ਗੁਣਾਤਮਿਕ ਸਿੱਖਿਆ ਲਈ ਬਾਬੇ ਨਾਨਕ ਦੀਆਂ ਸਿੱਖਿਆਵਾਂ ਬੇਹੱਦ ਸਾਰਥਿਕ
ਗੁਣਾਤਮਿਕ ਸਿੱਖਿਆ ਲਈ ਬਾਬੇ ਨਾਨਕ ਦੀਆਂ ਸਿੱਖਿਆਵਾਂ ਬੇਹੱਦ ਸਾਰਥਿਕ
Ferozepur, November 22, 2019: ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ 21 ਨਵੰਬਰ ਦੇ ਦਿਨ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ "ਗਿਆਨ ਉਤਸਵ" ਆਯੋਜਿਤ ਕੀਤਾ ਗਿਆ। ਜਿਸ ਤਹਿਤ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਵੱਡੇ ਪੱਧਰ ਤੇ ਵਿੱਦਿਅਕ ਮੁਕਾਬਲੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਦੀ ਅਗਵਾਈ ਵਿੱਚ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਪਹਿਲੀ ਵਾਰ ਸਕੂਲ ਦੇ 600 ਤੋਂ ਵੱਧ ਵਿਦਿਆਰਥੀਆਂ ਨੇ 10 ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਡਾ. ਸਤਿੰਦਰ ਸਿੰਘ ਨੇ ਗਿਆਨ ਉਤਸਵ ਦੇ ਉਪਰਾਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਪਹਿਲੀ ਵਾਰ ਪੜ੍ਹਾਈ ਨੂੰ ਰੋਚਕ ਬਣਾਉਣ ਅਤੇ ਹਰ ਵਿਦਿਆਰਥੀ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਸਹਿ ਪਾਠੀ ਕਿਰਿਆਵਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵੱਡੇ ਪੱਧਰ 'ਤੇ ਗਿਆਨ ਉਤਸਵ ਰੂਪੀ ਵਿੱਦਿਅਕ ਮੁਕਾਬਲਿਆਂ ਨੂੰ ਮੇਲੇ ਦਾ ਰੂਪ ਦਿੱਤਾ ਹੈ ਅਤੇ ਵਿਗਿਆਨਕ ਸੋਚ ਵਾਲੇ ਮਹਾਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆ ਦੇ ਖੇਤਰ ਅਤੇ ਵਿਸ਼ੇਸ਼ ਤੌਰ ਤੇ ਗੁਰੂ ਦੀ ਮਹਿਮਾ ਪ੍ਰਤੀ ਦਿੱਤੀਆਂ ਸਿੱਖਿਆਵਾਂ ਨੂੰ, ਜੇ ਸਿੱਖਿਆ ਦੇ ਮੰਦਰ ਰੂਪੀ ਸਕੂਲਾਂ ਦੇ ਵਿੱਚ ਅਮਲ ਵਿੱਚ ਲਿਆਂਦਾ ਜਾਵੇ ਤਾਂ ਗੁਣਾਤਮਿਕ ਸਿੱਖਿਆ ਵੱਲ ਕ੍ਰਾਂਤੀਕਾਰੀ ਕਦਮ ਹੋਵੇਗਾ। ਉਨ੍ਹਾਂ ਨੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਅਤੇ ਜੇਤੂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਪੜ੍ਹਨ ਅਤੇ ਸੁਣਨ ਦੇ ਨਾਲ-ਨਾਲ ਅਮਲ ਕਰਨ ਲਈ ਵੀ ਪ੍ਰੇਰਿਤ ਕੀਤਾ।
ਪ੍ਰੋਗਰਾਮ ਇੰਚਾਰਜ ਸੁਖਵਿੰਦਰ ਸਿੰਘ ਲੈਕਚਰਾਰ ਅਤੇ ਸਰੁਚੀ ਮਹਿਤਾ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਮੌਲਿਕ ਲਿਖਤਾਂ, ਮੌਲਿਕ ਕਵਿਤਾਵਾਂ, ਕੁਇਜ਼ ਮੁਕਾਬਲੇ, ਆਮ ਗਿਆਨ ਪੇਪਰ, ਚਾਰਟ ਮੇਕਿੰਗ, ਰੋਲ ਪਲੇਅ, ਸੁੰਦਰ ਲਿਖਾਈ, ਇਕਾਂਗੀ ਤੋਂ ਇਲਾਵਾ ਫ਼ਾਲਤੂ ਸਮਾਨ ਤੋਂ ਤਿਆਰ ਮਾਡਲ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿੱਚ ਵਿਦਿਆਰਥੀ ਗੁਰਪ੍ਰੀਤ ਸਿੰਘ ਵੱਲੋਂ ਬਣਾਈ ਗੁਰੂ ਨਾਨਕ ਦੇਵ ਜੀ ਦੀ ਪੇਂਟਿੰਗ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਸਤਲੁਜ ਈਕੋ ਕਲੱਬ ਵੱਲੋਂ ਗੁਰੂ ਸਾਹਿਬ ਦਾ ਸੰਦੇਸ਼ "ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ" ਵੀ ਸੁਚੱਜੇ ਢੰਗ ਨਾਲ ਪ੍ਰਚਾਰਿਆ ਗਿਆ ਅਤੇ ਇਸ ਸਬੰਧੀ ਸੰਜੀਦਗੀ ਨਾਲ ਕੰਮ ਕਰਨ ਦਾ ਪ੍ਰਣ ਵੀ ਕੀਤਾ। ਇਸ ਮੌਕੇ ਕਰਮਜੀਤ ਸਿੰਘ ਸਰਪੰਚ, ਲਾਲ ਸਿੰਘ ਸਰਪੰਚ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਤੋਂ ਇਲਾਵਾ ਸਕੂਲ ਸਟਾਫ਼ ਸੁਖਵਿੰਦਰ ਸਿੰਘ ਲੈਕਚਰਾਰ, ਰਾਜੇਸ਼ ਕੁਮਾਰ, ਜੋਗਿੰਦਰ ਸਿੰਘ, ਗੀਤਾ, ਪ੍ਰਿਤਪਾਲ ਸਿੰਘ, ਦਵਿੰਦਰ ਕੁਮਾਰ, ਅਰੁਣ ਕੁਮਾਰ, ਪਰਮਿੰਦਰ ਸਿੰਘ ਸੋਢੀ, ਸਰੂਚੀ ਮਹਿਤਾ, ਵਿਜੇ ਭਾਰਤੀ, ਮੀਨਾਕਸ਼ੀ ਸ਼ਰਮਾ, ਅਮਰਜੀਤ ਕੌਰ, ਸੂਚੀ ਜੈਨ, ਬਲਜੀਤ ਕੌਰ, ਪ੍ਰਵੀਨ ਬਾਲਾ, ਸੰਦੀਪ ਕੁਮਾਰ, ਮਹਿਮਾ ਕਸ਼ਯਪ ਅਤੇ ਪਿੰਡ ਵਾਸੀ ਵੀ ਹਾਜ਼ਰ ਸਨ। ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ।