ਆਟੇ ਵਾਲੀ ਚੱਕੀ ਦੀ ਦੁਕਾਨ ਦੇ ਤਾਲੇ ਤੋੜ ਕੇ 11 ਗੱਟੇ ਕਣਕ ਅਤੇ ਦੋ ਗੱਟੇ ਆਟਾ ਚੋਰੀ
ਫਿਰੋਜ਼ਪੁਰ 3 ਮਾਰਚ (ਏ. ਸੀ. ਚਾਵਲਾ): ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਦੇ ਵਾਰਡ ਨੰਬਰ 7 ਵਿਚ ਆਟੇ ਵਾਲੀ ਚੱਕੀ ਦੀ ਦੁਕਾਨ ਵਿਚੋਂ ਅਣਪਛਾਤੇ ਚੋਰ 11 ਗੱਟੇ ਕਣਕ ਵਜ਼ਨ 5 ਕੁਇੰਟਲ ਅਤੇ ਦੋ ਗੱਟੇ ਆਟਾ ਵਜ਼ਨ 65 ਕਿਲੋ ਚੋਰੀ ਕਰਕੇ ਲੈ ਕੇ ਜਾਣ ਦੇ ਦੋਸ਼ ਵਿਚ ਥਾਣਾ ਘੱਲਖੁਰਦ ਦੀ ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ 457, 380 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਲ ਕ੍ਰਿਸ਼ਨ ਪੁੱਤਰ ਸ਼ਿਨ ਦਾਸ ਅਰੋੜਾ ਵਾਸੀ ਵਾਰਡ ਨੰਬਰ 7 ਤਲਵੰਡੀ ਭਾਈ ਨੇ ਦੱਸਿਆ ਕਿ ਉਸ ਦੀ ਆਟਾ ਦੀ ਚੱਕੀ ਹੈ। ਉਸ ਨੇ ਦੱਸਿਆ ਕਿ 25-26 ਫਰਵਰੀ 2015 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀ ਆਟੇ ਵਾਲੀ ਚੱਕੀ ਦੀ ਦੁਕਾਨ ਦੇ ਤਾਲੇ ਤੋੜ ਕੇ ਦੁਕਾਨ ਵਿਚੋਂ 11 ਗੱਟੇ ਕਣਕ ਵਜ਼ਨ 5 ਕੁਇੰਟਲ ਅਤੇ ਦੋ ਗੱਟੇ ਆਟਾ ਵਜ਼ਨ ਕਰੀਬ 65 ਕਿਲੋ ਚੋਰੀ ਕਰਕੇ ਲੈ ਗਏ ਹਨ। ਬਾਲ ਕ੍ਰਿਸ਼ਨ ਨੇ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਕੀਮਤ 8 ਹਜ਼ਾਰ ਰੁਪਏ ਬਣਦੀ ਹੈ। ਬਾਲ ਕ੍ਰਿਸ਼ਨ ਨੇ ਦੱਸਿਆ ਕਿ ਉਸ ਵਲੋਂ ਥਾਣਾ ਘੱਲਖੁਰਦ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਬਾਲ ਕ੍ਰਿਸ਼ਨ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਣਪਛਾਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।