ਇਨਕਲੁਸਿਵ ਐਜੂਕੇਸ਼ਨ ਰਿਸੋਰਸ ਟੀਚਰਜ਼ (ਆਈ.ਈ.ਆਰ.ਟੀ.) ਦੀ 12 ਰੋਜ਼ਾ ਟ੍ਰੇਨਿੰਗ ਸਫਲਤਾ ਨਾਲ ਸਮਾਪਤ
ਬੱਚਿਆਂ ਨੂੰ ਬਿਹਤਰ ਢੰਗ ਨਾਲ ਸਿੱਖਿਆ ਦੇਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਵਾਸਤੇ ਵੱਖ-ਵੱਖ ਵਿਸ਼ਾ ਮਾਹਿਰਾਂ ਕੀਤੇ ਗਏ ਨਿਯੁਕਤ
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਖੇਡ ਗਤੀਵਿਧੀਆਂ ਬਾਰੇ ਦਿੱਤੀ
ਗਈ ਜਾਣਕਾਰੀ
ਫ਼ਿਰੋਜ਼ਪੁਰ 03 ਜੁਲਾਈ 2017 ( ) ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਇਨਕਲੁਸਿਵ ਐਜੂਕੇਸ਼ਨ ਰਿਸੋਰਸ ਟੀਚਰਜ਼ (ਆਈ.ਈ.ਆਰ.ਟੀ.) ਦੀ 12 ਰੋਜ਼ਾ ਟ੍ਰੇਨਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਿਰੋਜਪੁਰ ਵਿਖੇ ਸਫ਼ਲਤਾ ਨਾਲ ਸਮਾਪਤ ਹੋਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ.ਸੁਖਵਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫਿਰੋਜਪੁਰ ਨੇ ਸ਼ਿਰਕਤ ਕੀਤੀ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਫਿਰੋਜਪੁਰ, ਮੋਗਾ ਅਤੇ ਫ਼ਾਜ਼ਿਲਕਾ ਚੋਂ 53 ਵਿਸ਼ੇਸ਼ ਟੀਚਰਜ਼ ਨੇ ਇਸ ਟ੍ਰੇਨਿੰਗ 'ਚ ਭਾਗ ਲਿਆ ਹੈ, ਜਿਸ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਬਿਹਤਰ ਢੰਗ ਨਾਲ ਸਿੱਖਿਆ ਦੇਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਵਾਸਤੇ ਸਿਖਲਾਈ ਵੱਖ-ਵੱਖ ਵਿਸ਼ਾ ਮਾਹਿਰਾਂ ਪ੍ਰਦੀਪ ਕੁਮਾਰ (ਦੇਹਰਾਦੂਨ), ਵਿਨੋਦ ਕਾਲੜਾ, ਪੂਨਮਬਾਲਾ, ਰਤੂਲ ਦੇਵ, ਸਤੀਸ਼ ਵਰਮਾ (ਜੀ.ਜੀ.ਐਸ. ਮੈਡੀਕਲ ਕਾਲਜ ਫ਼ਰੀਦਕੋਟ) ਅਤੇ ਅੰਜਲੀ ਸ਼ਰਮਾ (ਦਿੱਲੀ) ਵੱਲੋਂ ਦਿੱਤੀ ਗਈ। ਟਰੇਨਿੰਗ ਦੌਰਾਨ ਮਾਹਿਰਾਂ ਨੇ ਰਿਸੋਰਸ ਟੀਚਰਜ਼ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਖੇਡ ਗਤੀਵਿਧੀਆਂ ਰਾਹੀਂ ਸਰੀਰਕ ਅਤੇ ਮਾਨਸਿਕ ਵਿਕਾਸ ਕਰਨ ਦੀਆਂ ਵਿਸ਼ੇਸ਼ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਇਹ ਕੰਮ ਬਹੁਤ ਹੀ ਚੁਣੌਤੀਆਂ ਭਰਿਆ ਹੈ ਕਿਉਂਕਿ ਇੱਕ ਆਮ ਬੱਚੇ ਨੂੰ ਪੜ੍ਹਾਉਣ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਣ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ, ਫਿਰ ਵੀ ਇਨਕਲੁਸਿਵ ਐਜੂਕੇਸ਼ਨ ਰਿਸੋਰਸ ਟੀਚਰਜ਼ ਪੂਰੀ ਲਗਨ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਹਨ।
ਇਸ ਟ੍ਰੇਨਿੰਗ 'ਚ ਸ਼ਾਮਲ ਫਿਰੋਜਪੁਰ ਦੇ ਵਿਸ਼ੇਸ਼ ਅਧਿਆਪਕਾਂ ਦੇ ਸਹਿਯੋਗ ਸਦਕਾ ਇਹ ਟ੍ਰੇਨਿੰਗ 16 ਜੂਨ 2017 ਤੋ 30 ਜੂਨ 2017 ਤੱਕ ਸਫ਼ਲਤਾ ਨਾਲ ਸਮਾਪਤ ਹੋਈ। ਇਸ ਮੌਕੇ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ(ਐ.ਸਿ), ਫਿਰੋਜਪੁਰ ਵੱਲੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ੍ਰ. ਸਰਬਜੀਤ ਸਿੰਘ ਅਸਿਸਟੈਂਟ ਪ੍ਰਾਜੈਕਟ ਕੁਆਰਡੀਨੇਟਰ (ਜਨ), ਸ੍ਰ. ਭੁਪਿੰਦਰ ਸਿੰਘ ਆਈ.ਈ.ਡੀ. ਕੁਆਰਡੀਨੇਟਰ, ਸ੍ਰੀ. ਕ੍ਰਿਸ਼ਨ ਮੋਹਨ ਡੀ.ਐਸ.ਐਫ ਤੋਂ ਇਲਾਵਾ ਸਮੂਹ ਸਰਵ ਸਿੱਖਿਆ ਅਭਿਆਨ ਦਾ ਸਟਾਫ ਵੀ ਹਾਜ਼ਰ ਸੀ।