ਕਿਸਾਨ ਮਜਦੂਰ ਜਥੇਬੰਦੀ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ 5 ਮਈ ਨੂੰ ਪੰਜਾਬ ਭਰ ਦੇ ਡੀ ਸੀ ਦਫ਼ਤਰਾਂ ਅੱਗੇ ਧਰਨੇ ਦੇਣ ਦਾ ਐਲਾਨ
ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜਾ ਖਤਮ ਕਰਨ ਤੇ ਕਣਕ ਦੀ ਫ਼ਸਲ ਉੱਤੇ ਪ੍ਰਤੀ ਕੁਇੰਟਲ 500 ਰੁਪਏ ਬੋਨਸ ਦੇਣ ਦੀ ਕੀਤੀ ਮੰਗ
ਕਿਸਾਨ ਮਜਦੂਰ ਜਥੇਬੰਦੀ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ 5 ਮਈ ਨੂੰ ਪੰਜਾਬ ਭਰ ਦੇ ਡੀ ਸੀ ਦਫ਼ਤਰਾਂ ਅੱਗੇ ਧਰਨੇ ਦੇਣ ਦਾ ਐਲਾਨ
ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜਾ ਖਤਮ ਕਰਨ ਤੇ ਕਣਕ ਦੀ ਫ਼ਸਲ ਉੱਤੇ ਪ੍ਰਤੀ ਕੁਇੰਟਲ 500 ਰੁਪਏ ਬੋਨਸ ਦੇਣ ਦੀ ਕੀਤੀ ਮੰਗ
ਹਰੀਸ਼ ਮੌਂਗਾ
ਫਿਰੋਜ਼ਪੁਰ, 24.4.2022: ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ, ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀਆ ਕਿਸਾਨ ਵਿਰੋਧੀ ਨੀਤੀਆਂ, ਕਿਸਾਨਾਂ ਮਜਦੂਰਾਂ ਦੀਆ ਕਰਜੇ ਕਾਰਣ ਹੋ ਰਹੀਆ ਗ੍ਰਿਫਤਾਰੀਆਂ, ਕੁਰਕੀਆ ਰੋਕਣ, ਕਿਸਾਨਾਂ ਮਜਦੂਰਾਂ ਦੇ ਸਮੁੱਚੇ ਕਰਜੇ ਨੂੰ ਖਤਮ ਕਰਨ , ਕਣਕ ਦੇ ਪ੍ਰਤੀ ਏਕੜ 5-7 ਕੁਇੰਟਲ ਘਟੇ ਝਾੜ ਦੇ ਨੁਕਸਾਨ ਦੀ ਪੂਰਤੀ ਲਈ ਪ੍ਰਤੀ ਕੁਇੰਟਲ 500 ਰੁਪਏ ਬੋਨਸ ਦੇਣ ਤੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆ ਮੰਨੀਆ ਹੋਈਆ ਮੰਗਾ ਨੂੰ ਲਾਗੂ ਕਰਵਾਉਣ ਲਈ 5 ਮਈ ਨੂੰ ਜ਼ਿਲ੍ਹਾ ਫਿਰੋਜ਼ਪੁਰ ਤੇ ਪੰਜਾਬ ਭਰ ਦੇ ਡੀ ਸੀ ਦਫ਼ਤਰਾਂ ਅੱਗੇ ਵਿਸ਼ਾਲ ਧਰਨੇ ਦਿੱਤੇ ਜਾਣਗੇ, ਜਿਸ ਵਿਚ ਹਜਾਰਾਂ ਕਿਸਾਨ, ਮਜਦੂਰ, ਨੌਜਵਾਨ ,ਬੀਬੀਆ ਪੂਰੇ ਜੋਸ਼ ਨਾਲ ਸਮੂਲੀਅਤ ਕਰਨਗੇ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਸਾਮਰਾਜੀ ਦਬਾਅ ਹੇਠ ਨਿਜੀਕਰਨ ਉਦਾਰੀਕਰਨ ਦੀਆਂ ਨੀਤੀਆਂ ਲਾਗੂ ਹੋਣ ਨਾਲ ਕਿਸਾਨ ਮਜਦੂਰ ਬੜੇ ਵੱਡੇ ਆਰਥਿਕ ਸੰਕਟ ਵਿਚੋਂ ਗੁਜਰ ਰਿਹਾ ਹੈ, ਹਰ ਰੋਜ਼ ਪੰਜਾਬ ਵਿੱਚੋਂ 3 -4 ਕਿਸਾਨ ਮਜਦੂਰ ਕਰਜੇ ਕਾਰਣ ਖੁਦਕੁਸ਼ੀਆ ਕਰ ਰਹੇ ਹਨ, ਇਕ ਲੱਖ ਕਰੋੜ ਤੋਂ ਵੱਧ ਦਾ ਕਰਜਾ ਕਿਸਾਨਾਂ ਮਜਦੂਰਾਂ ਸਿਰ ਖੜਾ ਹੈ।ਕਿਉਂਕਿ ਖੇਤੀ ਦੇ ਲਾਗਤ ਖਰਚੇ ਲਗਾਤਾਰ ਵੱਡੀ ਪੱਧਰ ਤੇ ਵਧ ਰਹੇ ਹਨ, ਕਿਸਾਨਾਂ ਦੀਆ ਫ਼ਸਲਾਂ ਦੇ ਭਾਅ ਫ਼ਸਲ ਦੇ ਲਾਗਤ ਖਰਚੇ ਵੀ ਪੂਰੇ ਨਹੀਂ ਕਰ ਰਹੇ, ਕੇਂਦਰ ਸਰਕਾਰ ਦਿੱਲੀ ਮੋਰਚੇ ਦੌਰਾਨ ਕਿਸਾਨ ਜੱਥੇਬੰਦੀਆ ਨਾਲ ਲਿਖਤੀ ਸਮਝੌਤਾ ਕਰਕੇ ਮੁਕਰ ਚੁੱਕੀ ਹੈ, ਜਿਵੇਂ 23 ਫ਼ਸਲਾਂ ਦੀ ਖਰੀਦ ਦੀ ਗਰੰਟੀ ਦਾ ਕਨੂੰਨ ਬਣਾਉਣ , ਕਿਸਾਨਾਂ ਮਜਦੂਰਾਂ ਉਤੇ ਕੀਤੇ ਪਰਚੇ ਰੱਦ ਕਰਨ, ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਅਜੇ ਮਿਸ਼ਰਾ ਨੂੰ ਕੇਂਦਰੀ ਮੰਤਰੀ ਮੰਡਲ ਵਿਚੋਂ ਬਰਖਾਸਤ ਕਰਕੇ ਗ੍ਰਿਫਤਾਰ ਕਰਨ ਅਤੇ ਹੋਰ ਕਈ ਮੰਗਾਂ ਮੰਨ ਕੇ ਪਿੱਛੇ ਹਟ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਕਰਜਾਈ ਕਿਸਾਨਾਂ ਮਜਦੂਰਾਂ ਦਾ ਚੋਣ ਵਾਅਦੇ ਅਨੁਸਾਰ ਕਰਜਾ ਖਤਮ ਕਰਨ ਦੀ ਥਾਂ ਗ੍ਰਿਫਤਾਰੀਆਂ ਦੇ ਵਾਰੰਟ ਕੱਢੇ ਜਾ ਰਹੇ ਹਨ, ਨਹਿਰੀ ਪਾਣੀ ਤੇ ਬਿਜਲੀ ਦਾ ਨਾਕਸ ਪ੍ਰਬੰਧ ਹੋਣ ਕਾਰਨ ਫ਼ਸਲਾਂ ਸੁੱਕ ਰਹੀਆ ਹਨ, 800 ਕਰੋੜ ਰੁਪਏ ਤੋਂ ਵੱਧ ਕਿਸਾਨਾਂ ਦਾ ਗੰਨਾ ਬਕਾਇਆ ਖੰਡ ਮਿੱਲਾਂ ਵੱਲ ਖੜਾ ਹੈ, ਠੇਕੇਦਾਰੀ ਸਿਸਟਮ ਕਾਰਨ ਬੇਰੁਜਗਾਰੀ ਬੇਹਿਤਾਸ਼ਾ ਵੱਧ ਚੁੱਕੀ ਹੈ ਤੇ ਪੰਜਾਬ ਤੋਂ ਲੱਖਾਂ ਨੌਜਵਾਨਾਂ ਦਾ ਬਾਹਰਲੇ ਦੇਸ਼ਾਂ ਵੱਲ ਪਰਵਾਸ ਹੋ ਰਿਹਾ ਹੈ। ਇਸ ਲਈ ਪੰਜਾਬ ਅੱਜ ਆਰਥਿਕ ਸਮਾਜਿਕ ਰਾਜਨੀਤਿਕ ਤੇ ਸੱਭਿਆਚਾਰਿਕ ਸੰਕਟ ਦਾ ਸ਼ਿਕਾਰ ਹੈ।
ਪੰਜਾਬ ਦੇ ਸਾਰੇ ਮਿਹਨਤਕਸ਼ ਲੋਕਾਂ ਨੂੰ ਅਪੀਲ ਹੈ ਕਿ ਪੰਜਾਬ ਤੇ ਕੇਂਦਰ ਸਰਕਾਰ ਦੀਆ ਲੋਕ ਵਿਰੋਧੀ ਨੀਤੀਆਂ ਖਿਲਾਫ ਲੱਕ ਬੰਨ੍ਹ ਕੇ ਚੱਲ ਰਹੇ ਸੰਘਰਸ਼ਾਂ ਵਿੱਚ ਸ਼ਾਮਿਲ ਹੋਵੋ ਨਹੀਂ ਤਾਂ ਪੰਜਾਬ ਵਾਸੀਆ ਦਾ ਉਜਾੜਾ ਤਹਿ ਹੈ ਅਤੇ ਇਤਹਾਸ ਸਾਨੂੰ ਕਦੇ ਮਾਫ ਨਹੀਂ ਕਰੇਗਾ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਸਾਰੇ ਡੀ ਸੀ ਦਫ਼ਤਰਾਂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਜਾਵੇਗੀ ਕਿ ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜਾ ਖਤਮ, ਕਣਕ ਉੱਤੇ ਪ੍ਰਤੀ ਕੁਇੰਟਲ 500 ਰੁਪਏ ਬੋਨਸ , ਕਿਸਾਨਾਂ ਦੀਆ ਮੰਨੀਆ ਹੋਈਆ ਮੰਗਾਂ ਲਾਗੂ ਕਰਨ , ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਣ ਆਦਿ ਨੂੰ ਪੰਜਾਬ ਤੇ ਕੇਂਦਰ ਸਰਕਾਰ ਪੂਰਾ ਕਰੇ।