ਗਾਂਧੀ ਗਾਰਡਨ ਫ਼ਿਰੋਜ਼ਪੁਰ ਵਿਖੇ ਮਨਾਇਆ ਗਿਆ 9ਵਾਂ ਅੰਤਰਰਾਸ਼ਟਰੀ ਯੋਗ ਦਿਵਸ
ਤੰਦਰੁਸਤ ਸਰੀਰ ਲਈ ਯੋਗ ਕਰਨਾ ਜ਼ਰੂਰੀ: ਡਿਪਟੀ ਕਮਿਸ਼ਨਰ
ਗਾਂਧੀ ਗਾਰਡਨ ਵਿਖੇ ਮਨਾਇਆ ਗਿਆ 9ਵਾਂ ਅੰਤਰਰਾਸ਼ਟਰੀ ਯੋਗ ਦਿਵਸ
ਤੰਦਰੁਸਤ ਸਰੀਰ ਲਈ ਯੋਗ ਕਰਨਾ ਜ਼ਰੂਰੀ: ਡਿਪਟੀ ਕਮਿਸ਼ਨਰ
ਫਿਰੋਜ਼ਪੁਰ, 21 ਜੂਨ 2023: ਫਿਰੋਜ਼ਪੁਰ ਛਾਉਣੀ ਸਥਿਤ ਗਾਂਧੀ ਗਾਰਡਨ ਵਿਖੇ 9ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਜ਼ਿਲ੍ਹਾ ਪੱਧਰੀ ਯੋਗ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਸਾਲ ਦੇ ਯੋਗਾ ਦਿਵਸ ਦੇ ਜਸ਼ਨਾਂ ਦਾ ਥੀਮ ” ਹਰ ਘਰ ਆਂਗਣ ਯੋਗ” ਹੈ। ਇਸ ਯੋਗਾ ਦਿਵਸ ਮੌਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਰੁਣ ਕੁਮਾਰ ਸ਼ਰਮਾ, ਐਸ.ਡੀ.ਐਮ. ਫਿਰੋਜ਼ਪੁਰ ਸ. ਰਣਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਯੋਗ ਕਰਨਾ ਸਾਡੇ ਲਈ ਜ਼ਰੂਰੀ ਹੈ। ਯੋਗ ਕਰਨ ਵਾਲਾ ਇਨਸਾਨ ਇਕ ਤੰਦਰੁਸਤ ਸਰੀਰ ਤੇ ਦਿਮਾਗ ਦਾ ਮਾਲਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਯੋਗ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਅੱਜਕਲ ਦੇ ਤੇਜ਼ ਤਰਾਰ ਮਸ਼ੀਨੀ ਯੁੱਗ ਵਿੱਚ ਯੋਗ ਕਈ ਤਰ੍ਹਾਂ ਦੀਆਂ ਮਾਨਸਿਕ ਅਤੇ ਸਰੀਰਕ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਵਿੱਚ ਸਹਾਈ ਹੋ ਸਕਦਾ ਹੈ।
ਯੋਗਾ ਸੈਸ਼ਨ ਦੀ ਅਗਵਾਈ ਕਰਦੇ ਹੋਏ ਯੋਗਾਚਾਰੀਆ ਸ੍ਰੀ ਪ੍ਰਮੋਦ ਨੇ ਦੱਸਿਆ ਕਿ ਕਿਵੇਂ ਯੋਗਾ ਤੰਦਰੁਸਤੀ ਅਤੇ ਚੰਗੀ ਸਿਹਤ ਲਈ ਇੱਕ ਸੰਪੂਰਨ ਪਹੁੰਚ ਹੈ। ਯੋਗਾਚਾਰੀਆ ਨੇ ਯੋਗਾ ਦੇ ਵੱਖ-ਵੱਖ ਆਸਨਾਂ ਦੀ ਵਿਆਖਿਆ ਕੀਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਇਹ ਆਸਨ ਪ੍ਰਾਣਾਯਾਮ ਅਤੇ ਧਿਆਨ ਨਾਲ ਮਿਲ ਕੇ ਵਿਅਕਤੀ ਨੂੰ ਸਰੀਰਕ, ਮਾਨਸਿਕ ਤੌਰ ‘ਤੇ ਤੰਦਰੁਸਤ ਅਤੇ ਅਧਿਆਤਮਿਕ ਤੌਰ ‘ਤੇ ਜਾਗਦੇ ਰਹਿਣ ਵਿਚ ਮਦਦ ਕਰਦੇ ਹਨ। ਇਸ ਸਮਾਗਮ ਵਿੱਚ 400 ਦੇ ਕਰੀਬ ਲੋਕਾਂ ਨੇ ਬੜੇ ਉਤਸ਼ਾਹ ਨਾਲ ਆਪਣੀ ਭਾਗੀਦਾਰੀ ਦਰਜ ਕਰਵਾਈ।
ਇਸ ਮੌਕੇ ਸਿਵਲ ਸਰਜਨ ਡਾ. ਰਾਜਿੰਦਰਪਾਲ, ਸਕੱਤਰ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ, ਪ੍ਰਿੰਸੀਪਲ ਡਾ. ਸਤਿੰਦਰ ਸਿੰਘ, ਬਾਬਾ ਲਛਮਣ ਦਾਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਯੋਗ ਸਾਧਨਾ ਕੇਂਦਰ ਫਿਰੋਜ਼ਪੁਰ ਦੇ ਮੈਂਬਰ ਤੋਂ ਇਲਾਵਾ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।