ਕਿਸਾਨ ਮਜ਼ਦੂਰ ਜਥੇਬੰਦੀ ਦਾ ਧਰਨਾ ਡੀ ਸੀ ਦਫਤਰ ਅੱਗੇ 9ਵੇਂ ਦਿਨ, ਅਗਲੇ ਕਈ ਪ੍ਰੋਗਰਾਮ ਉਲੀਕੇ
ਕਿਸਾਨ ਮਜ਼ਦੂਰ ਜਥੇਬੰਦੀ ਦਾ ਧਰਨਾ ਡੀ ਸੀ ਦਫਤਰ ਅੱਗੇ 9ਵੇਂ ਦਿਨ, ਅਗਲੇ ਕਈ ਪ੍ਰੋਗਰਾਮ ਉਲੀਕੇ
5 ਦਸੰਬਰ ਨੂੰ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਦੇਣ,
7 ਦਸੰਬਰ ਨੂੰ D.C. ਦਫ਼ਤਰਾਂ ਦੇ ਮੁੱਖ ਗੇਟ ਬੰਦ ਕਰਨ,
12 ਦਸੰਬਰ ਨੂੰ ਮੰਤਰੀਆਂ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਲਾਉਣ
15 ਦਸੰਬਰ ਤੋਂ 15 ਜਨਵਰੀ ਤੱਕ ਪੰਜਾਬ ਭਰ ਦੇ ਟੋਲ ਪਲਾਜ਼ੇ ਫਰੀ ਕਰਨ ਦਾ ਐਲਾਨ
ਫਿਰੋਜ਼ਪੁਰ, ਦਸੰਬਰ 4, 2022: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਲੱਗੇ ਡੀ ਸੀ ਦਫ਼ਤਰ ਫ਼ਿਰੋਜ਼ਪੁਰ ਅੱਗੇ ਪੱਕੇ ਮੋਰਚੇ ਦੌਰਾਨ ਸਰਕਾਰਾਂ ਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕ ਕੇ ਪ੍ਰੈੱਸ ਕਾਨਫਰੰਸ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਨੇ ਐਲਾਨ ਕੀਤਾ ਕਿ 5 ਦਸੰਬਰ ਨੂੰ ਪੰਜਾਬ ਭਰ ਦੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਤੇ 7 ਦਸੰਬਰ ਨੂੰ ਡੀ ਸੀ ਦਫ਼ਤਰਾਂ ਦੇ ਮੁੱਖ ਗੇਟ ਬੰਦ ਕੀਤੇ ਜਾਣਗੇ, 12 ਦਸੰਬਰ ਨੂੰ ਮੰਤਰੀਆਂ, ਵਿਧਾਇਕਾਂ ਦੇ ਘਰਾਂ ਅੱਗੇ ਵਿਸ਼ਾਲ ਧਰਨੇ ਦਿੱਤੇ ਜਾਣਗੇ ਤੇ 15 ਦਸੰਬਰ ਤੋਂ 15 ਜਨਵਰੀ ਤੱਕ ਸਾਰੇ ਟੋਲ ਪਲਾਜੇ ਫਰੀ ਰੱਖੇ ਜਾਣਗੇ।
ਕਿਸਾਨ ਆਗੂਆਂ ਨੇ ਮੀਡੀਏ ਨੂੰ ਦੱਸਿਆ ਕਿ ਜੇਕਰ ਪੰਜਾਬ ਤੇ ਕੇਂਦਰ ਸਰਕਾਰ ਨੇ ਮਸਲਿਆਂ ਦਾ ਹੱਲ ਨਾ ਕੱਢਿਆ ਤਾਂ ਫ਼ੇਰ ਸੂਬਾ ਕਮੇਟੀ ਦੀ ਮੀਟਿੰਗ ਲਾਕੇ ਆਰ-ਪਾਰ ਦੇ ਨਿਬੇੜਾ ਕਰੂ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਜੋਰਦਾਰ ਮੰਗ ਕੀਤੀ ਕਿ ਜੀ-20 ਦੇਸ਼ਾਂ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਬੜਾਵਾ ਦੇਣ ਵਾਲੀਆਂ ਭਾਰਤ ਵਿੱਚ ਹੋ ਰਹੀਆਂ ਮੀਟਿੰਗਾਂ ਰੱਦ ਕੀਤੀਆਂ ਜਾਣ, 23 ਫ਼ਸਲਾਂ ਦੀ ਖ਼ਰੀਦ ਦਾ ਗਾਰੰਟੀ ਕਾਨੂੰਨ ਬਣਾਉਣ, ਪਿੰਡਾਂ ਵਿੱਚ ਛੋਟੀਆਂ ਸਨਅਤਾਂ ਖੇਤੀਬਾੜੀ ਉੱਤੇ ਅਧਾਰਤ ਲਗਾਉਣ, ਬਿਜਲੀ ਵੰਡ ਕਾਨੂੰਨ 2022 ਰੱਦ ਕਰਨ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ, ਪੰਜਾਬ ਦੀ ਸਾਰੀ ਜ਼ਮੀਨ ਨੂੰ ਨਹਿਰੀ ਪਾਣੀ ਲਾਉਣ, ਨਿੱਜੀ ਕੰਪਨੀਆਂ ਦੇ ਨਹਿਰੀ ਪ੍ਰਜੈਕਟ ਰੱਦ ਕਰਨ, ਪੰਜਾਬ ਦੀਆਂ ਮੰਡੀਆਂ ਦਾ ਪੇਂਡੂ ਵਿਕਾਸ ਫੰਡ ਤੁਰੰਤ ਜਾਰੀ ਕਰਨ, ਅੰਨ ਕਲਿਆਣ ਯੋਜਨਾ ਉੱਤੇ ਲਾਇਆ 11% ਕੱਟ ਤੁਰੰਤ ਵਾਪਸ ਲੈਣ, ਤੇਲ ਦੀਆਂ ਕੀਮਤਾਂ ਘੱਟ ਕਰਨ, ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ ਅਤੇ ਬੇਅਦਬੀ ਕਰਨ ਤੇ ਬੇਅਦਬੀ ਕਰਨ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ।
ਇਸ ਮੌਕੇ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਸੁਰਜੀਤ ਸਿੰਘ ਫੌਜੀ, ਹਰਨੇਕ ਸਿੰਘ ਕਮਾਲਾ ਬੋਤਲਾਂ, ਬਚਿੱਤਰ ਸਿੰਘ ਦੂਲੇ ਵਾਲਾ,ਕੇਵਲ ਸਿੰਘ ਵਾਹਕਾ,ਗੁਰਮੁੱਖ ਸਿੰਘ ਕਾਮਲਵਾਲਾ,ਮੱਸਾ ਸਿੰਘ ਆਸਿਫ਼ ਵਾਲਾ ਆਦਿ ਆਗੂ ਹਾਜਰ ਸਨ।