ਕਿਸਾਨ ਮਜ਼ਦੂਰ ਜਥੇਬੰਦੀ ਵਲੋਂ 28 ਸਤੰਬਰ ਤੋਂ ਰੇਲਾਂ ਦੇ ਚੱਕੇ ਜਾਮ ਕਰਨ ਦਾ ਐਲਾਨ, ਮੰਗਾਂ ਦੇ ਹੱਲ ਤੱਕ ਮੋਰਚੇ ਰਹਿਣਗੇ ਜਾਰੀ
ਕਿਸਾਨ ਮਜ਼ਦੂਰ ਜਥੇਬੰਦੀ ਵਲੋਂ 28 ਸਤੰਬਰ ਤੋਂ ਰੇਲਾਂ ਦੇ ਚੱਕੇ ਜਾਮ ਕਰਨ ਦਾ ਐਲਾਨ, ਮੰਗਾਂ ਦੇ ਹੱਲ ਤੱਕ ਮੋਰਚੇ ਰਹਿਣਗੇ ਜਾਰੀ
ਫਿਰੋਜ਼ਪੁਰ, 12.9.2023: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਕੋਰ ਕਮੇਟੀ ਮੈਂਬਰਾਂ ਦੀ ਮੀਟਿੰਗ ਗੁਰਦੁਆਰਾ ਵਜੀਦਪੁਰ ਵਿਖੇ ਹੋਈ, ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਰਣਬੀਰ ਸਿੰਘ ਰਾਣਾ, ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਵੀ ਹਾਜ਼ਰ ਹੋਏ।
ਮੀਟਿੰਗ ਵਿੱਚ ਵਿਚਾਰ ਚਰਚਾ ਕਰਦਿਆਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਪੰਜਾਬ ਭਰ ਵਿੱਚ 28 ਸਤੰਬਰ ਤੋਂ ਰੇਲਾਂ ਦੇ ਚੱਕੇ ਪੂਰੀ ਤਰ੍ਹਾਂ ਜਾਮ ਕਰ ਦਿੱਤੇ ਜਾਣਗੇ । ਮੀਟਿੰਗ ਵਿੱਚ ਕੋਰ ਕਮੇਟੀ ਮੈਂਬਰਾਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ 20 ਸਤੰਬਰ ਤੋਂ ਪਹਿਲਾਂ ਪਿੰਡ ਪੱਧਰੀ ਮੀਟਿੰਗਾਂ ਕਰਕੇ ਤੇ ਮੋਟਰਸਾਈਕਲ ਮਾਰਚ ਕਰਕੇ ਵੱਡੇ ਇਕੱਠ ਕਰਕੇ ਲੋਕਾਂ ਨੂੰ ਇਸ ਧਰਨੇ ਵਿੱਚ ਪਹੁੰਚਣ ਤੇ ਆਪਣੀਆਂ ਹੱਕੀ ਮੰਗਾਂ ਜਿਵੇਂ 23 ਫਸਲਾਂ ਦੀ M.S.P. ਲੈਣ, ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨਾਂ ਦੌਰਾਨ ਪਾਏ ਕੇਸ ਰੱਦ ਕਰਨ ਤੇ ਅੰਦੋਲਨਾਂ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ, ਬਿਜਲੀ ਦੇ ਨਿੱਜੀਕਰਨ ਨੂੰ ਰੋਕ ਕੇ ਸਮਾਰਟ ਮੀਟਰ ਲਾਉਣੇ ਬੰਦ ਕੀਤੇ ਜਾਣ, ਮਨਰੇਗਾ ਤਹਿਤ 200 ਦਿਨ ਰੋਜ਼ਗਾਰ ਦੇਣ ਤੇ ਦਿਹਾੜੀ ਦੁੱਗਣੀ ਕਰਨ, ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ, ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਆਦਿ ਮਸਲਿਆਂ ਤੇ ਸਰਕਾਰ ਨੂੰ ਘੇਰ ਕੇ ਮਸਲੇ ਹੱਲ ਨਾਂਹ ਕਰਨ ਤੱਕ ਮੋਰਚੇ ਜਾਰੀ ਰਹਿਣਗੇ।
ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੋਣਾਂ ਵੇਲੇ ਕੀਤੇ ਵਾਅਦੇ ਯਾਦ ਕਰਵਾਉਦਿਆ ਕਿਹਾ ਕਿ ਨਸ਼ਿਆਂ ਦੇ ਖਾਤਮੇ ਕਰਨ, ਬੀਬੀਆਂ ਦੇ ਖਾਤੇ ਪੈਸੇ ਪਾਉਣ, ਨੌਜਵਾਨਾਂ ਨੂੰ ਰੋਜ਼ਗਾਰ ਦੇਣ, ਦਫ਼ਤਰਾਂ ਵਿੱਚ ਲੋਕਾਂ ਦੀ ਲੁੱਟ ਤੇ ਖੱਜਲ ਖੁਆਰੀ ਨੂੰ ਰੋਕਣ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਬੰਦ ਕਰਨ, V.I.P. ਕਲਚਰ ਖ਼ਤਮ ਕਰਨ ਆਦਿ ਤੇ ਭਗਵੰਤ ਮਾਨ ਸਰਕਾਰ ਫੇਲ ਸਾਬਤ ਹੋਈ ਹੈ। ਹੜਾਂ ਨਾਲ਼ ਤਬਾਹ ਹੋਈਆਂ ਫਸਲਾਂ ਦਾ 50 ਹਜਾਰ ਪ੍ਰਤੀ ਏਕੜ, ਢਹਿ ਢੇਰੀ ਹੋ ਚੁੱਕੇ ਮਕਾਨਾਂ ਦਾ 5 ਲੱਖ, ਪਾਣੀ ਦੇ ਵਹਿਣ ਵਿਚ ਜਾਨਾਂ ਗੁਆਉਣ ਵਾਲੇ ਦੇ ਪਰਿਵਾਰ ਨੂੰ 10 ਲੱਖ ਮੁਆਵਜ਼ਾ ਤੇ ਨੌਕਰੀ ਦਿੱਤੀ ਜਾਵੇ, ਤੇ ਜਿਹੜੀਆਂ ਜ਼ਮੀਨਾਂ ਵਿਚ ਰੇਤਾ ਭਰ ਗਈ ਉਸਨੂੰ ਵੇਚਣ ਦਾ ਅਧਿਕਾਰ ਕਿਸਾਨ ਨੂੰ ਦਿੱਤਾ ਜਾਵੇ।
ਇਸ ਮੌਕੇ ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜਤਾਲਾ, ਰਣਜੀਤ ਸਿੰਘ ਖੱਚਰਵਾਲਾ, ਅਮਨਦੀਪ ਸਿੰਘ ਕੱਚਰਭੰਨ, ਹਰਫੂਲ ਸਿੰਘ ਦੂਲੇ ਵਾਲਾ, ਸੁਰਜੀਤ ਸਿੰਘ ਫੌਜੀ, ਬਲਜਿੰਦਰ ਸਿੰਘ ਆਦਿ ਆਗੂ ਹਾਜਰ ਸਨ