ਕਰੋਨਾ ਮਹਾਂਮਾਰੀ ਦੇ ਪ੍ਰਭਾਵ ਨੂੰ ਰੋਕਣ ਲਈ ਸਾਡੇ ਸਾਰਿਆਂ ਦਾ ਸਹਿਯੋਗ ਜ਼ਰੂਰੀ-ਡਿਪਟੀ ਕਮਿਸ਼ਨਰ
ਕਰੋਨਾ ਮਹਾਂਮਾਰੀ ਦੇ ਪ੍ਰਭਾਵ ਨੂੰ ਰੋਕਣ ਲਈ ਸਾਡੇ ਸਾਰਿਆਂ ਦਾ ਸਹਿਯੋਗ ਜ਼ਰੂਰੀ–ਡਿਪਟੀ ਕਮਿਸ਼ਨਰ
- ਕਿਹਾ, ਸਮੂਹ ਪੰਚਾਇਤ ਸਕੱਤਰਾ ਪਿੰਡਾਂ ਦੇ ਸਰਪੰਚਾਂ ਅਤੇ ਮੋਹਤਬਰ ਵਿਅਕਤੀਆ ਨੂੰ ਆਪਣੇ ਪਿੰਡ ਦੇ ਲੋਕਾਂ ਦੀ ਵੱਧ ਤੋਂ ਵੱਧ ਕਰੋਨਾ ਦੀ ਸੈਂਪਲਿੰਗ ਕਰਵਾਉਣ ਲਈ ਪ੍ਰੇਰਿਤ ਕਰਨ
- ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਸਮੂਹ ਪੰਚਾਇਤ ਸਕੱਤਰਾਂ ਨਾਲ ਇੱਕ ਅਹਿਮ ਮੀਟਿੰਗ ਦਾ ਆਯੋਜਨ
ਫਿਰੋਜ਼ਪੁਰ 19 ਮਈ 2021 : ਕਰੋਨਾ ਮਹਾਂਮਾਰੀ ਦੇ ਪ੍ਰਭਾਵ ਨੂੰ ਰੋਕਣ ਲਈ ਸਾਡੇ ਸਾਰਿਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣਾ, ਮਾਸਕ ਪਹਿਨਣਾ, ਹੱਥਾਂ ਨੂੰ ਵਾਰ-ਵਾਰ ਧੋਣਾ ਅਤੇ ਸੈਨੇਟਾਈਜ਼ ਕਰਨ ਸਮੇਤ ਕਰੋਨਾ ਦੀ ਵੱਧ ਤੋਂ ਵੱਧ ਸੈਂਪਲਿੰਗ ਆਦਿ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਹੀ ਕਰੋਨਾ ਮਹਾਂਮਾਰੀ ਤੇ ਅਸਲ ਜਿੱਤ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰ. ਗੁਰਪਾਲ ਸਿੰਘ ਚਾਹਲ ਨੇ ਜ਼ਿਲ੍ਹੇ ਦੇ ਸਮੂਹ ਪੰਚਾਇਤ ਸਕੱਤਰਾਂ ਨਾਲ ਰੱਖੀ ਇੱਕ ਅਹਿਮ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ. ਅਰੁਣ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰ. ਹਰਜਿੰਦਰ ਸਿੰਘ ਅਤੇ ਜ਼ਿਲਾ ਐਪੀਡੀਮਾਲੋਜ਼ਿਸਟ ਅਫਸਰ ਡਾ:ਯੁਵਰਾਜ ਨਾਰੰਗ ਵੀ ਹਾਜ਼ਰ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਨੇ ਪੂਰੇ ਦੇਸ਼ ਵਿੱਚ ਨਹੀਂ ਬਲਕਿ ਦੁਨੀਆ ਲਈ ਭਿਆਨਕ ਅਤੇ ਮਾਰੂ ਸਿੱਧ ਹੋ ਰਹੀ ਹੈ ਅਤੇ ਇਸ ਦਾ ਦੂਜਾ ਸਟਰੇਨ ਪਹਿਲਾਂ ਤੋਂ ਵੀ ਜ਼ਿਆਦਾ ਖਤਰਨਾਕ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਜਿੱਥੇ ਸਾਨੂੰ ਸਾਵਧਾਨੀਆਂ ਦੀ ਪਾਲਣਾ ਲਈ ਪਾਬੰਦ ਹੋਣਾ ਪਵੇਗਾ ਉੱਥੇ ਇਸ ਦੀ ਰੋਕਥਾਮ ਲਈ ਸਾਨੂੰ ਸਾਰਿਆਂ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਇਸ ਬਿਮਾਰੀ ਖਿਲਾਫ ਲੜਨਾ ਪਵੇਗਾ। ਉਨ੍ਹਾਂ ਸਮੂਹ ਪੰਚਾਇਤ ਸਕੱਤਰਾਂ ਨੂੰ ਕਿਹਾ ਕਿ ਉਹ ਪਿੰਡਾਂ ਦੇ ਸਰਪੰਚਾਂ ਅਤੇ ਮੋਹਤਬਰ ਵਿਅਕਤੀਆ ਨੂੰ ਪ੍ਰੇਰਿਤ ਕਰਨ ਕਿ ਉਹ ਆਪਣੇ ਪਿੰਡ ਦੇ ਲੋਕਾਂ ਦੀ ਵੱਧ ਤੋਂ ਵੱਧ ਕਰੋਨਾ ਦੀ ਸੈਂਪਲਿੰਗ ਕਰਵਾਉਣ ਅਤੇ ਕਰੋਨਾ ਵੈਕਸੀਨ ਵੀ ਲਗਵਾਉਣ। ਜੇਕਰ ਪਿੰਡ ਦਾ ਸਰਪੰਚ ਪਿੰਡ ਦੇ 25 ਤੋਂ ਵੱਧ ਵਿਅਕਤੀਆਂ ਦੀ ਸੈਂਪਲਿੰਗ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਪਿੰਡ ਵਿੱਚ ਸੈਂਪਲਿੰਗ ਵੈਨ ਵੀ ਭੇਜੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡ ਦੇ ਸਰਪੰਚ ਵੱਲੋਂ ਪਿੰਡ ਦੇ ਧਾਰਮਿਕ ਸਥਾਨਾਂ ਤੋਂ ਪਿੰਡ ਵਿੱਚ ਅਨਾਊਸਮੈਂਟ ਕਰਵਾਈ ਜਾਵੇ ਕਿ ਲੋਕ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਜ਼ਿਆਦਾ ਇਕੱਠ ਨਾ ਕਰਨ ਅਤੇ ਨਾ ਹੀ ਜ਼ਿਆਦਾ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਜਾਣ ਤਾਂ ਜੋ ਕਰੋਨਾ ਮਹਾਂਮਾਰੀ ਤੇ ਠੱਲ੍ਹ ਪਾਈ ਜਾ ਸਕੇ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਕਰੋਨਾ ਰਿਪੋਰਟ ਪਾਜੇਟਿਵ ਆਉਂਦੀ ਹੈ ਅਤੇ ਉਸ ਵਿਅਕਤੀ ਨੂੰ ਹਲਕੇ ਬੁਖਾਰ ਜਾਂ ਹੋਰ ਲੱਛਣ ਨਜ਼ਰ ਆਉਂਦੇ ਹਨ ਤਾਂ ਉਸ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਜਾਵੇਗਾ ਅਤੇ ਸਿਹਤ ਵਿਭਾਗ ਵੱਲੋਂ ਦਵਾਈਆਂ ਅਤੇ ਮਿਸ਼ਨ ਫਹਿਤ ਕਰੋਨਾ ਕਿੱਟ ਉਸ ਦੇ ਘਰ ਭੇਜੀ ਜਾਵੇਗੀ। ਉਨਾਂ ਪਿੰਡਾਂ ਦੇ ਸਰਪੰਚਾਂ-ਪੰਚਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਦੇ ਲੋਕਾਂ ਨੂੰ ਪ੍ਰੇਰਿਤ ਕਰਕੇ ਜਿੰਨਾਂ ਲੋਕਾਂ ਨੂੰ ਕਰੋਨਾ ਦੇ ਲੱਛਣ ਹਨ ਉਨਾਂ ਦੇ ਟੈਸਟ ਕਰਵਾਉਣ ਅਤੇ ਬਾਕੀ ਲੋਕਾਂ ਨੂੰ ਵੈਕਸੀਨ ਲਗਵਾਉਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ. ਅਰੁਣ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਜਿਹੜੀਆਂ ਪੰਚਾਇਤਾਂ 100 ਫੀਸਦੀ ਵੈਕਸੀਨੇਸਨ ਕਰਵਾਉਣਗੀਆਂ ਉਨਾਂ ਨੂੰ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦੀ ਵਿਸੇਸ਼ ਵਿਕਾਸ ਗ੍ਰਾਂਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਕਰੋਨਾ ਦੀ ਸੈਂਪਲਿੰਗ ਕਰਵਾਉਣ ਤੋਂ ਘਬਰਾਉਣ ਨਾ ਘਬਰਾਉਣ ਨਾ। ਜੇਕਰ ਕਿਸੇ ਪਿੰਡ ਦੇ ਵਿਅਕਤੀ ਦੀ ਰਿਪੋਰਟ ਕਰੋਨਾ ਪਾਜੇਟਿਵ ਹੈ ਤੇ ਉਸ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ ਤਾਂ ਉਹ ਇਸ ਬਿਮਾਰੀ ਦੇ ਪੂਰੀ ਖਤਮ ਹੋਣ ਤੱਕ ਘਰ ਤੋਂ ਬਾਹਰ ਨਾ ਨਿਕਲੇ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਸਮਾਜ ਦੇ ਸਾਰੇ ਵਰਗਾਂ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ, ਵਪਾਰਕ ਅਦਾਰਿਆਂ ਆਦਿ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ ਅਤੇ ਅਸੀਂ ਸਾਰੇ ਮਿਲਕੇ ਹੀ ਇਸ ਬਿਮਾਰੀ ਤੇ ਫਤਹਿ ਹਾਸਲ ਕਰ ਸਕਾਂਗੇ