ਐਚ.ਆਈ.ਵੀ. ਏਡਜ਼ ਸਬੰਧੀ ਜਾਣਕਾਰੀ ਹੀ ਬਚਾਓ ਹੈ – ਡਾ. ਵਨੀਤਾ ਭੁੱਲਰ
ਏਡਜ਼ ਪੀੜਤ ਵਿਅਕਤੀ ਸਮੇਂ ਸਿਰ ਇਲਾਜ ਨਾਲ ਲੰਬੀ 'ਤੇ ਸਿਹਤਮੰਦ ਜ਼ਿੰਦਗੀ ਜੀ ਸਕਦਾ ਹੈ
ਐਚ.ਆਈ.ਵੀ. ਏਡਜ਼ ਸਬੰਧੀ ਜਾਣਕਾਰੀ ਹੀ ਬਚਾਓ ਹੈ – ਡਾ. ਵਨੀਤਾ ਭੁੱਲਰ
– ਏਡਜ਼ ਪੀੜਤ ਵਿਅਕਤੀ ਸਮੇਂ ਸਿਰ ਇਲਾਜ ਨਾਲ ਲੰਬੀ ‘ਤੇ ਸਿਹਤਮੰਦ ਜ਼ਿੰਦਗੀ ਜੀ ਸਕਦਾ ਹੈ
ਫਿਰੋਜ਼ਪੁਰ 28 ਫਰਵਰੀ 2023:
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਐਚ.ਆਈ.ਵੀ. ਏਡਜ਼ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਸਿਵਲ ਸਰਜਨ ਡਾ. ਰਾਜਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਐਚ.ਆਈ.ਵੀ ਏਡਜ਼ ਜਨ ਜਗਰੂਕਤਾ ਮੁਹਿੰਮ ਤਹਿਤ ਆਈ.ਈ.ਸੀ. ਵੈਨ ਚਲਾਈ ਗਈ ਜਿਸ ਨੂੰ ਅੱਜ ਸਿਵਲ ਹਸਪਤਾਲ ਫ਼ਿਰੋਜ਼ਪੁਰ ਤੋਂ ਐਸ.ਐਮ.ਓ. ਡਾ. ਵਨੀਤਾ ਭੁੱਲਰ ਵੱਲੋਂ ਹਰੀ ਝੰਡੀ ਦਿਖਾਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਡਾ. ਵਨੀਤਾ ਨੇ ਦੱਸਿਆ ਕਿ ਏਡਜ਼ ਜਾਗਰੂਕਤਾ ਵੈਨ 15 ਦਿਨ ਫਿਰੋਜ਼ਪੁਰ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਲੋਕਾਂ ਨੂੰ ਏਡਜ਼ ਅਤੇ ਨਸ਼ਿਆਂ ਦੇ ਸਿਹਤ ਤੇ ਪੈਂਦੇ ਮਾੜੇ ਪ੍ਰਭਾਵ ਸੰਬੰਧੀ ਜਾਗਰੂਕ ਕਰੇਗੀ ਇਸ ਦੋਰਾਨ ਵੈਨ ਨਾਲ ਆਈ.ਸੀ.ਟੀ.ਸੀ ਕਾਊਂਸਲਰ ਜੋ ਐਚ.ਆਈ.ਵੀ/ ਏਡਜ਼ ਸੰਬੰਧੀ ਲੋਕਾਂ ਦੀ ਕਾਊਸਲਿੰਗ ਵੀ ਕਰਨਗੇ। ਉਨ੍ਹਾਂ ਕਿਹਾ ਕਿ ਵੈਨ ਵਿੱਚ ਐਚ.ਆਈ.ਵੀ ਏਡਜ਼ ਪ੍ਰਤੀ ਜਾਗਰੂਕਤਾ ਸਬੰਧੀ ਪੋਸਟਰ ਅਤੇ ਆਡਿਓ-ਵੀਡੀਓ ਪ੍ਰਚਾਰ ਲਈ ਐਲ.ਈ.ਡੀ. ਲਗਾਈ ਗਈ ਹੈ।
ਉਨ੍ਹਾਂ ਕਿਹਾ ਕਿ ਘੱਟ ਜਾਣਕਾਰੀ ‘ਤੇ ਡਰ ਕਾਰਨ ਲੋਕ ਆਪਣਾ ਐਚ.ਆਈ.ਵੀ. ਦਾ ਟੈਸਟ ਕਰਵਾਉਣ ਤੋਂ ਘਬਰਾਉਦੇ ਹਨ, ਜੇਕਰ ਐਚ.ਆਈ.ਵੀ. ਤੋਂ ਪ੍ਰਭਾਵਿਤ ਵਿਅਕਤੀ ਸਮੇਂ ਸਿਰ ਏ.ਆਰ.ਟੀ. (ਐਂਟੀ ਰਿਟਰੋਵਾਇਰਲ ਥਰੈਪੀ) ਤਹਿਤ ਦਵਾਈਆਂ ਸ਼ੁਰੂ ਕਰ ਦੇਵੇ ਤਾਂ ਇੱਕ ਲੰਬੀ ‘ਤੇ ਸਿਹਤਮੰਦ ਜ਼ਿੰਦਗੀ ਜੀ ਸਕਦਾ ਹੈ। ਉਨ੍ਹਾਂ ਕਿਹਾ ਕਿ ਏਡਜ਼ ਦੀ ਬਿਮਾਰੀ ਦੇ ਫੈਲਣ ਦੇ ਕਾਰਨਾਂ ਵਿੱਚ ਅਸੁੱਰਖਿਅਤ ਯੌਨ ਸਬੰਧ, ਦੂਸ਼ਿਤ ਸੂਈਆਂ ਤੇ ਸਰਿਜਾਂ ਦੀ ਵਰਤੋਂ, ਐਚ.ਆਈ.ਵੀ ਗ੍ਰਸਿਤ ਖੂਨ ਚੜਾਉਣਾ ਆਦਿ ਸ਼ਾਮਲ ਹਨ। ਐਚ.ਆਈ.ਵੀ. ਗ੍ਰਸਤ ਗਰਭਵਤੀ ਮਾਂ ਤੋਂ ਹੋਣ ਵਾਲੇ ਬੱਚੇ ਨੂੰ ਵੀ ਹੋ ਸਕਦੀ ਹੈ। ਇਸ ਬਿਮਾਰੀ ਤੋਂ ਬਚਣ ਲਈ ਡਿਸਪੋਜ਼ੇਬਲ ਸੂਈਆਂ ਤੇ ਸਰਿੰਜਾਂ ਦੀ ਵਰਤੋਂ, ਸੁਰੱਖਿਤ ਯੌਨ ਸਬੰਧ ਅਤੇ ਮਨਜੂਰਸ਼ੁਦਾ ਬਲੱਡ ਬੈਂਕਾਂ ਤੋਂ ਲੈ ਕੇ ਹੀ ਖੂਨ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸੇ ਲਈ ਬਿਮਾਰੀ ਨੂੰ ਸਮਾਜ ਵਿੱਚੋਂ ਜੜ੍ਹੋਂ ਖਤਮ ਕਰਨ ਲਈ ਜਾਗਰੂਕਤਾ ਦੀ ਲੋੜ ਹੈ ਕਿਉਂਕਿ ਜਾਗਰੂਕਤਾ ਹੀ ਇਕ ਇਹੋ ਜਿਹਾ ਰਸਤਾ ਹੈ ਜਿਸ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
ਇਸ ਮੌਕੇ ਚਮੜੀ ਰੋਗ ਦੇ ਮਾਹਿਰ ਡਾ.ਨਵੀਨ ਸੇਠੀ, ਦੰਦਾਂ ਦੇ ਮਾਹਿਰ ਡਾ.ਪੰਕਜ, ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਸਤਿੰਦਰ, ਡਾ. ਸੌਰਵ, ਆਈ.ਸੀ.ਟੀ.ਸੀ. ਕਾਉਂਸਲਰ ਸ਼ੈਲੀ, ਕਾਉਂਸਲਰ ਮੋਨਿਕਾ, ਐਮ.ਐਲ.ਟੀ.ਅਮਨਦੀਪ ਕੌਰ, ਭਾਰਤੀ, ਕਵਿਤਾ ਅਤੇ ਹੋਰ ਹਾਜ਼ਰ ਸਨ।