ਗੁਰੂ ਰਵੀਦਾਸ ਮਹਾਰਾਜ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ – ਐਸ.ਡੀ.ਐਮ ਨੂੰ ਸੌਂਪਿਆ ਮੰਗ ਪੱਤਰ
ਗੁਰੂਹਰਸਹਾਏ, 5 ਮਾਰਚ (ਪਰਮਪਾਲ ਗੁਲਾਟੀ)- ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਸਰੂਪ ਅੱਗੇ ਕਿਸੇ ਸ਼ਰਾਰਤੀ ਅਨਸਰ ਵਲੋਂ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਅਤੇ ਫੋਟੋ ਨੂੰ ਸ਼ੋਸ਼ਲ ਮੀਡੀਆ 'ਚ ਪਾ ਕੇ ਉਹਨਾਂ ਦੀ ਬੇਅਦਬੀ ਕਰਕੇ ਰਵਿਦਾਸੀਆ ਅਤੇ ਵਾਲਮਿਕ ਭਾਈਚਾਰੇ ਦੀ ਆਸਥਾ ਨੂੰ ਠੇਸ ਪਹੁੰਚਾਉਣ 'ਤੇ ਬਿਰਾਦਰੀ ਦੇ ਸਮੂਹ ਭਾਈਚਾਰੇ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਗੁਰੂ ਰਵਿਦਾਸ ਮਹਾਰਾਜ ਦੀ ਕੀਤੀ ਗਈ ਬੇਅਦਬੀ ਸਬੰਧੀ ਸ਼ਰਾਰਤੀ ਅਨਸਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਸਥਾਨਕ ਭਾਰਤੀਯ ਵਾਲਮੀਕ ਯੂਥ ਫੈਡਰੇਸ਼ਨ ਦੇ ਆਗੂਆਂ ਵਲੋਂ ਉਪ-ਮੰਡਲ ਮੈਜਿਸਟ੍ਰੇਟ ਪ੍ਰੋ: ਜਸਪਾਲ ਸਿੰਘ ਗਿੱਲ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਇਸ ਨਿੰਦਨਯੋਗ ਕੀਤੀ ਗਈ ਘਟਨਾ ਨੂੰ ਲੈ ਕੇ ਭਾਈਚਾਰੇ ਦੀ ਇਕ ਸਮੂਹ ਬੈਠਕ ਵਾਲਮਿਕ ਯੂਥ ਫੈਡਰੇਸ਼ਨ ਦੇ ਉਪ ਪੰਜਾਬ ਪ੍ਰਧਾਨ ਬਿੱਟੂ ਭੀਵਾਲ ਅਤੇ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਗਿਆਨ ਚੰਦ ਦੀ ਪ੍ਰਧਾਨਗੀ ਹੇਠ ਗੁਰੂ ਰਵੀਦਾਸ ਮੰਦਿਰ ਵਿਖੇ ਹੋਈ। ਜਿਸ ਵਿਚ ਉਹਨਾਂ ਕਿਹਾ ਕਿ ਇਸ ਸ਼ਰਾਰਤੀ ਅਨਸਰ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਇਨ•ਾਂ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸਥਾਨਕ ਸ਼ਹਿਰ ਵਿਖੇ ਰਵਿਦਾਸੀਆਂ ਅਤੇ ਵਾਲਮੀਕ ਸਮਾਜ ਵਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਤੇ ਜਗਦੀਸ਼ ਲਾਲ, ਰਾਜ ਕੁਮਾਰ, ਬਿੱਲੂ ਪ੍ਰਧਾਨ, ਸੰਦੀਪ ਕੁਮਾਰ, ਮੰਗਾ ਪ੍ਰਧਾਨ, ਟੋਨਾ ਸਹੋਤਾ, ਫੂਲ ਚੰਦ, ਲਾਲੀ ਜੀਵਾਂ ਅਰਾਂਈ, ਸੁਭਾਸ਼, ਵਰਿੰਦਰ, ਜੈ ਪ੍ਰਕਾਸ਼ ਗੁਪਤਾ ਆਦਿ ਵੀ ਹਾਜ਼ਰ ਸਨ।