ਉਪ-ਮੰਡਲ ਗੁਰੂਹਰਸਹਾਏ ਦੇ ਦਫ਼ਤਰੀ ਕਾਮਿਆਂ ਵਲੋਂ ਕਲਮ ਛੋੜ ਹੜ੍ਹਤਾਲ ਦੌਰਾਨ ਜਨਤਕ ਸੇਵਾਵਾਂ ਰਹੀਆਂ ਠੱਪ
ਗੁਰੂਹਰਸਹਾਏ, 2 ਮਈ (ਪਰਮਪਾਲ ਗੁਲਾਟੀ)- ਪੰਜਾਬ ਰਾਜ ਜਿਲ੍ਹਾ (ਡੀ.ਸੀ.) ਦਫ਼ਤਰ ਕਰਮਚਾਰੀ ਯੂਨੀਅਨ ਦੀ ਸੂਬਾ ਬਾਡੀ ਵਲੋਂ ਲਏ ਗਏ ਫੈਸਲੇ ਅਨੁਸਾਰ ਤਿੰਨ ਰੋਜਾ ਹੜ੍ਹਤਾਲ ਦੇ ਦੂਜੇ ਦਿਨ ਵੀ ਸਦਰ ਦਫ਼ਤਰਾਂ, ਉਪ-ਮੰਡਲ ਮੈਜਿਸਟ੍ਰੇਟ ਦਫ਼ਤਰਾਂ, ਤਹਿਸੀਲਾਂ ਅਤੇ ਉਪ ਤਹਿਸੀਲਾਂ ਵਿਚ ਕੰਮ ਕਰਦੇ ਦਫ਼ਤਰੀ ਕਾਮਿਆਂ ਨੇ ਕਲਮ ਛੋੜ ਹੜ੍ਹਤਾਲ ਕਰਕੇ ਮੁਕੰਮਲ ਕੰਮ ਬੰਦ ਰੱਖਿਆ ਗਿਆ ਅਤੇ ਇਕੱਠੇ ਹੋ ਕੇ ਰੋਸ ਮੁਜਾਹਰਾ ਕੀਤਾ ਗਿਆ। ਇਸ ਹੜ੍ਹਤਾਲ ਕਾਰਨ ਅੱਜ ਰਜਿਸਟ੍ਰੇਸ਼ਨ, ਹਰ ਤਰ੍ਹਾਂ ਦੇ ਸਰਟੀਫਿਕੇਟ ਬਣਾਉਣ ਆਦਿ ਅਤੇ ਮੁਕੰਮਲ ਕੰਮ-ਕਾਜ ਨਾ ਹੋਣ ਕਰਕੇ ਆਮ ਜਨਤਾ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਪਬਲਿਕ ਨੂੰ ਬਿਨ੍ਹਾ ਕੰਮ ਕਰਵਾਏ ਹੀ ਵਾਪਸ ਮੁੜਨਾ ਪਿਆ। ਇਸ ਮੌਕੇ ਸਤਪਾਲ ਕੰਬੋਜ ਪ੍ਰਧਾਨ ਉਪ-ਮੰਡਲ ਦਫ਼ਤਰ ਗੁਰੂਹਰਸਹਾਏ ਨੇ ਜੋਗਿੰਦਰ ਕੁਮਾਰ ਜੀਰਾ ਨਾਲ ਵੱਖ-ਵੱਖ ਢੰਗਾਂ ਨਾਲ ਕੀਤੇ ਜਾ ਰਹੇ ਤੰਗ ਪ੍ਰੇਸ਼ਾਨ ਅਤੇ ਧੱਕੇਸ਼ਾਹੀ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਦੱਸਿਆ ਕਿ ਅੱਜ 3 ਮਈ ਨੂੰ ਪੰਜਾਬ ਰਾਜ ਦੇ ਡੀ.ਸੀ. ਦਫ਼ਤਰਾਂ, ਉਪ ਮੰਡਲ ਮੈਜਿਸਟ੍ਰੇਟ ਦਫ਼ਤਰਾਂ, ਤਹਿਸੀਲਾਂ ਅਤੇ ਉਪ ਤਹਿਸੀਲਾਂ ਦੇ ਸਮੂਹ ਕਰਮਚਾਰੀਆਂ ਵਲੋਂ ਸਮੂਹਿਕ ਛੁੱਟੀ ਲੈ ਕੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜਪੁਰ ਦੇ ਸਾਹਮਣੇ ਪੰਜਾਬ ਪੱਧਰੀ ਰੋਸ ਧਰਨਾ ਕੀਤਾ ਜਾਵੇਗਾ। ਇਸ ਵਿਚ ਸਮੁੱਚੇ ਪੰਜਾਬ ਤੋਂ ਹਜ਼ਾਰਾਂ ਦੀ ਤਦਾਦ ਵਿਚ ਮੁਲਾਜਮ ਅਤੇ ਭਰਾਤਰੀ ਜਥੇਬੰਦੀਆਂ ਸ਼ਮੂਲੀਅਤ ਕਰਨਗੀਆਂ। ਇਸ ਦੌਰਾਨ ਚੰਨ ਸਿੰਘ ਜਨਰਲ ਸਕੱਤਰ, ਗਗਨਦੀਪ ਕੈਸ਼ੀਅਰ, ਅਸ਼ੋਕ ਕੁਮਾਰ ਬਜਾਜ, ਪਰਮਜੀਤ ਸਿੰੰਘ, ਸੰਦੀਪ ਸਿੰਘ, ਸੁਰਿੰਦਰ ਕੌਰ, ਵਿਪਨ ਕੁਮਾਰ, ਸੁਰਿੰਦਰ ਕੁਮਾਰ, ਜਗਸੀਰ ਸਿੰਘ ਆਦਿ ਵੀ ਹਾਜਰ ਸਨ।