News

ਕਰੋਨਾ ਵਾਇਰਸ ਦੇ ਖਿਲਾਫ ਮੋਕ ਡ੍ਰਿੱਲ ਵਿਚ ਸਰਕਾਰੀ ਵਿਭਾਗਾਂ ਨੇ ਦਿਖਾਈ ਇੱਕਜੁੱਟਤਾ, ਸੂਚਨਾ ਦੇ ਕੁੱਝ ਮਿੰਟਾਂ ਵਿਚ ਮਰੀਜ਼ ਤੱਕ ਪਹੁੰਚੀ ਸਿਹਤ ਵਿਭਾਗ ਦੀ ਟੀਮ

ਪਿੰਡ ਮੋਹਕਮ ਖਾਂ ਵਾਲਾ ਵਿਚ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਸਿਹਤ ਵਿਭਾਗ ਸਮੇਤ ਕਈ ਸਰਕਾਰੀ ਵਿਭਾਗਾਂ ਨੇ ਦਿਖਾਇਆ ਕੌਸ਼ਲ

ਕਰੋਨਾ ਵਾਇਰਸ ਦੇ ਖਿਲਾਫ ਮੋਕ ਡ੍ਰਿੱਲ ਵਿਚ ਸਰਕਾਰੀ ਵਿਭਾਗਾਂ ਨੇ ਦਿਖਾਈ ਇੱਕਜੁੱਟਤਾ, ਸੂਚਨਾ ਦੇ ਕੁੱਝ ਮਿੰਟਾਂ ਵਿਚ ਮਰੀਜ਼ ਤੱਕ ਪਹੁੰਚੀ ਸਿਹਤ ਵਿਭਾਗ ਦੀ ਟੀਮ
ਪਿੰਡ ਮੋਹਕਮ ਖਾਂ ਵਾਲਾ ਵਿਚ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਸਿਹਤ ਵਿਭਾਗ ਸਮੇਤ ਕਈ ਸਰਕਾਰੀ ਵਿਭਾਗਾਂ ਨੇ ਦਿਖਾਇਆ ਕੌਸ਼ਲ
ਸ਼ੱਕੀ ਮਰੀਜ਼ ਤੱਕ ਪਹੁੰਚਾਈਆਂ ਸਿਹਤ ਸੁਵਿਧਾਵਾਂ, ਪਿੰਡ ਨੂੰ ਚਾਰੇ ਪਾਸੇ ਸੀਲ ਕਰਕੇ ਘਰ-ਘਰ ਜਾ ਕੇ ਕੀਤਾ ਸਰਵੇ, ਲੋਕਾਂ ਨੂੰ ਸਾਵਧਾਨੀਆਂ ਵਰਤਣ ਦੇ ਲਈ ਕੀਤਾ ਜਾਗਰੂਕ

ਫਿਰੋਜ਼ਪੁਰ 18 ਮਾਰਚ 2020.
ਕਰੋਨਾ ਵਾਇਰਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸੰਭਾਵਿਤ ਸਥਿਤੀ ਨਾਲ ਨਜਿੱਠਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਬੁੱਧਵਾਰ ਨੂੰ ਪਿੰਡ ਮੋਹਕਮ ਖਾਂ ਵਾਲਾ ਵਿਚ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੀ ਅਗਵਾਈ ਵਿਚ ਮੋਕ ਡ੍ਰਿੱਲ ਕਰਵਾਈ ਗਈ, ਜਿਸ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ ਨੇ ਇੱਕਜੁੱਟਤਾ ਦਿਖਾਉਂਦੇ ਹੋਏ ਆਪਣੀਆਂ ਤਿਆਰੀਆਂ ਦਾ ਪ੍ਰਦਰਸ਼ਨ ਕੀਤਾ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਸਿਰਫ਼ ਜਾਗਰੂਕਤਾ ਨਾਲ ਹੀ ਕੀਤਾ ਜਾ ਸਕਦਾ ਹੈ। ਇਸ ਲਈ ਲੋਕਾਂ ਨੂੰ ਕੁੱਝ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਤਾਂ ਕਿ ਇਸ ਬਿਮਾਰੀ ਤੋਂ ਦੂਰ ਰਿਹਾ ਜਾ ਸਕੇ॥ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਸਾਫ-ਸਫਾਈ ਦਾ ਧਿਆਨ ਰੱਖਣ, ਖੰਘਦੇ ਅਤੇ ਛਿੱਕਦੇ ਸਮੇਂ ਮੂੰਹ ਨੂੰ ਢੱਕਣ, ਵਾਰ-ਵਾਰ ਹੱਲ ਧੋਣ ਅਤੇ ਭੀੜ-ਭਾੜ ਵਾਲੇ ਸਥਾਨਾਂ ‘ਤੇ ਜਾਣ ਤੋਂ ਪਰਹੇਜ਼ ਰੱਖਣ ਦੀ ਜ਼ਰੂਰਤ ਹੈ।
ਮੋਕ ਡ੍ਰਿੱਲ ਦੀ ਸ਼ੁਰੂਆਤ ਵਿਚ ਪਿੰਡ ਦੇ ਘਰ ਤੋਂ ਉਨ੍ਹਾਂ ਘਰ ਕਰੋਨਾ ਵਾਇਰਸ ਪ੍ਰਭਾਵਿਤ ਦੇਸ਼ ਤੋਂ ਆਏ ਹੋਏ ਇੱਕ ਵਿਅਕਤੀ ਦੇ ਬਾਰੇ ਵਿਚ ਕੰਟਰੋਲ ਰੂਮ ‘ਤੇ ਫ਼ੋਨ ਕਰਕੇ ਸੂਚਨਾ ਦਿੱਤੀ ਗਈ।  ਸੂਚਨਾ ਮਿਲਦੇ ਹੀ ਸਿਹਤ ਵਿਭਾਗ, ਪੁਲਿਸ ਵਿਭਾਗ, ਫੂਡ ਅਤੇ ਸਿਵਲ ਸਪਲਾਈ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪੁਲਿਸ ਵਿਭਾਗ ਨੇ ਪਿੰਡ ਨੂੰ ਸੀਲ ਕਰ ਦਿੱਤਾ ਅਤੇ ਸਿਹਤ ਵਿਭਾਗ ਦੀ ਇੱਕ ਟੀਮ ਮਰੀਜ਼ ਤੱਕ ਪਹੁੰਚੀ। ਮਰੀਜ਼ ਨੇ ਗੱਲਬਾਤ ਦੌਰਾਨ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਉਹ ਦੁਬਈ ਤੋਂ ਆਇਆ ਹੈ ਅਤੇ ਉਸ ਨੂੰ ਖਾਂਸੀ-ਜੁਕਾਮ ਦੀ ਸਮੱਸਿਆ ਹੈ। ਕਰੋਨਾ ਵਾਇਰਸ ਨੂੰ ਲੈ ਕੇ ਉਹ ਜਾਗਰੂਕ ਸੀ ਇਸ ਲਈ ਖ਼ੁਦ ਹੀ ਕੰਟਰੋਲ ਰੂਮ ‘ਤੇ ਫ਼ੋਨ ਕਰ ਦਿੱਤਾ। ਮੋਕ ਡ੍ਰਿੱਲ ਦੇ ਦੌਰਾਨ ਟੀਮ ਵੱਲੋਂ ਸ਼ੱਕੀ ਮਰੀਜ਼ ਨੂੰ ਇਲਾਜ ਮੁਹੱਈਆ ਕਰਵਾਇਆ ਗਿਆ, ਉਸ ਦੀ ਜਾਂਚ ਕੀਤੀ ਗਈ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਹੀ ਮਰੀਜ਼ ਨੂੰ ਅਲੱਗ ਕਮਰੇ ਵਿਚ ਰੱਖਿਆ ਹੋਇਆ ਸੀ ਅਤੇ ਕੋਈ ਵੀ ਮੈਂਬਰ ਉਸ ਦੇ ਸੰਪਰਕ ਵਿਚ ਨਹੀਂ ਆਇਆ। ਮੋਕ ਡ੍ਰਿੱਲ ਨੂੰ ਅੱਗੇ ਵਧਾਉਂਦੇ ਹੋਏ ਸਿਹਤ ਵਿਭਾਗ ਦੀ ਟੀਮ ਨੇ ਮਰੀਜ਼ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ। ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਦੇ ਲਗਭਗ ਸਾਰੇ ਘਰਾਂ ਦਾ ਦੌਰਾ ਕਰਕੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕਰੋਨਾ ਵਾਇਰਸ ਦੇ ਲੱਛਣਾਂ ਦੇ ਬਾਰੇ ਵਿਚ ਪੁੱਛਿਆ।  ਇਸ ਦੌਰਾਨ ਫੂਡ ਐਂਡ ਸਿਵਲ ਸਪਲਾਈ ਵਿਭਾਗ ਨੇ ਪਿੰਡ ਦੇ ਵੱਖ-ਵੱਖ ਘਰਾਂ ਵਿਚ ਰਾਸ਼ਨ ਸਪਲਾਈ ਜਾਰੀ ਰੱਖੀ ਤਾਂ ਕਿ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ।
ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਕਿਹਾ ਕਿ ਮੋਕ ਡ੍ਰਿੱਲ ਸਾਡੀਆਂ ਤਿਆਰੀਆਂ ਦਾ ਇੱਕ ਅਹਿਮ ਹਿੱਸਾ ਹੈ, ਜਿਸ ਵਿਚ ਅਸੀਂ ਇਸ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕਿਸ ਜਗ੍ਹਾ ਖੜ੍ਹੇ ਹਾਂ, ਇਸ ਦੇ ਬਾਰੇ ਵਿਚ ਪਤਾ ਲੱਗਦਾ ਹੈ। ਇਸ ਤੋਂ ਸਾਨੂੰ ਆਪਣੀਆਂ ਕਮੀਆਂ ਦੂਰ ਕਰਨ ਦਾ ਮੌਕਾ ਵੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਵਿਚ ਅਫ਼ਵਾਹਾਂ ਤੋਂ ਬਚਣ ਦੀ ਜ਼ਰੂਰਤ ਹੈ ਕਿਉਂਕਿ ਸੋਸ਼ਲ ਮੀਡੀਆ ‘ਤੇ ਲੋਕ ਇਸ ਬਿਮਾਰੀ ਨੂੰ ਲੈ ਕੇ  ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਕੋਈ ਵੀ ਵਿਅਕਤੀ ਨਹੀਂ ਹੈ ਅਤੇ ਜੇਕਰ ਕੋਈ ਇਹੋ ਜਿਹੀ ਕੋਈ ਸਥਿਤੀ ਆਉਂਦੀ ਤਾਂ ਉਸ ਨਾਲ ਕਿਸ ਤਰ੍ਹਾਂ ਨਿਪਟਣਾ ਹੈ ਇਸ ਕਰ ਕੇ ਹੀ ਇਹ ਮੌਕ ਡ੍ਰਿੱਲ ਕਰਵਾਈ ਗਈ ਹੈ।
ਐਸ.ਡੀ.ਐਮ. ਅਮਿਤ ਗੁਪਤਾ ਨੇ ਲੋਕਾਂ ਨੂੰ ਪੂਰੀ  ਸਾਵਧਾਨੀ ਵਰਤਣ, ਕਿਸੇ ਵੀ ਸ਼ੱਕੀ ਮਰੀਜ਼ ਵਿਚ ਜਾਣਕਾਰੀ ਮਿਲਣ ‘ਤੇ ਕੰਟਰੋਲ ਰੂਮ ਨੂੰ ਸੂਚਿਤ ਕਰਨ ਦਾ ਪ੍ਰਣ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਵਿਚ ਜੇਕਰ ਕਰੋਨਾ ਵਾਇਰਸ ਪ੍ਰਭਾਵਿਤ ਖੇਤਰ ਨਾਲ ਕੋਈ ਵਿਅਕਤੀ ਆ ਕੇ ਰਹਿੰਦਾ ਹੈ ਤਾਂ ਉਸ ਦੇ ਬਾਰੇ ਵਿਚ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਸਮਾਂ ਰਹਿੰਦੇ ਬਚਾਅ ਕਾਰਜ ਕੀਤਾ ਜਾ ਸਕੇ। ਇਸ ਮੌਕੇ ਸਰਪੰਚ ਸ਼ਮਸ਼ੇਰ ਸਿੰਘ, ਪਟਵਾਰੀ ਮਨਜੀਤ ਸਿੰਘ ਅਤੇ ਬਲਜੀਤ ਸਿੰਘ ਵੀ ਹਾਜ਼ਰ ਸਨ।

Related Articles

Leave a Comment

Back to top button
Close