ਅਧਿਆਪਕ ਸਾਹਿਤਕ ਪਰੰਪਰਾਵਾਂ ਨੂੰ ਸੰਭਾਲਣ ਅਤੇ ਵਿਦਿਆਰਥੀਆਂ ਦੇ ਵਿਦੇਸ਼ਾਂ ਵੱਲ ਰੁਝਾਨ ਨੂੰ ਰੋਕਣ ਵਿੱਚ ਅਹਿਮ ਰੋਲ ਅਦਾ ਕਰਨ:ਪ੍ਰਿੰਸੀਪਲ ਸੁਰੇਸ਼ ਕੁਮਾਰ ਢੁੰਡਾਰਾ
ਅਧਿਆਪਕ ਸਾਹਿਤਕ ਪਰੰਪਰਾਵਾਂ ਨੂੰ ਸੰਭਾਲਣ ਅਤੇ ਵਿਦਿਆਰਥੀਆਂ ਦੇ ਵਿਦੇਸ਼ਾਂ ਵੱਲ ਰੁਝਾਨ ਨੂੰ ਰੋਕਣ ਵਿੱਚ ਅਹਿਮ ਰੋਲ ਅਦਾ ਕਰਨ:ਪ੍ਰਿੰਸੀਪਲ ਸੁਰੇਸ਼ ਕੁਮਾਰ ਢੁੰਡਾਰਾ
ਗੁਰੂਹਰਸਹਾਏ, 12-2-2025:ਪੀ.ਐਮ ਸ਼੍ਰੀ ਕੋ–ਐਜੂਕੇਸ਼ਨਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਦੇ ਪ੍ਰਿੰਸੀਪਲ ਸੁਰੇਸ਼ ਕੁਮਾਰ ਨੇ ਇੱਕ ਪ੍ਰਭਾਵਸ਼ਾਲੀ ਅਤੇ ਸੂਝਵਾਨ ਭਾਸ਼ਣ ਨਾਲ ਅਧਿਆਪਕ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਸਾਹਿਤ, ਵਿਰਾਸਤੀ ਪਰੰਪਰਾਵਾਂ ਅਤੇ ਸਮਾਜ ਪ੍ਰਤੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦੀ ਸਮਝ ਨੂੰ ਰੇਖਾਂਕਿਤ ਕਰਨ ਵਿੱਚ ਅਧਿਆਪਕਾਂ ਦੀ ਅਹਿਮ ਭੂਮਿਕਾ ‘ਤੇ ਜ਼ੋਰ ਦਿੱਤਾ। ਉਹਨਾਂ ਜ਼ੋਰਦਾਰ ਦਲੀਲਾਂ ਰਾਹੀ ਪ੍ਰੇਰਨਾਂ ਕੀਤੀ ਕਿ ਸਿੱਖਿਆ ਨੂੰ ਰੱਟਾ ਲਗਾ ਕੇ ਸਿੱਖਣ ਦੀ ਬਜਾਇ ਹੱਥੀ ਕਿਰਤ ਰਾਹੀ ਸਿਰਜਨ ਬਿਰਤੀਆਂ ਵਿੱਚ ਦਿਲਚਸਪੀ ਵਿਕਸਿਤ ਕਰਨੀ ਚਾਹੀਦੀ ਹੈ,ਅਤੇ ਵਿਦਿਆਰਥੀਆਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜਨ, ਵਿਸ਼ਲੇਸ਼ਣਾਤਮਕ ਹੁਨਰ ਵਿਕਸਿਤ ਕਰਨ ਅਤੇ ਪੰਜਾਬੀ ਸਾਹਿਤਕ ਵਿਰਾਸਤ ਦੀ ਅਮੀਰੀ ਵਿੱਚ ਮਾਣ ਮਹਿਸੂਸ ਕਰਵਾਉਣਾ ਚਾਹੀਦਾ ਹੈ।
ਉਨ੍ਹਾਂ ਵੱਖ– ਵੱਖ ਪਹਿਲੂਆਂ ਤੇ ਵਿਚਾਰ ਕਰਦਿਆਂ ਕਿਹਾ ਕਿ ਸਾਹਿਤ, ਪੁਰਾਤਨ ਗਿਆਨ ਅਤੇ ਆਧੁਨਿਕ ਖੁਸ਼ਕ ਆਸਾਂ ਵਿਚਕਾਰ ਪੁਲ ਬਣ ਸਕਦਾ ਹੈ, ਜੋ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਦੀ ਮਹੱਤਤਾ ਨੂੰ ਅੱਜ ਦੇ ਤੇਜ਼ੀ ਨਾਲ ਬਦਲਦੇ ਜ਼ਮਾਨੇ ਵਿਚ ਸਮਝਣ ਵਿੱਚ ਮਦਦ ਕਰੇਗਾ। “ਜੇਕਰ ਅਸੀਂ ਵਿਦਿਆਰਥੀਆਂ ਵਿੱਚ ਆਪਣੀ ਮਿੱਟੀ ਲਈ ਗਰਵ ਤੇ ਸਵੈ–ਪਛਾਣ ਦੀ ਭਾਵਨਾ ਨਹੀਂ ਪੈਦਾ ਕਰਦੇ, ਤਾਂ ਉਹ ਆਪਣੇ ਹੀ ਦੇਸ਼ ਨੂੰ ਅਣਉਚਿਤ ਸਮਝਣ ਲੱਗਣਗੇ ਅਤੇ ਬਿਨਾਂ ਕਿਸੇ ਹਕੀਕਤ ਨੂੰ ਸਮਝੇ ਬਾਹਰਲੇ ਦੇਸ਼ਾਂ ਦੇ ਮੌਕਿਆਂ ਦੀ ਖੋਜ ਕਰਦੇ ਰਹਿਣਗੇ, ,”
ਬਾਹਰਲੇ ਦੇਸ਼ਾਂ ਵਿਚ ਜਾਣ ਦੀ ਵਧ ਰਹੀ ਪ੍ਰਵਿਰਤੀ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ, ਪ੍ਰਿੰਸੀਪਲ ਸੁਰੇਸ਼ ਕੁਮਾਰ ਨੇ ਵਿਦੇਸ਼ ਜਾਣ ਦੀ ਫੈਸ਼ਨ ਬਣ ਚੁੱਕੀ ਸੋਚ ਦੀ ਖੂਬ ਆਲੋਚਨਾ ਕੀਤੀ, ਜਿਸ ਵਿੱਚ ਵਿਦਿਆਰਥੀ ਬਿਨਾਂ ਕਿਸੇ ਵਿਅਕਤੀਗਤ ਵਿਕਾਸ ਜਾਂ ਹੁਨਰ ਦੀ ਪ੍ਰਾਪਤੀ ਤੋ ਬਿਨ੍ਹਾਂ ਕੇਵਲ ਕੰਮਕਾਜੀ ਮਜ਼ਦੂਰ ਵਜੋਂ ਜਾਣ ਲਈ ਉਤਸੁਕ ਰਹਿੰਦੇ ਹਨ, ਵਿਦੇਸ਼ਾਂ ਵਿੱਚ ਪੀ.ਆਰ ਲੈਣ ਦੇ ਚਾਹਵਾਨ ਅੱਜ ਲੱਖਾਂ ਦੀ ਗਿਣਤੀ ਵਿੱਚ ਵੀਜ਼ਾ ਖਤਮ ਹੋਣ ਦੇ ਕਿਨਾਰੇ ਬੈਠੇ ਹਨ। ਉਹਨਾਂ ਦੀ ਵਾਪਸੀ ਮਾਪਿਆ ਅਤੇ ਪੰਜਾਬੀ ਹਿਤੈਸ਼ੀਆਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਅਜਿਹੀਆਂ ਅਸਲ ਕਹਾਣੀਆਂ ਵੀ ਸਾਂਝੀਆਂ ਕੀਤੀਆਂ, ਜਿੱਥੇ ਮਾਪਿਆਂ ਨੇ ਲੱਖਾਂ ਰੁਪਏ ਖਰਚ ਕਰਕੇ ਵਿਦਿਆਰਥੀਆਂ ਨੂੰ ਵਿਦੇਸ਼ ਭੇਜਿਆ, ਪਰ ਉਥੇ ਆਦਰ ਅਤੇ ਆਰਥਿਕ ਸਥਿਰਤਾ ਦੀ ਅਣਹੋਂਦ ਕਾਰਨ ਉਹ ਮੁਸ਼ਕਲ ਹਾਲਾਤਾਂ ਵਿੱਚ ਫਸ ਗਏ।
ਉਨ੍ਹਾਂ ਨੇ ਲੋਕਲ ਵੀਜ਼ਾ ਏਜੰਟਾਂ ਅਤੇ ਇੰਗਲਿਸ਼ ਕੋਚਿੰਗ ਸੈਂਟਰਾਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਲੋਕ ਨੌਜਵਾਨਾਂ ਨੂੰ ਇਹ ਗਲਤਫ਼ਹਿਮੀ ਦਿੰਦੇ ਹਨ ਕਿ ਭਾਰਤ ਰਹਿਣ ਯੋਗ ਦੇਸ਼ ਨਹੀਂ। “ਇਹ ਲੋਕ ਵਿਦਿਆਰਥੀਆਂ ਦੇ ਸਵੈ–ਵਿਕਾਸ ਦੀ ਥਾਂ, ਉਨ੍ਹਾਂ ਨੂੰ ਵਿਦੇਸ਼ ਦੀ ਝੂਠੀ ਚਮਕ–ਧਮਕ ਵਿੱਚ ਫਸਾਉਂਦੇ ਹਨ। ਇਹ ਉਨ੍ਹਾਂ ਦੇ ਸੁਪਨੇ ਵੇਚਦੇ ਹਨ, ਪਰ ਉਨ੍ਹਾਂ ਨੂੰ ਵਿਦੇਸ਼ ਦੀ ਹਕੀਕਤ ਲਈ ਤਿਆਰ ਨਹੀਂ ਕਰਦੇ,”
ਉਨ੍ਹਾਂ ਨੇ ਮਾਪਿਆਂ ,ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਹੁਨਰ–ਅਧਾਰਿਤ ਸਿੱਖਿਆ, ਸਵੈ–ਨਿਰਭਰਤਾ, ਅਤੇ ਭਾਰਤ ਵਿੱਚ ਉਪਲੱਬਧ ਮੌਕਿਆਂ ਬਾਰੇ ਜਾਣਕਾਰੀ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਕੇਵਲ ਵਿਦੇਸ਼ ਜਾਣ ਦਾ ਸਾਧਨ ਨਹੀਂ ਹੋਣੀ ਚਾਹੀਦੀ, ਬਲਕਿ ਇਹ ਵਿਦਿਆਰਥੀਆਂ ਨੂੰ ਆਪਣੇ ਹੀ ਦੇਸ਼ ਵਿੱਚ ਇੱਕ ਮਜ਼ਬੂਤ ਅਤੇ ਆਤਮ–ਨਿਰਭਰ ਭਵਿੱਖ ਬਣਾਉਣ ਲਈ ਤਿਆਰ ਕਰੇ। ਉਨ੍ਹਾਂ ਦੇ ਸ਼ਬਦਾਂ ਨੇ ਅਧਿਆਪਕਾਂ ਮਨਾਂ ਉੱਤੇ ਡੂੰਘਾ ਪ੍ਰਭਾਵ ਛੱਡਿਆ । ਨੋਜਵਾਨ ਅਧਿਆਪਕਾਂ ਦੇ ਇੱਕ ਵੱਡੇ ਸਮੂਹ ਵੱਲੋਂ ਅਨੁਭਵੀ ਬਲਾਕ ਰਿਸੋਰਸ ਕੋਰਡੀਨੇਟਰ ਵਿਸ਼ਾਲ ਕੁਮਾਰ ਨੇ ਸਿੱਖਿਆ ਅਧਿਕਾਰੀ ਦੇ ਵਿਚਾਰਾਂ ਦਾ ਸਵਾਗਤ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਸਾਨੂੰ ਸਿਰਫ਼ ਇੱਕ ਅਧਿਆਪਕ ਹੀ ਨਹੀਂ, ਬਲਕਿ ਸਹੀ ਦਿਸ਼ਾ ਦੇਣ ਵਾਲੇ ਮਾਰਗਦਰਸ਼ਕ ਹੋਣ ਦੀ ਭੂਮਿਕਾ ਨਿਭਾਉਣੀ ਹੋਵੇਗੀ