Ferozepur Online

ਕੌਮੀ ਸਿੱਖਿਆ ਨੀਤੀ-2020 ‘ਤੇ ਡੀਟੀਐੱਫ਼ ਵੱਲੋਂ ਮੋਗਾ ਵਿਖੇ ਸੈਮੀਨਾਰ 9 ਜਨਵਰੀ ਨੂ

ਕੌਮੀ ਸਿੱਖਿਆ ਨੀਤੀ-2020 ‘ਤੇ ਡੀਟੀਐੱਫ਼ ਵੱਲੋਂ ਮੋਗਾ ਵਿਖੇ ਸੈਮੀਨਾਰ 9 ਜਨਵਰੀ ਨੂੰ*
*ਜਨਤਕ ਖੇਤਰ ਦੀ ਸਿੱਖਿਆ ‘ਤੇ ਨਵਉਦਾਰਵਾਦੀ ਹਮਲਾ*
ਫਿਰੋਜ਼ਪੁਰ 5 ਜਨਵਰੀ, 2021: ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਸ ਕੀਤੀ ਨਵੀਂ ਸਿੱਖਿਆ ਨੀਤੀ-2020 ਕਾਲੇ ਖੇਤੀ ਕਾਨੂੰਨਾਂ ਵਾਂਗ ਸਿੱਖਿਆ ਨੂੰ  ਉਦੇਸ਼ਾਂ ਤੋਂ ਭਟਕਾਉਣ ਵਾਲੀ ਹੈ।ਇਹ ਨੀਤੀ ਵਿੱਦਿਅਕ ਤੇ ਬੁੱਧੀਜੀਵੀ ਹਲਕਿਆਂ ‘ਚ ਚਰਚਾ ਦਾ ਵਿਸ਼ਾ  ਹੈ। ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਰਾਜਦੀਪ ਸਿੰਘ ਸਾਈਆਂ ਵਾਲਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਆਮ ਲੋਕਾਂ ਤੋਂ ਵਿੱਦਿਆ ਖੋਹਣ ਵਾਲੀ ਤੇ ਨੌਜਵਾਨਾਂ ਤੋਂ ਰੁਜ਼ਗਾਰ ਖੋਹਣ ਲਈ ਲਿਆਂਦੀ ਸਿੱਖਿਆ ਨੀਤੀ ਲੋਕ ਵਿਰੋਧੀ ਹੈ। ਸਿੱਖਿਆ ਖੇਤਰ ਦੀ ਸਲਾਮਤੀ ਲਈ ਫਿਕਰਮੰਦ ਹਲਕੇ ਇਸ ਨੀਤੀ ਦੇ ਨਕਾਰਾਤਮਕ ਪਹਿਲੂਆਂ ਨੂੰ ਉਜਾਗਰ ਕਰਨਾ ਚਾਹੁੰਦੇ ਹਨ। ਸਮਾਜ ਨੂੰ ਸੁਚੇਤ ਕਰਨ ਲਈ ਤੇ ਸਿੱਖਿਆ ਨੂੰ ਬਚਾਉਣ ਵਾਸਤੇ ਜਾਗਰੂਕਤਾ ਲਿਆਉਣ ਲਈ ਅਧਿਆਪਕ ਜਥੇਬੰਦੀ ਡੀਟੀਐੱਫ਼ ਪੰਜਾਬ 9 ਜਨਵਰੀ,2021 ਨੂੰ ਮੋਗਾ ਵਿਖੇ ਇੱਕ ਸੈਮੀਨਾਰ ਕਰਵਾਉਣ ਜਾ ਰਹੀ ਹੈ। ਇਸ ਸੈਮੀਨਾਰ ਦਾ ਸਥਾਨ ਨਛੱਤਰ ਸਿੰਘ ਯਾਦਗਾਰ ਹਾਲ, ਮੋਗਾ (ਨੇੜੇ ਬੱਸ ਸਟੈਂਡ) ਅਤੇ ਸਮਾਂ ਸਵੇਰੇ 11 ਵਜੇ ਹੋਵੇਗਾ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਪ੍ਰੋਫੈਸਰ ਰਮਿੰਦਰ ਸਿੰਘ, ਰੀਜਨਲ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣਗੇ। ਸੈਮੀਨਾਰ ਵਿੱਚ ਮਾਲਵੇ ਦੇ ਸਾਰੇ ਜਿਲ੍ਹਿਆਂ ਦੇ ਅਧਿਆਪਕ ਸ਼ਾਮਲ ਹੋਣਗੇ।
    ਜਥੇਬੰਦੀ ਦੇ ਸੂਬਾਈ ਆਗੂ ਬਲਵੀਰ ਚੰਦ ਲੌਂਗੋਵਾਲ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਕੋਰੋਨਾ ਮਹਾਂਮਾਰੀ ਦੀ ਆੜ ਵਿੱਚ ਕਿਸਾਨ, ਕਿਰਤੀ, ਮੁਲਾਜਮ ਤੇ ਸਿੱਖਿਆ ਮਾਰੂ ਨੀਤੀਆਂ ਲਿਆ ਕੇ ਕਾਰਪੋਰੇਟ ਜਗਤ ਨੂੰ ਲਾਭ ਪਹੁੰਚਾਉਣ ਲਈ ਕੰਮ ਕਰ ਰਹੀ ਹੈ। ਕਿਸਾਨ ਮਾਰੂ ਤਿੰਨ ਖੇਤੀ ਬਿੱਲ, ਕਿਰਤ ਕਾਨੂੰਨਾਂ ਚ ਸੋਧਾਂ, ਸਿੱਖਿਆ ਨੀਤੀ 2020 ਕੇਂਦਰ ਸਰਕਾਰ ਦਾ ਦੇਸ਼ ਦੇ ਲੋਕਾਂ ‘ਤੇ ਨਵਉਦਾਰਵਾਦੀ ਹਮਲਾ ਹੈ ਜਿੰਨਾਂ ਤਹਿਤ ਸਿੱਖਿਆ ਮਹਿੰਗੀ ਕਰਕੇ ਲੋਕਾਂ ਨੂੰ ਇਸਤੋਂ ਵਾਂਝਾ ਕੀਤਾ ਜਾ ਰਿਹਾ, ਜਮੀਨਾਂ ਖੋਹੀਆਂ ਜਾ ਰਹੀਆਂ ਤੇ ਜਨਤਕ ਖੇਤਰ ਦਾ ਰੁਜਗਾਰ ਖਤਮ ਕੀਤਾ ਜਾ ਰਿਹਾ ਹੈ। ਇਸ ਲਈ ਸਾਰੇ ਵਰਗਾਂ ਨੂੰ ਸਰਕਾਰ ਦੀਆਂ ਕੇਂਦਰੀਕਰਨ, ਕਾਰਪੋਰੇਟੀਕਰਨ ਤੇ ਭਗਵਾਂਕਰਨ ਦੀਆਂ ਦੇਸ਼ ਉਜਾੜੂ ਨੀਤੀਆਂ ਖਿਲਾਫ਼ ਲਾਮਬੰਦ ਹੋਣਾ ਚਾਹੀਦਾ ਹੈ। ਕੌਮੀ ਸਿੱਖਿਆ ਨੀਤੀ 2020 ਵੀ ਇਸੇ ਏਜੰਡੇ ਤਹਿਤ ਤਿਆਰ ਕੀਤੀ ਗਈ ਹੈ ਜਿਸ ਦੀ ਪੜਚੋਲ ਕਰਨੀ ਲਾਜਮੀ ਹੈ। ਡੀਟੀਐੱਫ਼ ਪੰਜਾਬ ਦੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਨੇ ਸਿੱਖਿਆ ਬਚਾਉਣ ਲਈ ਸਮਾਜ ਦੇ ਸਾਰੇ ਚਿੰਤਤ ਲੋਕਾਂ ਨੂੰ ਇਸ ਸੈਮੀਨਾਰ ਵਿਚ ਭਾਗ ਲੈਣ ਲਈ ਅਪੀਲ ਕੀਤੀ ਤਾਂ ਕਿ ਇਸ ਸਿੱਖਿਆ ਨੀਤੀ ਨੂੰ ਆਲੋਚਨਾਤਮਕ ਪੱਖ ਤੋਂ ਸਮਝਿਆ ਜਾ ਸਕੇ।
Exit mobile version