ਖੇਡਾਂ ਵਿੱਚ ਵਿਦਿਆਰਥੀਆਂ ਨੇ ਐਸ ਬੀ ਐਸ ਕੈਂਪਸ ਦਾ ਨਾਮ ਰੌਸ਼ਨ ਕੀਤਾ
ਖੇਡਾਂ ਵਿੱਚ ਵਿਦਿਆਰਥੀਆਂ ਨੇ ਐਸ ਬੀ ਐਸ ਕੈਂਪਸ ਦਾ ਨਾਮ ਰੌਸ਼ਨ ਕੀਤਾ
ਫਿਰੋਜ਼ਪੁਰ:- ਪੰਜਾਬ ਸਰਕਾਰ ਦੁਆਰਾ ਸਥਾਪਿਤ ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੇ ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਹੋਏ ਅੰਤਰ-ਕਾਲਜ ਅਥਲੈਟਿਕਸ ਮੁਕਾਬਲਿਆਂ ਵਿੱਚ ਬੇਹਤਰ ਕਾਰਗੁਜ਼ਾਰੀ ਦਿਖਾ ਕੇ ਖੇਡਾਂ ਦੇ ਖੇਤਰ ਵਿੱਚ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ।ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਡਾ. ਵੀ ਐਸ. ਭੁੱਲਰ ਨੇ ਦੱਸਿਆ ਕਿ ਕੁਲ ੨੬ ਕਾਲਜਾਂ ਦੇ ਹੋਏ ਮੁਕਾਬਲਿਆਂ ਵਿੱਚ ਐਸ ਬੀ ਐਸ ਕੈਂਪਸ ਨੇ ਓਵਰਆਲ ਰਨਰਜ਼-ਅੱਪ ਟਰਾਫੀ ਹਾਸਲ ਕੀਤੀ।ਲੜਕਿਆਂ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਅਜੀਤ ਸਿੰਘ ਨੇ ੧੫੦੦ ਅਤੇ ੮੦੦ ਮੀਟਰ ਵਿੱਚ ਦੋ ਗੋਲਡ ਮੈਡਲ,ਜਸਵੰਤ ਸਿੰਘ ਨੇ ਡਿਸਕਸ ਥਰੋਅ ਵਿੱਚ ਸਿਲਵਰ ਮੈਡਲ ਅਤੇ ਸੁਧੀਰ ਕੁਮਾਰ ਨੇ ੪੦੦ ਮੀਟਰ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ।ਲੜਕੀਆਂ ਦੇ ਮੁਕਾਬਲਿਆਂ ਵਿੱਚ ਸੁਖਪ੍ਰੀਤ ਕੌਰ ਨੇ ਡਿਸਕਸ ਥਰੋਅ ਵਿੱਚ ਗੋਲਡ ਮੈਡਲ, ਅਵਨੀਤ ਕੌਰ ਨੇ ੧੦੦ ਮੀਟਰ ਦੌੜ ਵਿੱਚ ਸਿਲਵਰ ਮੈਡਲ ਅਤੇ ਤਸਵੀਰ ਕੌਰ ਨੇ ਸ਼ਾਟਪੁੱਟ ਦੇ ਮੁਕਾਬਲੇ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ੪ ਗੁਣਾ ੪੦੦ ਮੀਟਰ ਰਿਲੇਅ ਰੇਸ ਵਿੱਚ ਲੜਕੀਆਂ ਨੇ ਸਿਲਵਰ ਮੈਡਲ ਹਾਸਲ ਕੀਤੇ ।
ਡਾ. ਸਿੱਧੂ ਨੇ ਕਿਹਾ ਕਿ ਸੰਸਥਾ ਵੱਲੋਂ ਖਿਡਾਰੀਆਂ ਨੂੰ ਬੇਹਤਰੀਨ ਖੇਡ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ। ਉਹਨਾਂ ਖਿਡਾਰੀਆਂ ਦੀ ਇਸ ਪ੍ਰਾਪਤੀ ਲਈ ਡੀਪੀਈ ਡਾ. ਵੀ ਐਸ ਭੁੱਲਰ , ਡੀਨ ਸਪੋਰਟਸ ਐਂਡ ਕਲਚਰਲ ਅਫੇਅਰਜ਼ ਪ੍ਰੋ. ਗਜ਼ਲਪ੍ਰੀਤ ਸਿੰਘ ਅਤੇ ਈਵੈਂਟ ਇੰਚਾਰਜ ਮੁਕੇਸ਼ ਸਚਦੇਵਾ ਨੂੰ ਮੁਬਾਰਕਬਾਦ ਦਿੱਤੀ।