ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਅੱਖਾਂ ਦੇ ਹਸਪਤਾਲ ਦਾ ਉਦਘਾਟਨ ਕੀਤਾ
ਫਿਰੋਜ਼ਪੁਰ ਵਿਖੇ ਕੰਮਕਾਜੀ ਅੋਰਤਾਂ ਲਈ ਹੋਸਟਲ ਬਣਾਉਣ ਦਾ ਭਰੋਸਾ ਦਿੱਤਾ
ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਅੱਖਾਂ ਦੇ ਹਸਪਤਾਲ ਦਾ ਉਦਘਾਟਨ ਕੀਤਾ
– ਫਿਰੋਜ਼ਪੁਰ ਵਿਖੇ ਕੰਮਕਾਜੀ ਅੋਰਤਾਂ ਲਈ ਹੋਸਟਲ ਬਣਾਉਣ ਦਾ ਭਰੋਸਾ ਦਿੱਤਾ
ਕਿਹਾ ਵਿਦਿਆਰਥੀਆਂ ਲਈ ਵਜ਼ੀਫ਼ਾ ਸਕੀਮਾਂ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਇਆ ਜਾਵੇਗਾ
ਫ਼ਿਰੋਜ਼ਪੁਰ, 28 ਜਨਵਰੀ 2023:
ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ,ਘੱਟ ਗਿਣਤੀ ,ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਰਾਮ ਬਾਗ ਫਿਰੋਜ਼ਪੁਰ ਛਾਉਣੀ ਵਿਖੇ ਭਗਤ ਰਿਸ਼ਭਦੇਵ ਮੈਮੋਰੀਅਲ ਲਾਇਜਨ ਅੱਖਾਂ ਦੇ ਹਸਪਤਾਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜ਼ਨੀਸ ਦਹੀਆ, ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਸ੍ਰੀ ਜਗਦੀਪ ਸਿੰਘ ਕਾਕਾ ਬਰਾੜ ਅਤੇ ਸ. ਚੰਦ ਸਿੰਘ ਗਿੱਲ ਚੇਅਰਮੈਨ ਪਲਾਨਿੰਗ ਕਮੇਟੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ਮੁੱਖ ਮਹਿਮਾਨ ਡਾ. ਬਲਜੀਤ ਕੌਰ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਅਤੇ ਸਿੱਖਿਆ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਲਗਾਤਾਰ ਉਪਰਾਲੇ ਵੀ ਕਰ ਰਹੀ ਹੈ। ਉਨ੍ਹਾਂ ਇੱਕ ਮਜ਼ਬੂਤ, ਸਿਹਤਮੰਦ ਅਤੇ ਖੁਸ਼ਹਾਲ ਰਾਜ ਦੇ ਨਿਰਮਾਣ ਲਈ ਸਰਬਪੱਖੀ ਯਤਨਾਂ ਦਾ ਸੱਦਾ ਦਿੰਦੇ ਹੋਏ ਨਿੱਜੀ ਸੰਸਥਾਵਾਂ, ਵੱਡੇ ਕਾਰਪੋਰੇਟਾਂ ਅਤੇ ਗੈਰ-ਸਰਕਾਰੀ ਸੰਗਠਨਾਂ ਨੂੰ ਸਿਹਤ ਸੰਭਾਲ ਵਿੱਚ ਸਰਕਾਰੀ ਪਹਿਲਕਦਮੀਆਂ ਨੂੰ ਪੂਰਾ ਕਰਨ ਲਈ ਸਾਥ ਦੇਣ ਦੀ ਅਪੀਲ ਵੀ ਕੀਤੀ।ਉਨ੍ਹਾਂ ਪ੍ਰਿਃ ਡਾ. ਸਤਿੰਦਰ ਸਿੰਘ ਵੱਲੋਂ ਦਿੱਤੇ ਸੁਝਾਅ ਤੇ ਕਿਹਾ ਕਿ ਵਿਦਿਆਰਥੀਆਂ ਲਈ ਵਜ਼ੀਫ਼ਾ ਸਕੀਮਾਂ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਬਣਾਇਆ ਜਾਵੇਗਾ
ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਇਸ ਉਪਰਾਲੇ ਲਈ ਸ੍ਰੀ ਰਾਮ ਬਾਗ ਬਿਰਧ ਆਸ਼ਰਮ ਕਮੇਟੀ ਅਤੇ ਲਾਇਨਜ਼ ਚੈਰੀਟੇਬਲ ਟਰਸਟ ਜੈਤੋਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਮਾਨਵਤਾ ਦੀ ਮਿਸਾਲ ਹਨ। ਇਸ ਮੌਕੇ ਉਨ੍ਹਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਜ਼ਿਲ੍ਹੇ ਦੀਆਂ ਵਰਕਿੰਗ ਲੜਕਿਆਂ ਲਈ ਹੋਸਟਲਦ ਬਣਵਾਉਣ ਲਈ ਮੰਗ ਰੱਖੀ ਤਾਂ ਜੋ ਇੱਥੇ ਕੰਮ ਕਰਦਿਆਂ ਲੜਕੀਆਂ ਨੂੰ ਰਹਿਣ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਡਾ. ਬਲਜੀਤ ਕੌਰ ਵੱਲੋਂ ਇਸ ਮੰਗ ਨੂੰ ਜਲਦ ਹੀ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ। ਸ. ਭੁੱਲਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਧਰਮ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਅਜਿਹੇ ਸਮਾਜ ਭਲਾਈ ਕੇ ਕੰਮ ਕਰਨ ਦਾ ਸੱਦਾ ਦਿੱਤਾ।
ਇਸ ਅਵਸਰ ‘ਤੇ ਵਿਧਾਇਕ ਸ੍ਰੀ ਰਜਨੀਸ਼ ਦਹੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਪੂਰੇ ਪੰਜਾਬ ਵਿੱਚ 500 ਆਮ ਆਦਮੀ ਕਲਿਨਿਕ ਖੋਲ੍ਹ ਕੇ ਇਕ ਇਤਿਹਾਸਕ ਟੀਚਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਰਾਜ ਸਰਕਾਰ ਬਿਨਾਂ ਕਿਸੇ ਭੇਦ ਭਾਵ ਤੋਂ ਹਰ ਵਰਗ ਦੀ ਭਲਾਈ ਨਿਸ਼ਚਿਤ ਕਰਨ ਲਈ ਹਮੇਸ਼ਾ ਜਤਨਸ਼ੀਲ ਹੈ ਅਤੇ ਮੁਫ਼ਤ ਬਿਜਲੀ, ਆਮ ਆਦਮੀ ਕਲਿਨਿਕ ਖੋਲ੍ਹਣ ਵਰਗੇ ਇਤਿਹਾਸਕ ਕਦਮ ਇਸ ਦੀ ਹਾਮੀ ਭਰਦੇ ਹਨ।
ਇਸ ਮੌਕੇ ਮੁਕਤਸਰ ਤੋਂ ਵਿਧਾਇਕ ਸ. ਜਗਦੀਪ ਸਿੰਘ ਕਾਕਾ ਬਰਾੜ ਨੇ ਕੈਬਨਿਟ ਮੰਤਰੀ ਨੂੰ ਫਿਰਜ਼ਪੁਰ ਵਰਗੇ ਸਰਹੱਦੀ ਜ਼ਿਲ੍ਹੇ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਕਿਉਂਜੋਂ 1947 ਦੀ ਵੰਡ ਪਿੱਛੋ ਹਰ ਪੱਖੋਂ ਖੁਸ਼ਹਾਲ ਇਹ ਇਲਾਕਾ ਹੁਣ ਕਾਫੀ ਪੱਛੜ ਚੁੱਕਾ ਹੈ ਜਿਸ ਤੇ ਕੈਬਨਿਟ ਮੰਤਰੀ ਨੇ ਇਸ ਇਲਾਕੇ ਦੀ ਬਿਹਤਰੀ ਲਈ ਹਰ ਪੱਖੋਂ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਦੌਰਾਨ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਰਾਮ ਬਾਗ ਬਿਰਧ ਆਸ਼ਰਮ ਕਮੇਟੀ ਦੇ ਚੇਅਰਮੈਨ ਸ਼੍ਰੀ ਹਰੀਸ਼ ਗੋਇਲ ਨੇ ਦੱਸਿਆ ਕਿ ਇਸ ਅੱਖਾਂ ਦੇ ਹਸਪਤਾਲ ਵਿੱਚ ਆਧੁਨਿਕ ਮਸ਼ੀਨਾਂ ਨਾਲ ਮਰੀਜ਼ਾਂ ਦਾ ਇਲਾਜ ਅਤੇ ਅਪਰੇਸ਼ਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸ੍ਰੀ ਰਾਮ ਬਾਗ ਵਿੱਚ ਅੱਖਾਂ ਦੀ ਜਾਂਚ ਲਈ ਕਲੀਨਿਕ ਸੀ। ਜਿਸ ਵਿੱਚ ਅੱਖਾਂ ਦਾ ਚੈਕਅੱਪ ਤਾਂ ਕੀਤਾ ਜਾਂਦਾ ਸੀ ਪਰ ਜਿਨ੍ਹਾਂ ਮਰੀਜਾਂ ਦੀਆਂ ਅੱਖਾਂ ਦਾ ਅਪਰੇਸ਼ਨ ਕਰਵਾਉਣਾ ਪੈਂਦਾ ਸੀ ਉਨ੍ਹਾਂ ਨੂੰ ਜੈਤੋ ਜਾਂ ਕਿਸੇ ਹੋਰ ਹਸਪਤਾਲ ਵਿੱਚ ਜਾ ਕੇ ਅਪਰੇਸ਼ਨ ਕਰਵਾਉਣਾ ਪੈਂਦਾ ਸੀ। ਪਰ ਹੁਣ ਮਰੀਜ਼ਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੋਵੇਗੀ ਉਨ੍ਹਾਂ ਨੂੰ ਇਥੇ ਹੀ ਇਲਾਜ ਮੁਹੱਈਆ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਚੈਰੀਟੇਬਲ ਹਸਪਤਾਲ ਵਿੱਚ ਲੋਕ ਆਸਾਨੀ ਨਾਲ ਆਪਣਾ ਚੈਕਅੱਪ ਕਰਵਾ ਸਕਦੇ ਹਨ ਅਤੇ ਉਹ ਆਪਣੀਆਂ ਅੱਖਾਂ ਦਾ ਆਪ੍ਰੇਸ਼ਨ ਵੀ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਅਤੇ ਸ਼ਾਮ 4:00 ਵਜੇ ਤੋਂ ਸ਼ਾਮ 6:00 ਵਜੇ ਤੱਕ ਇਲਾਜ ਕੀਤਾ ਜਾਵੇਗਾ।
ਸਮੁੱਚੇ ਸਮਾਗਮ ਮੌਕੇ ਰਾਸ਼ਟਰੀ ਐਵਾਰਡ ਜੇਤੂ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮੰਚ ਦਾ ਸੰਚਾਲਨ ਕੀਤਾ ਗਿਆ।
ਇਸ ਪਿੱਛੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇੱਥੇ ਬਣੇ ਬਿਰਧ ਆਸ਼ਰਮ ਦਾ ਦੌਰਾ ਕਰਕੇ ਬਜ਼ੁਰਗਾਂ ਦਾ ਹਾਲ ਚਾਲ ਵੀ ਪੁੱਛਿਆ।
ਇਸ ਅਵਸਰ ‘ਤੇ ਨਵ-ਨਿਯੁਕਤ ਸਹਾਇਕ ਕਮਿਸ਼ਨਰ ਸ਼੍ਰੀ ਸੂਰਜ ਕੁਮਾਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਕੌਰ, ਨਾਇਬ ਤਹਿਸੀਲਦਾਰ ਸ੍ਰੀ ਰਾਕੇਸ਼ ਅਗਰਵਾਲ, ਸਕੱਤਰ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ ਤੋਂ ਇਲਾਵਾ ਆਪ ਆਗੂ/ਵਲੰਟੀਅਰ ਅਤੇ ਫ਼ਿਰੋਜ਼ਪੁਰ ਸ਼ਹਿਰ ਤੇ ਛਾਉਣੀ ਦੀਆਂ ਸਮੂਹ ਸੁਸਾਇਟੀਆਂ ਦੇ ਮੈਂਬਰ ਹਾਜ਼ਰ ਸਨ।