ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਅਪਣਾਉ
ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਅਪਣਾਉ
ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਲਗਾਤਾਰ ਕੱਦੂ ਕਰਕੇ ਝੋਨੇ ਅਤੇ ਬਾਸਮਤੀ ਦੀ ਕਾਸਤ ਕਰਨ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਜਾਣ ਦੇ ਨਾਲ-ਨਾਲ ਜ਼ਮੀਨ ਦੇ ਭੌਤਿਕੀ ਗੁਣਾਂ ਅਤੇ ਉਤਪਾਦਕਤਾ ਵਿੱਚ ਨਿਗਾਰ ਆ ਰਿਹਾ ਹੈ।ਉੱਤਰ-ਪੂਰਬੀ ਸੂਬਿਆਂ ਤੋਂ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਘਟਣ ਨਾਲ ਘਰੇਲੂ ਮਜ਼ਦੂਰਾਂ ਵੱਲੋਂ ਪ੍ਰਤੀ ਏਕੜ ਝੋਨੇ ਦੀ ਲਵਾਈ ਵੱਜੋਂ ਵਧੇਰੇ ਕੀਮਤ ਮੰਗਣ ਨਾਲ ਖੇਤੀ ਲਾਗਤ ਖਰਚੇ ਵਧਣ ਦੇ ਨਾਲ ਨਾਲ ਝੋਨੇ ਦੀ ਲਵਾਈ ਸਮੇਂ ਸਿਰ ਮੁਕੰਮਲ ਕਰਨ ਵਿੱਚ ਵੀ ਮੁਸ਼ਕਲ ਪੇਸ਼ ਆ ਰਹੀ ਹੈ।ਝੋਨੇ ਦੀ ਕਾਂਸ਼ਤ ਕਰਨ ਲਈ 1200-1500 ਮਿਲੀ ਮੀਟਰ ਪਾਣੀ ਦੀ ਵਰਤੋਂ ਹੁੰਦੀ ਹੈ ਅਤੇ ਇਕੱਲੇ ਕੱਦੁ ਕਰਨ ਲਈ 20-30 ਫੀਸਦੀ ਵਰਤੋਂ ਹੁੰਦੀ ਹੈ।ਝੋਨੇ ਦੀ ਫਸਲ ਵਿੱਚ ਲਗਾਤਾਰ ਪਾਣੀ ਖੜਾ ਰੱਖਣ ਨਾਲ ਆਲਮੀ ਤਪਸ਼ ਲਈ ਜਿੰਮੇਵਾਰ ਮੁੱਖ ਗੈਸ ਮੀਥੇਨ ਦਾ ਤਕਰੀਬਨ 27% ਹਿੱਸਾ ਝੋਨੇ ਦੇ ਖੇਤਾਂ ਤੋਂ ਵਿਸਰਜਿਤ ਹੁੰਦੀ ਹੈ।ਉਪਰੋਕਤ ਸਮੱਸਿਆਵਾਂ ਦੇ ਹੱਲ ਅਤੇ ਪਾਣੀ ਦੀ ਹੁੰਦੀ ਇਸ ਦੁਰਵਰਤੋਂ ਨੂੰ ਕੁਝ ਹੱਦ ਤੱਕ ਰੋਕਿਆ ਜਾ ਸਕਦਾ ਹੈ ਜੇਕਰ ਝੋਨੇ ਦੀ ਕਾਸਤ ਬਾਕੀ ਫਸਲਾਂ ਵਾਂਗੂ ਬਿਨਾਂ ਕੱਦੂ ਕੀਤਿਆਂ ਕੀਤੀ ਜਾਵੇ।ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 30 ਫੀਸਦੀ ਮਜ਼ਦੂਰੀ ਅਤੇ 10-15 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ।ਅਜੋਕੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਝੋਨੇ ਦੀ ਬਿਜਾਈ ਸਫਲਤਾਪੂਰਵਕ ਕਰਨ ਅਤੇ ਚੰਗੀ ਪੈਦਾਵਾਰ ਲੇਣ ਲਈ ਕੁਝ ਤਕਨੀਕੀ ਨੁਕਤਿਆਂ ਨੂੰ ਧਿਆਨ ਵਿੱਚ ਰੱਖਣ ਦੀ ਸਖਤ ਜ਼ਰੂਰਤ ਹੈ ਤਾਂ ਜੋ ਬਾਅਦ ਵਿੱਚ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ।
ਝੋਨੇ ਦੀ ਸਿੱਧੀ ਬਿਜਾਈ ਲਈ ਹਲਕੀਆਂ ਅਤੇ ਉੱਚੀਆਂ ਜ਼ਮੀਨਾਂ ਦੀ ਚੋਣ ਨਾਂ ਕਰੋ,ਸਿਰਫ ਭਾਰੀਆਂ ਅਤੇ ਜ਼ਰਖੇਜ਼ ਜ਼ਮੀਨਾਂ ਵਿੱਚ ਸਿੱਧੀ ਬਿਜਾਈ ਕੀਤੀ ਜਾਵੇ ਕਿਉਂਕਿ ਹਲਕੀਆਂ ਜ਼ਮੀਨਾਂ ਵਿੱਚ ਪਾਣੀ ਖੜਾ ਨਾਂ ਹੋਣ ਕਾਰਨ ਸਿੱਧੀ ਬਿਜਾਈ ਨਾਲ ਬੀਜੇ ਝੋਨੇ ਦੀ ਫਸਲ ਵਿੱਚ ਲੋਹੇ ਦੀ ਘਾਟ ਬਹੁਤ ਆ ਜਾਂਦੀ ਹੈ।ਉਨਾਂ ਖੇਤਾਂ ਵਿੱਚ ਜਿਥੇ ਮਧਾਨਾ ਅਤੇ ਗੰਢ ਵਾਲੇ ਡੀਲੇ ਦੀ ਵਧੇਰੇ ਸਮੱਸਿਆ ਹੋਵੋ, ਦੀ ਚੋਣ ਨਹੀ ਕਰਨੀ ਚਾਹੀਦੀ।ਸਿੱਧੀ ਬਿਜਾਈ ਦੀ ਸਫਲਤਾ ਲਈ ਜ਼ਰੂਰੀ ਹੈ ਕਿ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰ ਲਿਆ ਜਾਵੇ ਤਾਂ ਜੋ ਪਾਣੀ ਇਕਸਾਰ ਲੱਗ ਸਕੇ ਅਤੇ ਪਾਣੀ ਦੀ ਬੱਚਤ ਵੀ ਹੋ ਸਕੇ।ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਉਪਰੰਤ ਪਾਣੀ ਲਾ ਕੇ, ਵੱਤਰ ਆਉਣ ਉਪਰੰਤ ਇੱਕ ਵਾਰ ਹੱਲ ਨਾਲ ਵਾਹ ਕੇ ਸੁਹਾਗਾ ਮਾਰ ਦੇਣਾ ਚਾਹੀਦਾ ਹੈ ।
ਝੋਨੇ ਦੀ ਸਿੱਧੀ ਬਿਜਾਈ ਲਈ ਘੱਟ ਸਮੇਂ ਵਿੱਚ ਪੱਕਣ ਵਾਲੀ ਕਿਸਮ ਪੀ ਆਰ 115 ਦੀ ਹੀ ਬਿਜਾਈ ਕਰਨੀ ਚਾਹੀਦੀ ਹੈ।ਇਸ ਤੋਂ ਇਲਾਵਾ ਬਾਸਮਤੀ ਦੀ ਬਿਜਾਈ ਵੀ ਸਿੱਧੀ ਬਿਜਾਈ ਨਾਲ ਕੀਤੀ ਜਾ ਸਕਦੀ ਹੈ।ਝੋਨੇ ਦੀ ਸਿੱਧੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਦੌਰਾਨ ਕਰਨੀ ਚਾਹੀਦੀ ਹੈ।ਸਿੱਧੀ ਬਿਜਾਈ ਲਈ 8-10 ਕਿਲੋ ਬੀਜ ਨੂੰ ਉੱਲੀ ਨਾਸ਼ਕ ਦਵਾਈ ਨਾਲ ਸੋਧਣ ਉਪਰੰਤ ਛਾਂ ਵਿੱਚ ਸੁਕਾ ਲੈਣਾ ਚਾਹੀਦਾ ਹੈ।ਬੀਜ ਸੋਧਣ ਲਈ 10 ਲਿਟਰ ਪਾਣੀ ਵਿੱਚ 20 ਗ੍ਰਾਮ ਕਾਰਬੈਂਡਾਜ਼ਿਮ +1 ਗ੍ਰਾਮ ਸਟਰੈਪਟੋਸਾਈਕਲਿਨ ਨੂੰ ਘੋਲ ਕੇ ਬੀਜ ਨੂੰ 10-12 ਘੰਟੇ ਭਿੱਜੇ ਰਹਿਣ ਦੇਣਾ ਚਾਹੀਦਾ ਹੈ।ਝੋਨੇ ਦੀ ਸਿੱਧੀ ਬਿਜਾਈ ਟੇਢੀ ਪਲੇਟ ਵਾਲੀ ਡਰਿਲ ਨਾਲ 20 ਸੈਂਟੀਮੀਟਰ ਦੀ ਦੂਰੀ ਦੀਆਂ ਕਤਾਰਾਂ ਤੇ ਸੁੱਕੇ ਜਾਂ ਰੌਣੀ ਕੀਤੇ ਖੇਤ ਵਿੱਚ ਕਰਨੀ ਚਾਹੀਦੀ ਹੈ।ਬੀਜ ਦੀ ਡੂੰਘਾਈ 2-3 ਸੈਂਟੀਮੀਟਰ ਤੇ ਕਰੋ।ਜ਼ਿਆਦਾ ਡੁੰਘਾਈ ਤੇ ਬੀਜ ਨਹੀਂ ਜੰਮਦਾ।ਸਿੱਧੀ ਬਿਜਾਈ ਨਾਲ ਬੀਜੇ ਝੋਨੇ ਨੁੰ 130 ਕਿਲੋ ਯੂਰੀਆ ਪ੍ਰਤੀ ਏਕੜ ਤਿੰਨ ਬਰਾਬਰ ਹਿੱਸਿਆ ਵਿੱਚ ਬਿਜਾਈ ਤੋਂ 2,5 ਅਤੇ 9 ਹਫਤਿਆਂ ਬਾਅਦ ਛੱਟੇ ਨਾਲ ਪਾਉ।ਫਾਸਫੋਰਸ ਅਤੇ ਪੋਟਾਸ਼ ਖਾਦ ਦੀ ਵਰਤੋਂ ਮਿੱਟੀ ਪਰਖ ਦੀ ਰਿਪੋਰਟ ਦੇ ਆਧਾਰ ਤੇ ਕਰੋ।ਜੇਕਰ ਕਣਕ ਦੀ ਫਸਲ ਫਾਸਫੋਰਸ ਦੀ ਪੂਰੀ ਮਾਤਰਾ ਪਾਈ ਗਈ ਹੈ ਤਾ ਝੋਨੇ ਦੀ ਫਸਲ ਨੁੰ ਡਾਇਆ ਖਾਦ ਪਾਉਣ ਦੀ ਜ਼ਰੂਰਤ ਨਹੀਂ।
ਝੋਨੇ ਦੀ ਸਿੱਧੀ ਬਿਜਾਈ ਵਿੱਚ ਨਦੀਨਾਂ ਦੀ ਬਹੁਤ ਸਮੱਸਿਆ ਆਉਂਦੀ ਹੈ।ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਤੁਰੰਤ ਬਾਅਦ ਇੱਕ ਲਿਟਰ ਪੈਂਡੀਮੈਥਾਲੀਨ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਛਿੜਕਾਅ ਕਰਨਾ ਚਾਹੀਦਾ ਹੈ।ਇਸ ਤੋਂ ਇਲਾਵਾ ਸਵਾਂਕ ਅਤੇ ਮੋਥੇ ਦੀ ਰੋਕਥਾਮ ਲਈ ਬਿਜਾਈ ਤੋਂ 20-25 ਦਿਨਾਂ ਬਾਅਦ 100 ਮਿਲੀਲਿਟਰ ਬਿਸਪਾਇਰੀਬੈਕ 10 ਐਸ ਸੀ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰੋ।ਜੇਕਰ ਫਸਲ ਵਿੱਚ ਗੁੜਤ ਮਧਾਣਾ,ਲੈਪਟੋਕਲੋਆ ਘਾਹ,ਚਿੜੀ ਘਾਹ ਅਤੇ ਤੱਕੜੀ ਘਾਹ ਹੋਵੇ ਤਾਂ ਬਿਜਾਈ ਤੋਂ 20 ਦਿਨਾਂ ਬਾਅਦ 400 ਮਿਲੀ ਲਿਟਰ ਫਿਨੌਕਸਾਪ੍ਰੋਪ 6.7 ਈ ਸੀ ਪ੍ਰਤੀ ਲਿਟਰ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ।ਇਸ ਤੋਂ ਇਲਾਵਾ ਬਚੇ ਹੋਏ ਨਦੀਨਾਂ ਨੂੰ ਹੱਥ ਨਾਲ ਜਾਂ ਗੋਡੀ ਕਰਕੇ ਪੁੱਟ ਦੇਣਾ ਚਾਹੀਦਾ।ਜੇਕਰ ਸੁੱਕੇ ਖੇਤ ਵਿੱਚ ਬਿਜਾਈ ਕੀਤੀ ਹੈ ਤਾਂ ਬਿਜਾਈ ਤੋਂ ਤੁਰੰਤ ਬਾਅਦ ਪਾਣੀ ਲਾ ਦਿਉ ੳਤੇ ਦੂਜੀ ਸਿੰਚਾਈ 4-5 ਦਿਨਾਂ ਬਾਅਦ ਕਰੋ।ਜੇਕਰ ਰੋਣੀ ਕਰਕੇ ਸਿੱਧੀ ਬਿਜਾਈ ਕੀਤੀ ਗਈ ਹੈ ਤਾਂ ਪਹਿਲਾ ਪਾਣੀ 5-7 ਦਿਨਾਂ ਬਾਅਦ ਲਾਉ।ਇਸ ਤੋਂ ਬਾਅਦ ਜ਼ਮੀਨ ਦੀ ਕਿਸਮ ਮੁਤਾਬਕ 5-10 ਦਿਨਾਂ ਦੇ ਵਕਫੇ ਤੇ ਪਾਣੀ ਲਾਉ।ਆਖਰੀ ਪਾਣੀ ਕਟਾਈ ਤੋਂ 10 ਦਿਨ ਪਹਿਲਾਂ ਲਾਉਣਾ ਚਾਹੀਦਾ।
ਡਾ ਅਮਰੀਕ ਸਿੰਘ
ਖੇਤੀਬਾੜੀ ਵਿਕਾਸ ਅਫਸਰ,ਗੁਰਦਾਸਪੁਰ