Ferozepur News
ਈ-ਪੋਸ ਮਸ਼ੀਨਾਂ ਰਾਹੀ ਜ਼ਿਲ੍ਹੇ ਵਿਚ ਹੁਣ ਤੱਕ 12,538 ਕੁਅੰਟਲ ਕਣਕ ਦੀ ਕੀਤੀ ਜਾ ਚੁੱਕੀ ਹੈ ਵੰਡ- ਡਿਪਟੀ ਕਮਿਸ਼ਨਰ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਈ-ਪੌਸ ਮਸ਼ੀਨਾਂ ਰਾਹੀਂ ਕਣਕ ਦੀ ਵੰਡ ਪ੍ਰਕਿਰਿਆ 100 ਫੀਸਦੀ ਪਾਰਦਰਸ਼ੀ ਹੋਈ
ਫਿਰੋਜ਼ਪੁਰ 30 ਜੁਲਾਈ ( Manish Bawa) – ਸਮਾਰਟ ਰਾਸ਼ਨ ਕਾਰਡ ਯੋਜਨਾ ਦੇ ਲਾਭਪਾਤਰੀਆਂ ਨੂੰ ਅਨਾਜ ਵੰਡਣ ਦੀ ਪ੍ਰਕਿਰਿਆ 100 ਫਿੱਸਦੀ ਪਾਰਦਰਸ਼ੀ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਈ-ਪੌਸ ਮਸ਼ੀਨ ਪ੍ਰਣਾਲੀ ਅਧੀਨ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਕਣਕ ਦੀ ਵੰਡ ਕੀਤੀ ਜਾ ਰਹੀ ਹੈ। ਇਸ ਪ੍ਰਕ੍ਰਿਆ ਨਾਲ ਹੁਣ ਤੱਕ ਜ਼ਿਲ੍ਹੇ ਵਿਚ 12,538 ਕੁਅੰਟਲ ਕਣਕ ਲਾਭਪਾਤਰੀਆਂ ਨੂੰ ਵੰਡੀ ਜਾ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ: ਬਲਵਿੰਦਰ ਸਿੰਘ ਧਾਲੀਵਾਲ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਭਪਾਤਰੀ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 5 ਕਿੱਲੋ ਪ੍ਰਤੀ ਜੀਅ/ਪ੍ਰਤੀ ਮਹੀਨਾ ਕਣਕ 2 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਰਾਸ਼ਨ ਡਿਪੂਆਂ ਰਾਹੀਂ ਵੰਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਈ-ਪੌਸ ਮਸ਼ੀਨਾਂ ਰਾਹੀਂ ਕਣਕ ਵੰਡਣ ਨਾਲ ਬਹੁਤ ਪਾਰਦਰਸ਼ਤਾ ਵਧੀ ਹੈ ਕਿਉਂਕਿ ਇਸ ਮਸ਼ੀਨ 'ਤੇ ਲਾਭਪਾਤਰੀ ਦੇ ਉਂਗਲਾਂ ਦੇ ਨਿਸ਼ਾਨ ਅਤੇ ਅੱਖਾਂ ਦੀਆਂ ਪੁਤਲੀਆਂ 'ਤੇ ਆਧਾਰਿਤ ਬਾਇਓਮੀਟਰਕ ਪਛਾਣ ਨਾਲ ਅਸਲ ਲਾਭਪਾਤਰੀ ਦੀ ਸ਼ਨਾਖ਼ਤ ਆਸਾਨੀ ਨਾਲ ਹੋ ਜਾਂਦੀ ਹੈ। ਇਸੇ ਅਨੁਸਾਰ ਲਾਭਪਾਤਰੀ ਪਰਿਵਾਰ ਨੂੰ ਬਣਦਾ ਰਾਸ਼ਨ ਮੌਕੇ 'ਤੇ ਹੀ ਰਸੀਦ ਸਮੇਤ ਮੁਹੱਈਆ ਕਰਵਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਦੀ ਇਹ ਵੀ ਖ਼ਾਸੀਅਤ ਹੈ ਕਿ ਇਸ ਰਾਹੀਂ ਲਾਭਪਾਤਰੀ ਖ਼ੁਦ ਜਾਂ ਉਸ ਦੇ ਪਰਿਵਾਰਕ ਮੈਂਬਰ ਹੀ ਲਾਭ ਲੈ ਸਕਦੇ ਹਨ। ਇਸ ਤਰ੍ਹਾਂ ਕੋਈ ਹੋਰ ਵਿਅਕਤੀ ਅਸਲ ਲਾਭਪਾਤਰੀ ਦੇ ਹਿੱਸੇ ਦਾ ਅਨਾਜ ਨਹੀਂ ਲੈ ਸਕਦਾ।
ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸ਼੍ਰੀ ਮੰਗਲ ਦਾਸ ਨੇ ਕਿਹਾ ਕਿ ਇਸ ਪ੍ਰਕਿਰਿਆ ਨਾਲ ਲੋੜਵੰਦ ਪਰਿਵਾਰਾਂ ਤੱਕ ਸਸਤੇ ਅਨਾਜ ਦੀ ਯੋਜਨਾ ਦਾ ਲਾਭ ਪਹੁੰਚ ਸਕੇਗਾ ਅਤੇ ਕੋਈ ਵੀ ਦੂਜਾ ਵਿਅਕਤੀ ਇਸ ਦਾ ਦੁਰਉਪਯੋਗ ਨਹੀਂ ਕਰ ਸਕੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਹਰ ਲੋੜਵੰਦ ਨੂੰ ਸਰਕਾਰੀ ਸਹੂਲਤ ਦਾ ਲਾਭ ਦੇਣਾ ਹੈ।