੂਰਨ ਸਮਰਥਨ
ਫਿਰੋਜ਼ਪੁਰ 16 ਨਵੰਬਰ () ਸਿੱਖਿਆ ਵਿਭਾਗ, ਪੰਜਾਬ ਵੱਲੋਂ ਮੁਲਾਜ਼ਮਾਂ ਤੇ ਵਿਦਿਆਰਥੀਆਂ ਖਿਲਾਫ ਅਤੇ ਸਿੱਖਿਆ ਦੇ ਮਿਆਰ ਨੂੰ ਤਬਾਹ ਕਰਨ ਲਈ ਲਗਾਤਾਰ ਮਾਰੂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਡੀਟੀਐੱਫ਼ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਵਿੱਦਿਅਕ ਮਿਆਰ ਨੂੰ ਖੋਰਾ ਲਾਉਣ ਲਈ, ਆਨਲਾਈਨ ਸਿੱਖਿਆ ਦੀ ਆੜ ਵਿੱਚ ਆਨਲਾਈਨ ਪੈਸ ਟੈਸਟ ਸ਼ੁਰੂ ਕੀਤੇ ਗਏ ਹਨ। ਸਾਰੇ ਵਿਦਿਆਰਥੀਆਂ ਨੂੰ ਇਸ ਟੈਸਟ ਵਿੱਚ ਭਾਗ ਦਿਵਾਉਣ ਲਈ ਅਧਿਆਪਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਵਿਦਿਆਰਥੀ ਸਾਧਨਾਂ ਦੀ ਕਮੀ ਕਾਰਨ ਇਸ ਟੈਸਟ ਵਿੱਚ ਭਾਗ ਨਹੀਂ ਲੈ ਸਕਦੇ। ਵਿਭਾਗ ਦੇ ਅਧਿਕਾਰੀ ਅਧਿਆਪਕਾਂ ‘ਤੇ ਦਬਾਅ ਬਣਾ ਕੇ ਬੋਗਸ ਨਤੀਜੇ ਦੇਣ ਲਈ ਮਜਬੂਰ ਕਰਦੇ ਹਨ। ਇਸ ਮੌਕੇ ਰਾਜਦੀਪ ਸੰਧੂ, ਬਲਰਾਮ ਸ਼ਰਮਾ, ਸਰਬਜੀਤ ਭਾਵੜਾ,ਹਰਜਿੰਦਰ ਹਾਂਡਾ,ਗੁਰਜੀਤ ਸੋਢੀ,ਦੀਦਾਰ ਮੁੱਦਕੀ,ਮਲਕੀਤ ਸਿੰਘ ਹਰਾਜ਼,ਅਮਨਦੀਪ ਜੌਹਲ,ਕੁਲਦੀਪ ਸਿੰਘ, ਲਖਵਿੰਦਰ ਸਿੰਘ ਸਿਮਕ,ਹਰਜੀਤ ਸਿੱਧੂ, ਜਗਸੀਰ ਸਿੰਘ ਭਾਂਗਰ,ਸੋਨੂੰ ਕਸ਼ਿਅਪ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਹਿ ‘ਤੇ ਸਿੱਖਿਆ ਸਕੱਤਰ ਆਨਲਾਈਨ ਸਿੱਖਿਆ ਨੂੰ ਅਧਿਆਪਕ ਦੇ ਬਦਲ ਵਜੋਂ ਪੇਸ਼ ਕਰਨ ਦੀ ਕੋਝੀ ਚਾਲ ਚੱਲ ਰਿਹਾ ਹੈ। ਬਾਲ ਮਨੋਵਿਗਿਆਨ ਅਨੁਸਾਰ ਅਧਿਆਪਕ ਤੋਂ ਬਿਨਾਂ ਕੋਈ ਵੀ ਸਿੱਖਿਆ ਹਾਸਿਲ ਕਰਨੀ ਨਾਮੁਮਕਿਨ ਹੈ। ਸਰਕਾਰ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਤੋਂ ਸਿੱਖਿਆ ਖੋਣ ਦੀ ਨੀਤੀ ‘ਤੇ ਕੰਮ ਕਰਦੀ ਆ ਰਹੀ ਹੈ। ਇਸ ਲਈ ਡੀਟੀਐੱਫ਼ ਆਨਲਾਈਨ ਸਿੱਖਿਆ ਦਾ ਵਿਰੋਧ ਕਰਦੀ ਹੋਈ ਮੰਗ ਕਰਦੀ ਹੈ ਕਿ ਕੋਵਿਡ-19 ਗਾਈਡਲਾਈਨਜ਼ ਪ੍ਰਬੰਧਾਂ ਹੇਠ ਪੰਜਾਬ ਦੇ ਸਾਰੇ ਸਕੂਲ ਖੋਲ੍ਹ ਦਿੱਤੇ ਜਾਣ। ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਨਵਨਿਯੁਕਤ ਅਧਿਆਪਕਾਂ, ਕਰਮਚਾਰੀਆਂ ਦਾ ਪਰਖ ਸਮਾਂ ਏ.ਸੀ.ਪੀ. ਲਾਭ ਦੇਣ ਸਮੇਂ ਜੋੜਿਆ ਨਹੀਂ ਜਾਵੇਗਾ। ਜੇਕਰ ਪਰਖ ਕਾਲ ਨੂੰ ਏਸੀਪੀ ਲਾਭ ਦੇਣ ਸਮੇਂ ਨਹੀਂ ਜੋੜਿਆ ਜਾਂਦਾ ਤਾਂ ਜਥੇਬੰਦੀ ਨਵੇਂ ਕਰਮਚਾਰੀਆਂ ਦੇ ਹੱਕ ਵਿੱਚ ਪੰਜਾਬ ਸਰਕਾਰ ਖਿਲਾਫ ਸਖਤ ਸਟੈਂਡ ਲਵੇਗੀ। ਇਸ ਨਾਲ ਕਰਮਚਾਰੀਆਂ ਨੂੰ ਵੱਡਾ ਵਿੱਤੀ ਘਾਟਾ ਪਵੇਗਾ। ਮੁਜ਼ਾਹਰਾ ਕਰਨ ਉਪਰੰਤ ਜਥੇਬੰਦੀ ਦੇ ਮਾਸ ਡੈਪੂਟੇਸ਼ਨ ਵੱਲੋਂ ਉੱਕਤ ਮੰਗਾਂ ਦੇ ਨਾਲ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਵਾਉਣ ਲਈ, ਸਮਾਰਟ ਸਕੂਲਾਂ ਦੇ 60:40 ਅਨੁਪਾਤ ਖਤਰਨਾਕ ਰੁਝਾਨ ਖਿਲਾਫ, ਨੌਂਵੀ ਤੋਂ ਬਾਰਵੀਂ ਕਲਾਸ ਦੇ ਵਿਦਿਆਰਥੀਆਂਂ ਦੇ ਫੰਡਾਂ ਨੂੰ ਮਾਫ਼ ਕਰਵਾਉਣ ਲਈ, ਹਰ ਕਾਡਰ ਦੇ ਅਧਿਆਪਕਾਂ ਦੀਆਂ ਰੁਕੀਆਂ ਪਦ-ੳੁੱਨਤੀਆਂ ਕਰਵਾਉਣ ਲਈ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਦੇ ਨਾਂਅ ਇੱਕ ਮੰਗ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ ਨੂੰ ਸੌਂਪਿਆ ਗਿਆ। ਆਗੂਆਂ ਨੇ ਕਿਹਾ ਕਿ ਕਿ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਡੀਟੀਐੱਫ਼ ਸੂਬੇ ਭਰ ਵਿੱਚ ਵੱਡੀ ਪੱਧਰ ‘ਤੇ ਸੰਘਰਸ਼ ਛੇੜੇਗੀ ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਸਾਂਝਾ ਅਧਿਆਪਕ ਮੰਚ ਅਤੇ ਸੀ ਪੀ ਐੱਫ ਯੂਨੀਅਨ ਦਾ ਵਿਸ਼ੇਸ਼ ਤੌਰ ਤੇ ਸਮਰਥਨ ਰਿਹਾ।ਇਸ ਮੌਕੇ,ਹਰਮਨਪ੍ਰੀਤ ਸਿੰਘ ਮੁੱਤੀ, ਸੁਰਿੰਦਰ ਸਿੰਘ ਗਿੱਲ, ਜਸਪ੍ਰੀਤ ਸਿੰਘ ਪੁਰੀ, ਨਿਰਮਲ ਸਿੰਘ, ਰਤਨਦੀਪ ਸਿੰਘ,ਸੰਤੋਖ ਸਿੰਘ,ਅਜੇ ਕੁਮਾਰ,ਵਿਸ਼ਾਲ ਗੁਪਤਾ,ਮੁਕੇਸ਼ ਕੁਮਾਰ,ਦਵਿੰਦਰ ਕੁਮਾਰ, ਚਰਨਜੀਤ ਚਹਿਲ ਆਦਿ ਆਗੂ ਵੀ ਹਾਜ਼ਿਰ ਸਨ।