ਕਾਂਗਰਸ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਦਾ ਪੰਜਾਬੀ ਭਾਰੀ ਮੁੱਲ ਤਾਰ ਰਹੇ ਹਨ : ਸੁਖਬੀਰ ਸਿੰਘ ਬਾਦਲ
ਫਿਰੋਜ਼ਪੁਰ, 10 ਫਰਵਰੀ, 2021 : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਦਾ ਪੰਜਾਬੀਭਾਰੀ ਮੁੱਲ ਤਾਰ ਰਹੇ ਹਨ ਤੇ ਉਹਨਾਂ ਨੇ ਆਜ਼ਾਦ ਤੇ ਨਿਰਪੱਖ ਮਿਉਂਪਸਲ ਚੋਣਾਂ ਯਕੀਨੀ ਬਣਾਉਣ ਵਿਚ ਅਸਫਲ ਰਹਿਣ ’ਤੇ ਸੂਬਾ ਚੋਣ ਕਮਿਸ਼ਨਰ ਦੀ ਨਿਖੇਧੀ ਕੀਤੀ ਤੇ ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੌਰ ਨੁੰ ਅਪੀਲ ਕੀਤੀ ਕਿ ਕੱਲ੍ਹ ਰਾਤ ਮੋਗਾ ਵਿਚ ਹੋਏ ਕਤਲਾਂ ਤੋਂ ਬਾਅਦ ਹੋਰ ਜਾਨਾਂ ਨਾ ਜਾਣ ਇਸ ਵਾਸਤੇ ਉਹ ਤੁਰੰਤ ਦਖਲ ਦੇਣ।
ਕੱਲ੍ਹ ਰਾਤ ਮੋਗਾ ਵਿਚ ਦੋ ਅਕਾਲੀ ਵਰਕਰਾਂ ਹਰਮਿੰਦਰ ਅਤੇ ਜਗਦੀਪ ਦਾ ਕਾਂਗਰਸੀਆਂ ਵੱਲੋਂ ਕਤਲ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਸੂਬਾ ਚੋਣ ਕਮਿਸ਼ਨ ਇਹਨਾਂ ਮੌਤਾਂ ਲਈ ਸਿੱਧੇਤੌਰ ’ਤੇ ਜ਼ਿੰਮੇਵਾਰ ਹੈ ਕਿਉਂਕਿ ਇਕ ਹਫਤੇ ਤੋਂ ਵਾਰ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਉੁਹ ਕਾਂਗਰਸੀ ਗੁੰਡਿਆਂ ਨੁੰ ਨਕੇਲ ਪਾਉਣ ਵਿਚ ਅਸਫਲ ਰਿਹਾ ਹੈ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੇ ਜੇਕਰ ਆਪਣਾ ਫਰਜ਼ ਨਿਭਾਇਆ ਹੁੰਦਾ ਤੇ ਸੂਬਾ ਪੁਲਿਸ ਨੂੰ ਜਲਾਲਾਬਾਦ ਤੇ ਭਿਖੀਵਿੰਡ ਵਿਚ ਅਕਾਲੀ ਦਲ ਦੇ ਵਰਕਰਾਂ ’ਤੇ ਹਥਿਆਰਬੰਦ ਹਮਲੇ ਦੇ ਮਾਮਲੇ ਵਿਚ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਹੁੰਦੀ ਤਾਂ ਕਾਂਗਰਸੀ ਵਰਕਰ ਇੰਨੇ ਬੇਖੌਫ ਨਾ ਹੋ ਜਾਂਦੇ ਤੇ ਇਸ ਤਰੀਕੇ ਅਕਾਲੀ ਵਰਕਰਾਂ ਦਾ ਵਹਿਸ਼ੀਆਨਾ ਢੰਗ ਨਾਲ ਕਤਲ ਨਾ ਕਰਦੇ।
ਸ੍ਰੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਹੱਥੋਂ ਬਾਹਰ ਹੋ ਗਈ ਹੈ ਤੇ ਸੂਬੇ ਦੇ ਰਾਜਪਾਲ ਨੁੰ ਤੁਰੰਤ ਦਖਲ ਦੇ ਕੇ ਸੂਬਾ ਪੁਲਿਸ ਨੂੰ ਅਮਨ ਕਾਨੂੰਨ ਵਿਵਸਥਾਬਹਾਲ ਕਰਨ ਦੀ ਹਦਾਇਤ ਦੇਣ ਲਈ ਅਪੀਲ ਕੀਤੀ। ਉਹਨਾਂ ਕਿਹਾ ਕਿ ਉਹਨਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੋ ਕਾਂਗਰਸਰੀ ਵਰਕਰਾਂ ਵਾਂਗ ਕੰਮ ਕਰ ਰਹੇ ਹਨ ਅਤੇ ਲੋਕਾਂ ਨੁੰ ਆਪਣਾ ਲੋਕਤੰਤਰੀ ਅਧਿਕਾਰ ਵਰਤਣ ਦੀ ਆਗਿਾ ਨਹੀਂ ਦੇ ਰਹੇ। ਉਹਨਾਂ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸੂਬੇ ਦੀਆਂ ਸਾਰੀਆਂ ਏਜੰਸੀਆਂ ਨੂੰ ਹਦਾਇਤ ਦੇਣ ਕਿ ਉਹ ਕਾਂਗਰਰਸੀ ਵਿਧਾਇਕਾਂ ਦੇ ਕਹਿਣ ’ਤੇ ਅਕਾਲੀ ਵਰਕਰਾਂ ਨੁੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨ ਅਤੇ ਕਿਹਾ ਅਕਾਲੀ ਵਰਕਰਾਂ ਦੇ ਵਪਾਰਕ ਠਿਕਾਣਿਆਂ ’ਤੇ ਛਾਪੇਮਾਰੀ ਕਰ ਕੇ ਉਹਨਾਂ ਨੁੰ ਡਰਾਉਣ ਦਾ ਯਤਨ ਕੀਤਾ ਜਾ ਰਿਹਾਹੈ।
ਸ੍ਰੀ ਬਾਦਲ ਨੇ ਰਾਜਪਾਲ ਨੂੰ ਇਹ ਵੀ ਬੇਨਤੀ ਕੀਤੀ ਕਿ ਸੂਬੇ ਦੇ ਚੋਣ ਕਮਿਸ਼ਨਰ ਨੂੰ ਲੋਕਤੰਤਰੀ ਸਿਧਾਂਤਾਂ ਦੀ ਰਾਖੀ ਕਰਨ ਵਿਚ ਅਸਫਲ ਰਹਿਣ ਕਾਰਨ ਤੁਰੰਤ ਬਰਖ਼ਾਸਤ ਕਰਨ । ਉਹਨਾਂ ਕਿਹਾ ਕਿ 15 ਦਿਨ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ ਜਦੋਂ ਤੋਂਅ ਸੀਂ ਮੰਗ ਕਰ ਰਹੇ ਹਾਂ ਕਿ ਪੈਰਾ ਮਿਲਟਰੀ ਫੋਰਸ ਲਗਾਈ ਜਾਵੇ ਤਾਂ ਜੋ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਈਆਂ ਜਾ ਸਕਣ। ਉਹਨਾਂ ਕਿਹਾ ਕਿ ਅਸੀਂ ਇਹ ਵੀ ਮੰਗ ਕੀਤੀ ਹੈ ਕਿ ਚੋਣ ਬੂਥਾਂ ਦੇ ਅੰਦਰ ਵੀਡੀਓਗ੍ਰਾਫੀ ਦੀ ਆਗਿਆ ਦਿੱਤੀ ਜਾਵੇ ਤੇ ਵੋਟਾਂ ਪੈਣ ਤੋਂ ਤੁਰੰਤ ਬਾਅਦ ਗਿਣਤੀ ਕਰਵਾਈ ਜਾਵੇ ਤਾਂ ਜੋ ਕੋਈ ਗੜਬੜ ਨਾ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਸੂਬਾ ਚੋਣ ਕਮਿਸ਼ਨਰ ਇਸ ਮਾਮਲੇ ਵਿਚ ਸੱਤਾ ਪਿਆ ਹੈ ਤੇ ਸਰਕਾਰੀ ਕਮਿਸ਼ਨਰ ਵਾਂਗ ਵਿਹਾਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਕ ਸਵਾਲ ਦੇ ਜਵਾਬ ਵਿਚ ਸ੍ਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਸਦ ਵਿਚ ਕਿਸਾਨਾਂ ਨਾਲ ਚੱਟਾਨ ਵਾਂਗ ਡੱਟਿਆ ਤੇ ਤਿੰਨ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਸੀ ਤੇ ਜਿਣਸਾਂ ਦੀ ਘੱਟੋ ਘੱਟ ਸਮਰਥਨ ਮੁੱਲ ’ਤੇ ਯਕੀਨੀ ਸਰਕਾਰੀ ਖਰੀਦ ਕੀਤੇ ਜਾਣ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਇੰਨ ਬਿਨ ਲਾਗੂ ਕਰਨ ਦੀ ਵੀ ਮੰਗ ਕੀਤੀ ਹੈ।
ਉਹਨਾਂ ਕਿਹਾ ਕਿ ਪਾਰਟੀ ਨੇ ਭਾਜਪਾ ਦੇ ਦੋਗਲੇਪਨ ਨੁੰ ਵੀ ਬੇਨਕਾਬ ਕੀਤਾ। ਉਹਨਾਂ ਕਿਹਾ ਕਿ ਇਹ ਇਕ ਸੱਚਾਈ ਹੈ ਕਿ ਪ੍ਰਧਾਨ ਮੰਤਰੀ ਜਦੋਂ ਆਪ ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ ਮੁੱਖ ਮੰਤਰੀਆਂ ਦੀ ਕਮੇਟੀ ਦੇ ਮੁਖੀ ਸਨ ਤਾਂ ਉਹਨਾਂ ਸਿਫਾਰਸ਼ ਕੀਤੀ ਸੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਕਿਸਾਨ ਦੀ ਜਿਣਸ ਐਮ ਐਸ ਪੀ ਤੋਂ ਘੱਟ ਭਾਅ ’ਤੇ ਨਾ ਖਰੀਦੀ ਜਾਵੇ। ਉਹਨਾਂ ਕਿਹਾ ਕਿ ਇਹੀ ਮੰਗ ਅੱਜ ਦੇਸ਼ ਭਰ ਦੇ ਕਿਸਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਭਲਾਈ ਦਾ ਖਿਆਲ ਕਰਦਿਆਂ ਇਹ ਮਸਲਾ ਫੌਰੀ ਤੌਰ ’ਤੇ ਹੱਲ ਕਰਨਾ ਚਾਹੀਦਾ ਹੈ।